ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ 'ਚ ਪ੍ਰਾਈਵੇਟ ਹਸਪਤਾਲ ਲਈ ਕੋਰੋਨਾ ਦੇ ਚਾਰਜ ਤੈਅ

Last Updated: Jul 13 2020 14:30
Reading time: 0 mins, 47 secs

ਸਿਹਤ ਵਿਭਾਗ ਪੰਜਾਬ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੂਬੇ ਅੰਦਰ ਪ੍ਰਾਈਵੇਟ ਹਸਪਤਾਲਾਂ ਲਈ ਕੋਰੋਨਾ ਇਲਾਜ ਦੇ ਖਰਚੇ ਨੂੰ ਤੈਅ ਕਰ ਦਿੱਤਾ ਗਿਆ ਹੈ। ਸਿਹਤ ਸਕੱਤਰ ਅਤੇ ਰਾਜ ਸਿਹਤ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁਮਾਰ ਰਾਹੁਲ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਿਹਤ ਬੀਮਾ ਯੋਜਨਾ ਅਧੀਨ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਲਾਭਪਾਤਰੀਆਂ ਨੂੰ ਸਕੀਮ ਅਧੀਨ ਕੋਰੋਨਾ ਵਾਇਰਸ ਦੇ ਇਲਾਜ ਲਈ ਦਾਖਲ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਚੁਣੇ ਜਾਣ ਵਾਲੇ ਪੈਕੇਜ ਵੀ ਦੱਸ ਦਿੱਤੇ ਗਏ ਹਨ।

ਇਸ ਯੋਜਨਾ ਅਧੀਨ ਤੈਅ ਕੀਤੇ ਖਰਚੇ ਵਿੱਚ ਜਨਰਲ ਵਾਰਡ ਲਈ ਪ੍ਰਤੀ ਦਿਨ 1800, ਐੱਚ.ਡੀ.ਯੂ. ਲਈ 2700, ਆਈ.ਸੀ.ਯੂ. ਲਈ 3600 ਅਤੇ ਵੈਂਟੀਲੇਟਰ ਵਾਲੇ ਆਈ.ਸੀ.ਯੂ. ਲਈ 4500 ਰੁਪਏ ਪ੍ਰਤੀ ਦਿਨ ਤੈਅ ਕੀਤੇ ਗਏ ਹਨ। ਸਿਹਤ ਸਕੱਤਰ ਅਨੁਸਾਰ ਦਿਨ-ਬ-ਦਿਨ ਵੱਧ ਰਹੇ ਮਾਮਲਿਆਂ ਦੇ ਚੱਲਦੇ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਲੜਾਈ ਵਿੱਚ ਆਪਣਾ ਯੋਗਦਾਨ ਦੇਣਾ ਪੈਣਾ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਇਹਨਾਂ ਹੁਕਮਾਂ ਅਨੁਸਾਰ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਕਾਰਡ ਧਾਰਕ ਲਾਭਪਾਤਰੀਆਂ ਨੂੰ ਬਿਨ੍ਹਾਂ ਕੋਈ ਪੈਸੇ ਲਏ ਇਲਾਜ ਦੇਣਗੇ।