ਵੀ.ਆਈ.ਪੀ. ਬਣਿਆ ਸ਼ਾਹੀ ਸ਼ਹਿਰ ਦਾ ਕੋਰੋਨਾ !!! (ਵਿਅੰਗ)

Last Updated: Jul 13 2020 14:29
Reading time: 1 min, 45 secs

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਵਿੱਚ ਫ਼ੈਲਿਆ ਕੋਰੋਨਾ ਵੀ, ਹੁਣ ਵੀ. ਆਈ. ਪੀ. ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਗ਼ਲਤ ਨਹੀਂ ਹੈ ਤਾਂ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗੀ ਵੀ ਕੋਰੋਨਾ ਸੰਕਰਮਣ ਦਾ ਸ਼ਿਕਾਰ ਹੋ ਗਏ ਹਨ। ਯੋਗੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਕਾਰਪੋਰੇਸ਼ਨ ਦੀ ਇਮਾਰਤ ਜਾਂ ਉਨ੍ਹਾਂ ਦੇ ਕੈਂਪ ਆਫ਼ਿਸ ਨੂੰ ਸੀਲ ਕੀਤਾ ਗਿਆ ਜਾਂ ਨਹੀਂ? ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕੀ ਬਣਿਆ ਇਹ ਸਭ ਅਜੇ ਸਵਾਲਾਂ ਦੇ ਘੇਰੇ ਵਿੱਚ ਹੈ। ਦੱਸਿਆ ਜਾ ਰਿਹੈ ਕਿ, ਯੋਗੀ ਦੀ ਕੰਟੈਕਟ ਲਿਸਟ ਦੇ ਮਿਲਣ ਦੇ ਬਾਅਦ ਉਨ੍ਹਾਂ ਸਾਰਿਆਂ ਨੂੰ ਵੀ ਇਕਾਂਤਵਾਸ ਵਿੱਚ ਭੇਜਿਆ ਜਾਵੇਗਾ।

ਇਸਦੇ ਨਾਲ ਹੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ, ਕੋਵਿਡ ਸੈਂਪਲਾਂ ਦੀਆਂ ਪ੍ਰਾਪਤ ਹੋਈਆਂ 761 ਰਿਪੋਰਟਾਂ ਵਿੱਚੋਂ 739 ਨੈਗੇਟਿਵ ਜਦਕਿ 22 ਪਾਜ਼ੀਟਿਵ ਪਾਈਆਂ ਗਈਆਂ ਹਨ। ਉਨ੍ਹਾਂ ਮੰਨਿਆ ਕਿ, ਉਕਤ 22 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋ ਜਾਣ ਦੇ ਬਾਅਦ ਪਟਿਆਲਾ ਵਿੱਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ, ਜਿਹੜੇ 22 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚੋਂ 9 ਸਮਾਣਾ, 10 ਪਟਿਆਲਾ ਸ਼ਹਿਰ, 1 ਨਾਭਾ, 1 ਰਾਜਪੂਰਾ ਅਤੇ 1 ਹਲਕਾ ਘਨੋਰ ਨਾਲ ਸਬੰਧਿਤ ਹੈ। ਪਟਿਆਲਾ ਦੇ ਅਰਬਨ ਅਸਟੇਟ ਤੋਂ ਇੱਕ, ਭਾਦਸੋਂ ਰੋਡ ਤੋਂ ਇੱਕ, ਅਨੰਦ ਨਗਰ ਏ ਤੋਂ ਪੰਜ, ਖ਼ਾਲਸਾ ਮੁਹੱਲਾ ਤੋਂ ਇੱਕ, ਮੇਨ ਬਜ਼ਾਰ ਤ੍ਰਿਪੜੀ ਤੋਂ ਇੱਕ, ਲਹਿਲ ਕਲੋਨੀ ਤੋਂ ਇੱਕ, ਰਾਜਪੁਰਾ ਤੋਂ ਇੱਕ, ਨਾਭਾ ਦੇ ਅਜੀਤ ਨਗਰ ਤੋਂ ਇੱਕ, ਸਮਾਣਾ ਦੇ ਜੱਟਾਂ ਪਤੀ ਤੋਂ ਸੱਤ, ਤੇਜ਼ ਕਲੋਨੀ ਤੋਂ ਦੋ ਅਤੇ ਪਿੰਡ ਘਨੋਰ ਤੋਂ ਇੱਕ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ।

ਦੋਸਤੋ, ਪਟਿਆਲਾ ਵਿੱਚ ਇਸ ਵੇਲੇ ਕੋਰੋਨਾ ਦੇ ਆਮ ਮਰੀਜ਼ਾਂ ਦੀ ਗਿਣਤੀ ਕਿੰਨੀ ਹੈ? ਕਿੰਨੇ ਠੀਕ ਹੋਏ, ਕਿੰਨੇ ਮਾਰੇ ਗਏ? ਇਹਨਾਂ ਸਵਾਲਾਂ ਨਾਲ ਸਮੇਂ ਦੀ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਈ ਫ਼ਰਕ ਪੈਂਦਾ ਹੈ ਜਾਂ ਨਹੀਂ ਉਹ ਵੱਖਰਾ ਸਵਾਲ ਹੈ ਪਰ, ਸਿਆਸੀ ਚੂੰਢੀਮਾਰਾਂ ਅਨੁਸਾਰ, ਉਨ੍ਹਾਂ ਨੂੰ ਇਹ ਗੱਲ ਜ਼ਰੂਰ ਖਟਕੇਗੀ ਕਿ, ਇਸ ਵੇਲੇ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਵੀ ਉਨ੍ਹਾਂ ਮਰੀਜ਼ਾਂ ਵਿੱਚੋਂ ਹੀ ਇੱਕ ਹਨ। ਹੁਣ ਤਾਂ ਇੰਝ ਵੀ ਆਖਿਆ ਜਾ ਸਕਦਾ ਹੈ ਕਿ, ਪਟਿਆਲਾ ਵਿੱਚ ਕੋਰੋਨਾ ਮਹਾਂਮਾਰੀ, ਵੀ. ਆਈ. ਪੀ ਸ਼੍ਰੇਣੀ ਵਿੱਚ ਦਾਖ਼ਲ ਹੋ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।