ਸਿਆਸੀ ਲੋਕਾਂ ਦੇ ਟੁੱਕੜਬੋਚਾਂ ਲਈ ਸਬਕ ਹੈ, ਵਿਕਾਸ ਦੂਬੇ ਦਾ ਐਨਕਾਊਂਟਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 13 2020 16:53
Reading time: 2 mins, 9 secs

ਕਾਨਪੁਰ ਵਾਲੇ ਵਿਕਾਸ ਦੂਬੇ ਨਾਮ ਦਾ ਆਤੰਕ ਬੀਤੇ ਦਿਨਾਂ ਦੀ ਕਹਾਣੀ ਬਣ ਚੁੱਕਾ ਹੈ, ਉਹ ਵਿਕਾਸ ਦੂਬੇ ਜਿਸਦੇ ਨਾਮ ਦਾ ਕਦੇ ਸਿੱਕਾ ਚੱਲਿਆ ਕਰਦਾ ਸੀ ਉਸਦੇ ਇਲਾਕੇ ਵਿੱਚ। ਅੱਜ ਸਾਰੇ ਸਫ਼ੇਦਪੋਸ਼ ਸੰਤਰੀ ਤੇ ਮੰਤਰੀ ਖ਼ਾਮੋਸ਼ ਹਨ, ਜਿਹੜੇ ਕਦੇ ਉਸਦੇ ਮੋਢੇ ਤੇ ਬੰਦੂਕ ਰੱਖ ਕੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾਂ ਬਣਾ ਫ਼ੁੰਡਿਆ ਕਰਦੇ ਸਨ। ਅੱਜ ਉਹ ਸਾਰੇ, ਵਿਕਾਸ ਦਾ ਨਾਮ ਵੀ ਆਪਣੀ ਜ਼ੁਬਾਨ ਤੇ ਲਿਆਉਣੋਂ ਗੁਰੇਜ਼ ਕਰਨ ਲੱਗ ਪਏ ਹਨ, ਜਿਹੜੇ ਕਦੇ ਉਸਦੇ ਦਰਾਂ ਤੇ ਨਿੱਤ ਨਤਮਸਤਕ ਹੋਇਆ ਕਰਦੇ ਸਨ।

ਵਿਕਾਸ ਦੂਬੇ ਕੌਣ ਸੀ? ਵੇਖਦੇ ਹੀ ਵੇਖਦੇ ਉਹ ਜੁਰਮ ਦਾ ਬੇਤਾਜ ਬਾਦਸ਼ਾਹ ਕਿੰਝ ਬਣ ਗਿਆ? ਉਹ ਕਿਹੜੀਆਂ ਤਾਕਤਾਂ ਸਨ, ਜਿਨ੍ਹਾਂ ਦੇ ਦਮ ਤੇ ਜੁਰਮ ਦੀ ਦੁਨੀਆ ਵਿੱਚ ਅੰਦਰ ਤੱਕ ਧੱਸਦਾ ਚਲਾ ਗਿਆ? ਉਹ ਕਿਹੜੇ ਸਫ਼ੇਦਪੋਸ਼ ਸਨ, ਜਿਨ੍ਹਾਂ ਦੇ ਦਾਮਨ ਦਾਗਦਾਰ ਹੋ ਜਾਂਦੇ ਜੇਕਰ, ਵਿਕਾਸ ਦੂਬੇ ਐਨਕਾਊਂਟਰ ਵਿੱਚ ਮਾਰਿਆ ਨਾ ਜਾਂਦਾ ਤਾਂ? ਪੰਜ ਦਰਜਨ ਸੰਗੀਨ ਇਲਜ਼ਾਮਾਂ ਦੇ ਪਰਚੇ ਦਰਜ ਹੋਣ ਦੇ ਬਾਅਦ ਵੀ ਆਖ਼ਰ, ਦੂਬੇ ਕਿੰਝ ਅਜ਼ਾਦ ਵਿਚਰਦਾ ਰਿਹਾ?

ਦੋਸਤੋ, ਸਵਾਲ ਇੱਥੇ ਹੀ ਨਹੀਂ ਮੁੱਕ ਜਾਂਦੇ, ਪੁਲਿਸ ਥਾਣੇ ਦੇ ਅੰਦਰ ਵੜ ਕੇ ਇੱਕ ਸਿਆਸੀ ਲੀਡਰ ਦਾ ਕਤਲ ਕਰਨ ਵਾਲੇ ਵਿਕਾਸ ਦੇ ਖ਼ਿਲਾਫ਼ ਕਿਉਂ ਕਿਸੇ ਇੱਕ ਪੁਲਿਸ ਵਾਲੇ ਨੇ ਵੀ ਗਵਾਹੀ ਨਹੀਂ ਸੀ ਦਿੱਤੀ? ਇੰਨੇ ਸੰਗੀਨ ਪਰਚਿਆਂ ਵਿੱਚ ਨਾਮਜ਼ਦ ਹੋਣ ਦੇ ਬਾਵਜੂਦ ਵੀ ਆਖ਼ਰ ਕਿਉਂ ਦੂਬੇ ਨੂੰ ਮਿਲੇ ਹੋਏ ਲਾਇਸੈਂਸੀ ਹਥਿਆਰ ਅਤੇ ਉਨ੍ਹਾਂ ਦੇ ਲਾਇਸੈਂਸ ਜ਼ਬਤ ਕੀਤੇ ਗਏ? ਦੋਸਤੋ, ਅੱਜ ਇਹ ਸਾਰੇ ਸਵਾਲ ਦੂਬੇ ਦੇ ਐਨਕਾਊਂਟਰ ਦੇ ਬਾਅਦ ਬੇਮਾਇਨੇ ਹੋ ਗਏ ਹਨ।

