ਬਾਹਰੀ ਸੂਬਿਆਂ ਤੋਂ ਲਿਆਕੇ ਕਰਦੇ ਸੀ ਸਪਲਾਈ, ਦੋ ਨਸ਼ਾ ਤਸਕਰ 47 ਕਿੱਲੋ ਗਾਂਜੇ ਸਣੇ ਚੜ੍ਹੇ ਪੁਲਿਸ ਅੜਿੱਕੇ

Last Updated: Jul 13 2020 17:39
Reading time: 1 min, 44 secs

ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਵੱਲੋਂ ਚੈਕਿੰਗ ਦੌਰਾਨ ਵੱਡੀ ਮਾਤਰਾ 'ਚ ਗਾਂਜੇ ਦੀ ਖੇਪ ਸਣੇ ਕਾਰ ਸਵਾਰ ਦੋ ਨਸ਼ਾ ਤਸਕਰਾਂ ਨੂੰ 47 ਕਿੱਲੋ ਗਾਂਜੇ ਨਾਲ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਦੋਨਾਂ ਵਿਅਕਤੀਆਂ ਦੇ ਖ਼ਿਲਾਫ਼ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਥਾਣਾ ਸਿਟੀ-2 ਖੰਨਾ 'ਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਗਾਂਜਾ ਬਰਾਮਦਗੀ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੀਐਸਪੀ (ਆਈ) ਮਨਮੋਹਨ ਸਰਨਾ ਤੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ 'ਚ ਸੀਆਈਏ ਸਟਾਫ਼ ਇੰਚਾਰਜ ਗੁਰਮੇਲ ਸਿੰਘ ਦੀ ਅਗਵਾਈ 'ਚ ਏਐਸਆਈ ਵਿਜੈ ਕੁਮਾਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਜੀ.ਟੀ ਰੋਡ ਸਥਿਤ ਪਿੰਡ ਅਲੌੜ ਦੇ ਪ੍ਰਿਸਟਾਈਨ ਮਾਲ ਸਾਹਮਣੇ ਲਗਾਏ ਗਏ ਨਾਕੇ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੰਡੀ ਗੋਬਿੰਦਗੜ੍ਹ ਵਾਲੀ ਸਾਈਡ ਤੋਂ ਆ ਰਹੀ ਇੱਕ ਸਵਿਫ਼ਟ ਡਿਜਾਇਰ ਕਾਰ ਨੰ. ਐਚਆਰ-77ਬੀ-7186 'ਚ ਸਵਾਰ ਦੋ ਵਿਅਕਤੀਆਂ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕਿਆ ਗਿਆ।

ਐਸਐਸਪੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਕਾਰ ਅੰਦਰ ਬਾਰੀਕੀ ਨਾਲ ਜਾਂਚ ਕੀਤੀ ਤਾਂ ਤਲਾਸ਼ੀ ਦੌਰਾਨ ਕਾਰ ਦੀ ਡਿੱਗੀ 'ਚ ਪਈ ਬੋਰੀ ਵਿੱਚੋਂ 47 ਕਿੱਲੋ ਗਾਂਜਾ ਬਰਾਮਦ ਹੋਇਆ। ਜਿਸਦੇ ਚੱਲਦੇ ਕਾਰ ਸਵਾਰ ਦੋਨਾਂ ਵਿਅਕਤੀਆਂ ਨੂੰ ਗਾਂਜੇ ਦੀ ਖੇਪ ਅਤੇ ਕਾਰ ਸਮੇਤ ਕਾਬੂ ਕਰ ਲਿਆ ਗਿਆ। ਬਾਅਦ 'ਚ ਦੋਨੋਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਾਰ ਸਵਾਰ ਵਿਅਕਤੀਆਂ ਦੀ ਪਹਿਚਾਣ ਰਿੰਕਲ ਕੁਮਾਰ ਵਾਸੀ ਜੱਸੀਆਂ ਰੋਡ, ਲੁਧਿਆਣਾ ਅਤੇ ਕ੍ਰਿਸ਼ਨਾ ਕੁਮਾਰ ਵਾਸੀ ਪਿੰਡ ਸਰਾਮਪੁਰ (ਬਿਹਾਰ) ਹਾਲ ਵਾਸੀ ਰਾਮ ਨਗਰ ਪਿੰਡ ਮੁੰਡੀਆਂ ਕਲਾਂ (ਲੁਧਿਆਣਾ) ਵਜੋਂ ਹੋਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਦੋਨੋਂ ਆਰੋਪੀਆਂ ਤੋਂ ਸ਼ੁਰੂਆਤੀ ਤੌਰ ਤੇ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਖ਼ੁਲਾਸਾ ਕੀਤਾ ਹੈ ਕਿ ਉਹ ਬਰਾਮਦ ਗਾਂਜਾ ਬਾਹਰੀ ਸੂਬਿਆਂ ਦੇ ਨਸ਼ਾ ਤਸਕਰਾਂ ਤੋਂ ਖ਼ਰੀਦ ਕੇ ਪੰਜਾਬ ਲਿਆਉਣ ਉਪਰੰਤ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕੀਤਾ ਜਾਣਾ ਸੀ। ਉਹ ਬਾਹਰੀ ਸੂਬਿਆਂ ਚੋਂ ਨਸ਼ੀਲੇ ਪਦਾਰਥ ਲਿਆ ਕੇ ਲੁਧਿਆਣਾ ਅਤੇ ਆਸਪਾਸ ਦੇ ਇਲਾਕਿਆਂ 'ਚ ਸਪਲਾਈ ਕਰਦੇ ਸੀ। ਗਿਰਫਤਾਰ ਕੀਤੇ ਦੋਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਵਿਅਕਤੀ ਤੋਂ ਗਾਂਜਾ ਖ਼ਰੀਦ ਕੇ ਲਿਆਏ ਸਨ ਅਤੇ ਅੱਗੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤਾ ਜਾਣਾ ਸੀ।