ਕੈਪਟਨ ਨੂੰ ਨਹੀਂ ਕੋਈ ਲੈਣਾ ਦੇਣਾ ਢੀਂਡਸਾ ਦੇ ਅਕਾਲੀ ਦਲ ਨਾਲ !!!

Last Updated: Jul 13 2020 17:34
Reading time: 2 mins, 2 secs

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਬਾਦਲ ਦਲੀਆਂ ਨੇ ਖੂਬ ਹਾਏ ਤੌਬਾ ਕੀਤੀ ਸੀ ਤੇ ਨਾਲ ਹੀ ਬ੍ਰਹਮਪੁਰਾ ਦੇ ਟਕਸਾਲੀ ਦਲ ਨੂੰ ਧੋਖਾ ਦੇਣ ਦੀਆਂ ਗੱਲਾਂ ਵੀ ਕੀਤੀਆਂ ਸਨ। ਜਿਸ ਤੋਂ ਬਾਅਦ ਚਰਚਾਵਾਂ ਇਹ ਚੱਲਣ ਲੱਗ ਪਈਆਂ ਸਨ ਕਿ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਨੂੰ ਬਾਦਲਾਂ ਦੇ ਖ਼ਿਲਾਫ਼ ਵੱਖਰਾ ਧੜਾ ਖੜ੍ਹਾ ਕਰਨ ਲਈ ਦਿੱਲੀ ਤੋਂ ਇਸ਼ਾਰਾ ਹੋਇਆ ਹੈ। ਜਿਸ ਤੋਂ ਬਾਅਦ ਕੋਈ ਕਹਿ ਰਿਹਾ ਸੀ ਕਿ ਕਾਂਗਰਸ ਦੀ ਇਸ ਪਿੱਛੇ ਰਣਨੀਤੀ ਹੈ ਤੇ ਕੋਈ ਕਹਿ ਰਿਹਾ ਸੀ ਕਿ ਭਾਜਪਾ ਦੀ।

ਭਾਵੇਂ ਕਿ ਤੁਰੰਤ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੇ ਕੋਈ ਟਿੱਪਣੀ ਨਹੀਂ ਸੀ ਕੀਤੀ ਪਰ ਹੁਣ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਅਕਾਲੀਆਂ ਦੇ ਕਿਸੇ ਵੀ ਧੜੇ ਨਾਲ ਕਾਂਗਰਸ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਹ ਲੋਕਤਾਂਤਰਿਕ ਕਦਰਾਂ ਕੀਮਤਾਂ ਦੇ ਹਾਮੀ ਹਨ ਤੇ ਜੇਕਰ ਕੋਈ ਨਵੀਂ ਸਿਆਸੀ ਪਾਰਟੀ ਬਣਾ ਕੇ ਆਪਣੀ ਗੱਲ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਹਾਂ ਉਹ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਕਦੇ ਵੀ ਨਹੀਂ ਦੇਣਗੇ।

ਕੈਪਟਨ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਕਈ ਟੋਟੇ ਹੋ ਚੁੱਕੇ ਹਨ ਜੋ ਲਗਾਤਾਰ ਜਾਰੀ ਵੀ ਹਨ ਜਿਸ ਕਰਕੇ ਉਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਢੀਂਡਸਾ, ਬ੍ਰਹਮਪੁਰਾ ਜਾਂ ਕਿਸੇ ਹੋਰ ਨਾਲ। ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਸੀ ਜਿਸ ਕਰਕੇ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦੀ ਕੁਰਸੀ ਤੱਕ ਵੀ ਨਹੀਂ ਸੀ ਬਚਾ ਪਾਇਆ, ਜਿਸ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਹੋਰ ਵੀ ਕਈ ਦਲ ਦੋੜ ਵਿੱਚ ਲੱਗ ਗਏ ਸਨ।

ਕਦੇ ਨਵਜੋਤ ਸਿੰਘ ਸਿੱਧੂ ਅਤੇ ਕਦੇ ਪ੍ਰਤਾਪ ਸਿੰਘ ਬਾਜਵਾ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ ਪਰ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਦਲ ਦਾ ਗਠਨ ਕਰਨ ਤੋਂ ਬਾਅਦ ਤੀਸਰੇ ਮੋਰਚੇ ਦੀਆਂ ਸੰਭਾਵਨਾ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਉਸ ਨਾਲ ਕਾਂਗਰਸ ਅਤੇ ਖ਼ਾਸ ਕਰਕੇ ਕੈਪਟਨ ਦਾ ਫਾਇਦਾ ਹੁੰਦਾ ਹੀ ਦਿਖਾਈ ਦੇ ਰਿਹਾ ਹੈ ਕਿਉਂਕਿ ਅਜਿਹੀਆਂ ਸਾਰੀਆਂ ਸੰਭਾਵਨਾਵਾਂ ਨਾਲ ਬਾਦਲ ਦਲ ਦੇ ਹੀ ਸਿਆਸੀ ਤੌਰ ਤੇ ਕਮਜ਼ੋਰ ਹੋਣ ਦੀਆਂ ਚਰਚਾਵਾਂ ਜ਼ਿਆਦਾ ਹਨ। ਬਾਕੀ 2022 ਵਿੱਚ ਕਿਸ ਪਾਰਟੀ ਅਤੇ ਕਿਸ ਆਗੂ ਦੇ ਸਿਰ ਤੇ ਪੰਜਾਬ ਦੀ ਵਾਗਡੋਰ ਸਾਂਭਣ ਦਾ ਤਾਜ ਸੱਜਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਜੇਕਰ ਵੇਖਿਆ ਜਾਵੇ ਤਾਂ ਸਾਰੇ ਹੀ ਸਿਆਸੀ ਦਲਾਂ ਵੱਲੋਂ ਆਪਣੀਆਂ ਗਤੀਵਿਧੀਆਂ ਜ਼ਰੂਰ ਤੇਜ਼ ਕਰ ਦਿੱਤੀਆਂ ਗਈਆਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।