ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਵਿਧਾਇਕ ਲਾਡੀ ਨੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਭਾਮ ਦਾ ਉਦਘਾਟਨ ਕੀਤਾ

Last Updated: Jul 13 2020 17:50
Reading time: 2 mins, 12 secs

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਵਿਖੇ 321.87 ਲੱਖ ਰੁਪਏ ਦੀ ਲਾਗਤ ਨਾਲ ਬਣੇ 15 ਬੈੱਡ ਦੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਨੂੰ ਲੋਕ ਅਰਪਣ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਵੀ ਹਾਜ਼ਰ ਸਨ। ਉਦਘਾਟਨ ਕਰਨ ਮੌਕੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 37 ਜੱਚਾ-ਬੱਚਾ ਹਸਪਤਾਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਹਸਪਤਾਲਾਂ ਦਾ ਨਾਮ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਾਂਭ-ਸੰਭਾਲ ਕਰਨ ਵਾਲੇ ਦਾਈ ਮਾਈ ਦੌਲਤਾਂ ਦੇ ਨਾਮ ਉੱਤੇ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖੇ ਗਏ ਹਨ।

ਉਨ੍ਹਾਂ ਦੱਸਿਆ ਕਿ 37 ਹਸਪਤਾਲਾਂ ਵਿੱਚੋਂ 26 ਹਸਪਤਾਲ ਬਣ ਕੇ ਤਿਆਰ ਹੋ ਚੁੱਕੇ ਹਨ ਜਦਕਿ 11 ਦੀ ਉਸਾਰੀ ਦਾ ਕੰਮ ਜਾਰੀ ਹੈ। ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਮਾਈ ਦੌਲਤਾਂ ਉਹ ਭਾਗਸ਼ਾਲੀ ਔਰਤ ਸਨ ਜਿਨ੍ਹਾਂ ਨੂੰ ਜਗਤ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਨਸੀਬ ਹੋਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਾਕ ਦੇਵ ਜੀ ਦੀ ਆਯੂ ਦੇ ਮੁੱਢਲੇ ਕੁਝ ਮਹੀਨਿਆਂ ਵਿੱਚ ਮਾਈ ਦੌਲਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਪਛਾਣਦਿਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਜੱਚਾ ਬੱਚਾ ਹਸਪਤਾਲਾਂ ਦਾ ਨਾਮ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਭਾਗ ਦੇ ਸਿਖ਼ਲਾਈ ਯਾਫ਼ਤਾ ਸਟਾਫ ਨਰਸਾਂ, ਏ.ਐਨ.ਐਮ. ਹੋਰ ਸਟਾਫ ਵੱਲੋਂ ਨਿਭਾਏ ਜਾ ਰਹੇ ਬਹੁਤ ਹੀ ਮਹੱਤਵਪੂਰਨ ਕਾਰਜ ਨੂੰ ਵੀ ਢੁਕਵੀਂ ਮਾਨਤਾ ਮਿਲੇਗੀ ਅਤੇ ਉਹ ਹੋਰ ਵੀ ਹੌਂਸਲੇ, ਉਤਸ਼ਾਹ ਅਤੇ ਤਨਦੇਹੀ ਨਾਲ ਕੰਮ ਕਰਨਗੇ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਵਿੱਚ ਨਵੇਂ ਹਸਪਤਾਲਾਂ ਦੀ ਇਮਾਰਤਾਂ ਉਸਾਰੀਆਂ ਗਈਆਂ ਹਨ ਉੱਥੇ ਮਾਹਿਰ ਡਾਕਟਰਾਂ ਅਤੇ ਹੋਰ ਮੈਡੀਕਲ ਅਮਲੇ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪੰਜਾਬ ਸਰਕਾਰ ਨੇ ਮਿਸਾਲੀ ਸੁਧਾਰ ਕੀਤੇ ਹਨ ਅਤੇ ਕੋਵਿਡ-19 ਦੀ ਨੂੰ ਕਾਬੂ ਕਰਨ ਵਿੱਚ ਵੀ ਸਿਹਤ ਵਿਭਾਗ ਦੇ ਯਤਨ ਸ਼ਲਾਘਾਯੋਗ ਹਨ। ਇਸ ਮੌਕੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਮ ਵਿਖੇ 15 ਬੈੱਡ ਦੇ ਇਸ ਜੱਚਾ ਬੱਚਾ ਹਸਪਤਾਲ ਬਣਨ ਨਾਲ ਪੂਰੇ ਇਲਾਕੇ ਨੂੰ ਇਸਦਾ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਵੱਲੋਂ ਇਲਾਜ ਹੋਣ ਨਾਲ ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਰਹਿਣਗੇ। ਸ. ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਸਿਵਲ ਸਰਜਨ ਡਾ. ਕ੍ਰਿਸ਼ਨ ਚੰਦ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਐੱਸ.ਐੱਮ.ਓ. ਡਾ. ਰਣਜੀਤ ਸਿੰਘ, ਸਵਾਮੀਪਾਲ ਖੋਸਲਾ, ਗੁਰਨਾਮ ਸਿੰਘ ਅਠਵਾਲ, ਯਕੀਨ ਸਿੰਘ ਔਲਖ, ਨਰਿੰਦਰ ਸਿੰਘ ਨਿੰਦੀ, ਰਾਜਦੇਵ ਸਿੰਘ ਪੀ.ਏ ਅਤੇ ਇਲਾਕੇ ਦੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।