ਨੌਕਰੀਆਂ ਦੇਣ ਤੋਂ ਮੂੰਹ ਫੇਰਨ ਲੱਗੀ ਸਰਕਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 13 2020 14:34
Reading time: 2 mins, 37 secs

ਪੂਰੇ ਭਾਰਤ ਦੇ ਅੰਦਰ ਇਸ ਵੇਲੇ ਏਨੀ ਕੁ ਜ਼ਿਆਦਾ ਬੇਰੁਜ਼ਗਾਰੀ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ। ਹਰ ਸੂਬੇ, ਜ਼ਿਲ੍ਹੇ, ਕਸਬੇ ਅਤੇ ਪਿੰਡ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਪਰ ਸਾਡੇ ਦੇਸ਼ ਦੇ ਹਾਕਮਾਂ ਨੂੰ ਬੇਰੁਜ਼ਗਾਰਾਂ ਦਾ ਭੋਰਾ ਵੀ ਖ਼ਿਆਲ ਨਹੀਂ ਹੈ। ਲਗਾਤਾਰ ਬੇਸ਼ੱਕ ਬੇਰੁਜ਼ਗਾਰ ਸੰਘਰਸ਼ ਕਰਕੇ, ਆਪਣੀਆਂ ਕਈ ਮੰਗਾਂ ਨੂੰ ਮੰਨਵਾ ਵੀ ਰਹੇ ਹਨ, ਪਰ ਦੂਜੇ ਪਾਸੇ ਹਾਕਮ ਧਿਰ ਇਨ੍ਹਾਂ ਬੇਰੁਜ਼ਗਾਰਾਂ 'ਤੇ ਹੀ ਤਸ਼ੱਦਦ ਢਾਹੁਣ 'ਤੇ ਲੱਗੀ ਹੋਈ ਹੈ।

ਦੱਸਣਾ ਬਣਦਾ ਹੈ ਕਿ ਪੰਜਾਬ ਦਾ ਵੀ ਏਹੀ ਹਾਲ ਹੈ। ਪੰਜਾਬ ਦੇ ਅੰਦਰ ਰੋਜ਼ਾਨਾ ਹੀ ਬੇਰੁਜ਼ਗਾਰੀ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਮੌਤ ਨੂੰ ਗਲੇ ਲਗਾ ਰਹੇ ਹਨ, ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹੱਥ 'ਤੇ ਹੱਥ ਧਰ ਕੇ ਬੈਠੇ ਹਨ। ਚੋਣਾਂ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ, ਪਰ ਚੋਣਾਂ ਤੋਂ ਤੁਰੰਤ ਬਾਅਦ ਹੀ ਕੈਪਟਨ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਏ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਕੈਪਟਨ ਨੌਕਰੀਆਂ ਤਾਂ ਨੌਜਵਾਨਾਂ ਨੂੰ ਦੇ ਰਹੇ ਹਨ, ਪਰ ਪ੍ਰਾਈਵੇਟ ਕੰਪਨੀਆਂ ਵਿੱਚ।

ਜਿਸਦੇ ਕਾਰਨ ਬੇਰੁਜ਼ਗਾਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਦੱਸ ਦਈਏ ਕਿ ਜਿਹੜੇ ਮੁਲਾਜ਼ਮ ਡਿਊਟੀ ਦੇ ਦੌਰਾਨ ਅਕਾਲ ਚਲਾਨਾਂ ਕਰ ਜਾਂਦੇ ਹਨ, ਉਨ੍ਹਾਂ ਦੇ ਅੱਗੇ ਕਿਸੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਦਾ ਫ਼ਰਜ਼ ਪੂਰਨ ਤੌਰ 'ਤੇ ਸਰਕਾਰ ਦਾ ਬਣਦਾ ਹੁੰਦਾ ਹੈ। ਸਰਕਾਰ ਤਰਸ ਦੇ ਆਧਾਰ 'ਤੇ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਨੌਕਰੀ ਦਿੰਦੀ ਹੈ ਅਤੇ ਉਹ ਵੀ ਪੂਰੀ ਤਨਖ਼ਾਹ 'ਤੇ। ਪਰ ਹੁਣ ਹੋ ਕੀ ਰਿਹਾ ਹੈ? ਬੇਸ਼ੱਕ ਮੁਲਾਜ਼ਮ ਡਿਊਟੀ ਦੌਰਾਨ ਮਰ ਰਹੇ ਹਨ, ਪਰ ਸਰਕਾਰ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਹੋਰ ਮਦਦ ਕਰਨ ਦੇ ਨਾਲ-ਨਾਲ ਨੌਕਰੀ ਵੀ ਨਹੀਂ ਦੇ ਰਹੀ।

ਤਾਜ਼ਾ ਮਾਮਲੇ ਫ਼ਿਰੋਜ਼ਪੁਰ ਦੇ ਪਿੰਡ ਚੱਕ ਸੈਦੋ ਕੇ ਤੋਂ ਇਲਾਵਾ ਕਸਬਾ ਜ਼ੀਰਾ ਅਧੀਨ ਆਉਂਦੇ ਪਿੰਡ ਵਾੜਾ ਦੇ ਸਾਹਮਣੇ ਆਏ ਹਨ। ਚੱਕ ਸੈਦੋ ਕੇ ਦੇ ਗੁਰਵੰਤ ਸਿੰਘ ਅਤੇ ਪਿੰਡ ਵਾੜਾ ਦੇ ਵਰਿਆਮ ਸਿੰਘ ਅਤੇ ਬਲਕਾਰ ਸਿੰਘ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਸੀ। ਤਿੰਨੋਂ ਮੁਲਾਜ਼ਮ ਜਲ ਸਪਲਾਈ ਕੰਟਰੈਕਟ ਵਰਕਰ ਹਨ ਅਤੇ ਇਸ ਤੋਂ ਇਲਾਵਾ ਗੁਰਵੰਤ ਸਿੰਘ ਬਤੌਰ ਪੰਪ ਆਪਰੇਟਰ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਸੀ, ਜਦਕਿ ਵਰਿਆਮ ਸਿੰਘ ਅਤੇ ਬਲਕਾਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋਈ ਸੀ।

ਕਈ ਸ਼ਿਕਾਇਤਾਂ ਅਤੇ ਬੇਨਤੀਆਂ ਵਿਭਾਗੀ ਅਧਿਕਾਰੀਆਂ ਨੂੰ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਵੱਲੋਂ ਕਰਨ ਦੇ ਬਾਵਜੂਦ ਵੀ ਹੁਣ ਤੱਕ ਕੋਈ ਨੌਕਰੀ ਜਾਂ ਫਿਰ ਹੋਰ ਸਹੂਲਤ ਉਕਤ ਪਰਿਵਾਰਾਂ ਨੂੰ ਸਰਕਾਰ ਨੇ ਨਹੀਂ ਦਿੱਤੀ। ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਮਲਕੀਤ ਚੰਦ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬਤੌਰ ਪੰਪ ਆਪਰੇਟਰ ਗੁਰਵੰਤ ਸਿੰਘ ਚੱਕ ਸੈਦੋ ਕੇ ਦੀ ਕੰਮ ਦੌਰਾਨ ਸੱਪ ਡੰਗਣ ਨਾਲ ਮੌਤ ਹੋ ਚੁੱਕੀ ਸੀ ਅਤੇ ਦੂਜੇ ਪਾਸੇ ਬਲਾਕ ਜ਼ੀਰਾ ਅਧੀਨ ਆਉਂਦੇ ਪਿੰਡ ਵਾੜਾ ਦੇ ਵਰਿਆਮ ਸਿੰਘ ਤੇ ਬਲਕਾਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ।

ਜਿਸ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਵਾਸਤੇ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ ਦੋ ਨਾਲ ਕਈ ਮੁਲਾਕਾਤਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨੇ ਕੋਈ ਵੀ ਮੰਗਾਂ ਮੰਨਣ ਦਾ ਹੱਲ ਨਹੀਂ ਕੀਤਾ, ਜਿਸਦੇ ਵਿਰੋਧ ਦੇ ਵਿੱਚ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਨ੍ਹਾਂ ਅਰਥੀ ਫ਼ੂਕ ਮੁਜ਼ਾਹਰਿਆਂ ਦੀ ਸ਼ੁਰੂਆਤ ਅੱਜ ਅਰਥੀ ਫ਼ੂਕ ਕੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ 'ਤੇ ਸਰਕਾਰ ਨੌਕਰੀ ਨਹੀਂ ਦਿੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।