ਦੋਸਤੋ, ਭਾਵੇਂ ਕਿ ਅੱਜ ਉੱਤਰ ਪ੍ਰਦੇਸ਼ ਸਰਕਾਰ ਨੇ ਵਿਕਾਸ ਦੂਬੇ ਦੇ ਐਨਕਾਊਂਟਰ ਅਤੇ ਉਸਦੇ ਖ਼ਿਲਾਫ਼ ਦਰਜ ਕੀਤੇ ਗਏ ਮਾਮਲਿਆਂ ਨੂੰ ਲੈ ਕੇ ਐੱਸ. ਆਈ. ਟੀ. ਦਾ ਗਠਨ ਕਰ ਦਿੱਤਾ ਹੈ ਪਰ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ, ਜਿਹੜੀ ਸਰਕਾਰ ਉਸਦੇ ਜਿਉਂਦੇ ਜੀਅ ਉਸਦਾ ਕੁਝ ਨਹੀਂ ਵਿਗਾੜ ਸਕੀ, ਉਹ ਭਲਾ ਉਸਦੇ ਮਰਨ ਦੇ ਬਾਅਦ ਕਿਹੜਾ ਕੱਦੂ ਵਿੱਚ ਤੀਰ ਮਾਰਨਾ ਚਾਹੁੰਦੀ ਹੈ? ਵਿਅੰਗਕਾਰਾਂ ਦਾ ਮੰਨਣਾ ਹੈ ਕਿ, ਕੁਝ ਲੋਕਾਂ ਨੂੰ ਲਕੀਰ ਕੁੱਟਣ ਵਿੱਚ ਵੀ ਬੜਾ ਸੁਆਦ ਆਉਂਦਾ ਹੈ।

ਦੋਸਤੋ, ਜੇਕਰ ਵਿਕਾਸ ਦੂਬੇ ਨੂੰ ਲੈ ਕੇ ਉੱਠਦੇ ਸਾਰੇ ਸਵਾਲਾਂ ਨੂੰ ਇੱਕ ਪਾਸੇ ਰੱਖ ਕੇ ਗੱਲ ਕੀਤੀ ਜਾਵੇ ਤਾਂ, ਉਸਦਾ ਐਨਕਾਊਂਟਰ, ਉਨ੍ਹਾਂ ਲੋਕਾਂ ਲਈ ਇੱਕ ਸਬਕ ਸਾਬਤ ਹੋ ਸਕਦਾ ਹੈ, ਜਿਹੜੇ ਲੋਕ ਜਾਨੇ ਅਨਜਾਨੇ ਵਿੱਚ ਸੰਤਰੀਆਂ ਤੇ ਮੰਤਰੀਆਂ ਦੇ ਟੁੱਕੜਬੋਚ ਬਣ ਕੇ ਉਨ੍ਹਾਂ ਲਈ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਾੜੇ ਚੰਗੇ ਕੰਮ ਕਰਨ ਵਿੱਚ ਮਸ਼ਰੂਖ਼ ਹਨ। ਸਿੱਖ ਲਓ ਵਿਕਾਸ ਦੂਬੇ ਦੇ ਹਸ਼ਰ ਤੋਂ, ਜੇਕਰ ਕੁਝ ਸਿੱਖਣਾ ਚਾਹੁੰਦੇ ਹੋ ਤਾਂ। ਇਸ ਨੂੰ ਮੁਫ਼ਤ ਦੀ ਸਲਾਹ ਮੰਨ ਕੇ ਆਪਣੇ ਲੜ ਬੰਨ੍ਹ ਲਓ ਕਿ, ਪੁਲਿਸ ਤੇ ਸਿਆਸਤਦਾਨ ਕਿਸੇ ਦੇ ਸਕੇ ਨਹੀਂ ਹੁੰਦੇ, ਇਹ ਕਿਸੇ ਨੂੰ ਓਨੀ ਦੇਰ ਤੱਕ ਹੀ ਜਾਣਦੇ ਤੇ ਪਹਿਚਾਣਦੇ ਹਨ, ਜਿੰਨੀ ਦੇਰ ਤੱਕ ਕਿ, ਕੋਈ ਇਹਨਾਂ ਦੇ ਕੰਮ ਆਉਂਦਾ ਰਹਿੰਦਾ ਹੈ, ਵਰਨਾ ਭੱਜੇ ਜਾਂਦੇ ਬੰਦੇ ਦੇ ਵੀ, ਛਾਤੀ ਵਿੱਚ ਗੋਲੀਆਂ ਕੱਢ ਦੇਣ ਦੀ ਮਹਾਰਤ ਰੱਖਦੇ ਹਨ, ਇਹ ਲੋਕ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।