'ਮਿਸ਼ਨ ਫ਼ਤਿਹ': ਸਿਹਤ ਅਧਿਕਾਰੀ ਕੋਵਿਡ-19 ਵਿਰੁੱਧ ਲੋਕਾਂ ਨੂੰ ਵੱਧ ਤੋਂ ਵੱਧ ਕਰਨ ਜਾਗਰੂਕ- ਸਿਵਲ ਸਰਜਨ

Last Updated: Jul 31 2020 15:44
Reading time: 1 min, 9 secs

ਸਿਵਲ ਸਰਜਨ ਡਾ. ਕਿਸ਼ਨ ਚੰਦ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਮਹੀਨਾ ਜੂਨ 2020 ਵਿੱਚ ਕੀਤੇ ਗਏ ਕੰਮਾਂ ਦਾ ਰਿਵਿਊ ਕੀਤਾ ਗਿਆ। ਉਨ੍ਹਾਂ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕੋਵਿਡ-19 ਦੇ ਵੱਧ ਰਹੇ ਕੇਸਾਂ ਸਬੰਧੀ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।

ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੀਟਿਵ ਆਉਣ ਵਾਲੇ ਵਿਅਕਤੀ ਦਾ ਛੇਤੀ ਤੋਂ ਛੇਤੀ ਪਤਾ ਕਰਕੇ ਉਸਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੈਂਪਲਿੰਗ ਕੀਤੀ ਜਾਵੇ। ਆਪਣੇ ਬਲਾਕ ਅਧੀਨ ਆਉਂਦੇ ਪਿੰਡਾਂ ਵਿੱਚ ਟੀ.ਬੀ. ਦੇ ਮਰੀਜ਼, ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼, ਕੈਂਸਰ ਦੇ ਮਰੀਜ਼, ਦਿਲ ਦੇ ਮਰੀਜ਼ ਅਤੇ ਗਰਭਵਤੀ ਔਰਤਾਂ ਦੀ ਖਾਸ ਕਰਕੇ ਪਹਿਲ ਦੇ ਅਧਾਰ ਤੇ ਕੋਰੋਨਾ (ਕੋਵਿਡ-19) ਦੀ ਸੈਂਪਲਿੰਗ ਕੀਤੀ ਜਾਵੇ।

ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਜੈ ਕੁਮਾਰ ਨੇ ਕਿਹਾ ਕਿ ਵੱਧ ਤੋਂ ਵੱਧ ਡਿਲਵਰੀਆਂ ਸਰਕਾਰੀ ਹਸਪਤਾਲਾਂ ਵਿੱਚ ਕਰਵਾਈਆਂ ਜਾਣ ਜਿੱਥੇ ਉਨ੍ਹਾਂ ਦੇ ਸਾਰੇ ਟੈਸਟ ਮੁਫਤ ਕੀਤੇ ਜਾਂਦੇ ਹਨ। ਜ਼ਿਲ੍ਹਾ ਟੀ.ਬੀ.ਅਫਸਰ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਟੀ.ਬੀ ਦੇ ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 500 ਰੁਪਏ ਪ੍ਰਤੀ ਮਹੀਨਾ ਵੀ ਪਾਇਆ ਜਾਂਦਾ ਹੈ।

ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਅੱਗੇ ਦੱਸਿਆ ਕਿ 'ਮਿਸ਼ਨ ਫ਼ਤਿਹ' ਤਹਿਤ ਲੋਕਾਂ ਨੂੰ ਕੋਰੋਨਾ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਰੂਰੀ ਕੰਮ ਪੈਣ ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਮੂੰਹ ਤੇ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਇਆ ਜਾਵੇ। ਸੋਸ਼ਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ ਅਤੇ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ।