ਮੁਕਤਸਰ ਦੇ ਨਜ਼ਦੀਕੀ ਪਿੰਡਾਂ 'ਚ ਬਰਸਾਤੀ ਪਾਣੀ ਦੀ ਸਮੱਸਿਆ ਅਤੇ ਫਸਲਾਂ ਡੁੱਬਣ ਨੂੰ ਲੈ ਕੇ ਆਪ ਆਗੂ ਵੱਲੋਂ ਡੀਸੀ ਨਾਲ ਮੁਲਾਕਾਤ

Last Updated: Jul 31 2020 15:34
Reading time: 1 min, 23 secs

ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਨੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੂਰੀ ਸਮੱਸਿਆ ਤੋਂ ਡੀ.ਸੀ ਨੂੰ ਜਾਣੂ ਕਰਵਾਇਆ ਗਿਆ। ਮੁਲਾਕਾਤ ਦੌਰਾਨ ਆਪ ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਨੇ ਡੀ.ਸੀ ਐਮ.ਕੇ ਅਰਵਿੰਦ ਕੁਮਾਰ ਨੂੰ ਦੱਸਿਆ ਕਿ ਹਰ ਵਾਰ ਮਾਨਸੂਨ ਦੇ ਮੀਂਹ ਨਾਲ ਪਿੰਡ ਉਦੇਕਰਨ ਤੋਂ ਲੈ ਕੇ ਨਾਲ ਲਗਦੇ ਪਿੰਡਾਂ ਦੀ ਸਥਿਤੀ ਹੜ੍ਹਾਂ ਵਰਗੀ ਹੋ ਜਾਂਦੀ ਹੈ ਜਿਸ ਨਾਲ ਕਿਸਾਨਾਂ ਦੀ ਫਸਲਾਂ ਤਾਂ ਡੁੱਬਦੀ ਹੀ ਡੁੱਬਦੀ ਹੈ ਪਰ ਆਮ ਲੋਕਾਂ ਦੇ ਘਰ ਵੀ ਡੁੱਬ ਜਾਂਦੇ ਹਨ।

ਇਸ ਤੋਂ ਇਲਾਵਾ ਪਿੰਡ ਉਦੇਕਰਨ ਦੇ ਓਵਰਫਲੋ ਹੋ ਰਹੇ ਛੱਪੜ ਦਾ ਪਾਣੀ ਵੀ ਘਰਾਂ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਰਹਿਣਾ, ਖਾਣਾ-ਪੀਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਉਣ ਦੌਰਾਨ ਵੀ ਪਿੰਡ ਉਦੇਕਰਨ, ਢਾਣੀਆਂ, ਮਾਡਲ ਟਾਊਨ ਅਤੇ ਨਾਲ ਲੱਗਦੇ ਏਰੀਏ 'ਚ ਪਾਣੀ ਨੇ ਬਹੁਤ ਵੱਡੀ ਤਬਾਹੀ ਕੀਤੀ ਸੀ ਜਿਸਦਾ ਖ਼ਮਿਆਜ਼ਾ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕਿਤੇ ਹੋਰ ਜਾ ਕੇ ਚੁਕਾਉਣਾ ਪਿਆ ਹੈ। ਇਸ ਦੌਰਾਨ ਪਸ਼ੂ ਵੀ ਭੁੱਖ ਨਾਲ ਮਰ ਗਏ ਸਨ ਪਰ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਸੇ ਤਰ੍ਹਾਂ ਦੀ ਤਸਵੀਰ ਹੁਣ ਵੀ ਬਣਦੀ ਜਾ ਰਹੀ ਹੈ।

ਇਸ ਤੋਂ ਇਲਾਵਾ ਪਿੰਡ ਥਾਂਦੇਵਾਲਾ ਦੀ ਢਾਣੀਆਂ, ਚੜੇਵਾਨ ਰਾਹ ਦੀ ਢਾਣੀਆਂ 'ਚ ਰਹਿੰਦੇ ਕਿਸਾਨਾਂ ਦੀਆਂ ਫਸਲਾਂ ਵੀ ਪਾਣੀ 'ਚ ਡੁੱਬ ਚੁੱਕੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਸਮੇਂ ਰਹਿੰਦੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਉਹ ਲੋਕ ਉਜਾੜੇ ਤੋਂ ਬੱਚ ਸਕਦੇ ਹਨ। ਪੂਰੀ ਗੱਲਬਾਤ ਸੁਣਨ ਉਪਰੰਤ ਡੀ.ਸੀ ਐਮ.ਕੇ. ਅਰਵਿੰਦ ਕੁਮਾਰ ਨੇ ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਨੂੰ ਆਖਿਆ ਕਿ ਉਹ ਵੀ ਇਸ ਸਮੱਸਿਆ ਨੂੰ ਲੈ ਕੇ ਕਾਫੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇਗਾ।