ਕੋਈ 47 ਚਲਾ ਕੇ ਵੀ ਬਚ ਗਿਆ, ਕੋਈ ਗਾਣਾ ਗਾ ਕੇ ਹੀ ਨੱਪਿਆ ਗਿਆ !!! (ਵਿਅੰਗ)

Last Updated: Jul 13 2020 13:41
Reading time: 1 min, 52 secs

ਏ. ਕੇ. ਸੰਤਾਲੀ, ਫ਼ਾਇਰਿੰਗ ਰੇਂਜ, ਸਰਕਾਰੀ ਤੰਤਰ ਦੀ ਛਤਰਛਾਇਆ ਹੇਠ ਗੋਲੀਆਂ ਚਲਾਉਣਾ, ਰੌਲਾ ਪੈਣ ਤੇ ਅੱਥਰੂ ਪੂੰਝੂ ਪਰਚੇ ਦਰਜ ਹੋਣਾ, ਬੰਬੀਹਾ ਗਾ ਕੇ ਪੁਲਿਸ ਤੇ ਕਲਮਾਂ ਵਾਲਿਆਂ ਦੇ ਮੂੰਹ ਤੇ ਚਪੇੜਾਂ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਕੌਣ ਹੈ? ਸ਼ਾਇਦ ਇੰਨੇ ਸਾਰੇ ਸੰਕੇਤ ਦੇਣ ਦੇ ਬਾਅਦ, ਇਹ ਦੱਸਣ ਦੀ ਲੋੜ ਨਹੀਂ ਰਹੀ ਕਿ, ਉਹ ਕਿਹੜਾ ਸ਼ਖ਼ਸ ਹੈ, ਜਿਹੜਾ ਇਕੱਲਾ ਹੀ ਸਾਰੇ ਸਰਕਾਰੀ ਤੇ ਪੁਲਿਸ ਤੰਤਰ ਤੇ ਭਾਰੂ ਪੈ ਗਿਆ।

ਅਲੋਚਕਾਂ ਤੇ ਵਿਅੰਗਕਾਰਾਂ ਦਾ ਮੰਨਣੈ ਕਿ, ਪੁਲਿਸ ਤੇ ਸਰਕਾਰੀ ਤੰਤਰ, ਕੋਕਾ ਕੋਲਾ ਦੀ ਝੱਗ ਵਾਂਗ ਉਨ੍ਹਾਂ ਲੋਕਾਂ ਦੇ ਮੂਹਰੇ ਹੀ ਬਹਿੰਦਾ ਹੈ, ਜਿਨ੍ਹਾਂ ਦਾ ਬੰਬੀਹਾ ਬੋਲਦਾ ਹੈ ਵਰਨਾ ਆਮ ਬੰਦੇ ਦੇ ਤਾਂ ਚੀਨੀ ਖਿਡਾਉਣੇ ਨੂੰ ਵੀ 47 ਬਨਾਉਣ ਦੀ ਮਹਾਰਤ ਰੱਖਦਾ ਹੈ। ਵਿਅੰਗਕਾਰਾਂ ਅਨੁਸਾਰ, ਤੁਹਾਡੇ ਵੀ ਸਾਰੇ ਗੁਨਾਹ ਮੁਆਫ਼ ਹੋ ਸਕਦੇ ਹਨ, ਬੱਸ ਤੁਹਾਡੇ ਬੰਬੀਹੇ ਨੂੰ ਬੋਲਣਾ ਆਉਣਾ ਚਾਹੀਦਾ ਹੈ, ਭਾਵੇਂ ਖੁੱਡ 'ਚ ਵੜ ਕੇ ਬੋਲੇ ਤੇ ਭਾਵੇਂ ਕੋਠੇ ਚੜ ਕੇ।

ਦੋਸਤੋ, ਚਲੋ ਛੱਡੋ ਅਲੋਚਕਾਂ ਤੇ ਵਿਅੰਗਕਾਰਾਂ ਦੀਆਂ ਸੂਲ਼ਾਂ ਵਰਗੀਆਂ ਤਿੱਖੀਆਂ ਤੇ ਚੁੱਭਣ ਵਾਲੀਆਂ ਗੱਲਾਂ ਨੂੰ ਆਪਾਂ ਗੱਲ ਕਰਦੇ ਹਾਂ ਪਟਿਆਲਾ ਪੁਲਿਸ ਵੱਲੋਂ ਇੱਕ ਗਾਇਕ ਗੁਰਨਾਮ ਭੁੱਲਰ ਅਤੇ ਉਨ੍ਹਾਂ 41 ਕ੍ਰਿਊ ਮੈਂਬਰਾਂ ਦੀ, ਜਿਹਨੂੰ ਪੁਲਿਸ ਨੇ ਕੋਵਿਡ-19 ਦੇ ਪ੍ਰੋਟੋਕੋਲ ਦੇ ਉਲੰਘਣ ਦਾ ਦੋਸ਼ੀ ਪਾਇਆ ਹੈ। ਦੱਸਿਆ ਜਾ ਰਿਹੈ ਕਿ, ਗੁਰਨਾਮ ਭੁੱਲਰ ਨੇ ਰਾਜਪੁਰਾ ਦੇ ਪ੍ਰਾਈਮ ਸ਼ੌਪਿੰਗ ਮਾਲ ਵਿੱਚ ਬਗੈਰ ਸਰਕਾਰੀ ਇਜਾਜ਼ਤ ਤੋਂ ਇੱਕ ਗਾਣਾ ਫ਼ਿਲਮਾਇਆ ਸੀ। ਉਕਤ ਮੁਕੱਦਮੇ ਵਿੱਚ ਪੁਲਿਸ ਨੇ ਨਾ ਕੇਵਲ, ਗੀਤਕਾਰ ਗੁਰਨਾਮ ਭੁੱਲਰ ਬਲਕਿ ਵੀਡੀਓ ਡਾਇਰੈਕਟਰ ਖ਼ੁਸ਼ਹਾਲ ਸਿੰਘ ਅਤੇ ਡਾਇਰੈਕਟਰ ਆਫ਼ ਫ਼ੋਟੋਗ੍ਰਾਫ਼ੀ ਯਾਨੀ ਕਿ, ਕੈਮਰਾਮੈਨ ਨੂੰ ਨਾਮਜ਼ਦ ਕੀਤਾ ਹੈ।

ਵਿਅੰਗਕਾਰਾਂ ਅਨੁਸਾਰ, ਗੁਰਨਾਮ ਭੁੱਲਰ ਨੇ ਕਿਹੜਾ ਗੀਤ ਫ਼ਿਲਮਾਇਆ? ਕਿੰਨਾ ਸਮਾਂ ਫ਼ਿਲਮਾਇਆ? ਉਸਦੀ ਮਾਡਲ ਕੌਣ ਸੀ? ਉਸਦੇ ਗਾਣੇ ਦਾ ਬਜਟ ਕੀ ਸੀ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਾਲ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਤਾਂ ਇਸ ਨਾਲ ਪੈਂਦਾ ਹੈ ਕਿ, ਉਸ ਨੇ ਬਿਨਾਂ ਇਜਾਜ਼ਤ ਗਾਣਾ ਫ਼ਿਲਮਾ ਕੇ ਕੋਵਿਡ-19 ਦੇ ਪ੍ਰੋਟੋਕੋਲ ਦਾ ਉਲੰਘਣ ਕੀਤਾ ਸੀ। ਫ਼ਰਕ ਇਸ ਗੱਲ ਦਾ ਵੀ ਬੜਾ ਪੈਂਦਾ ਹੈ ਕਿ, ਗੁਰਨਾਮ ਭੁੱਲਰ ਦਾ ਬੰਬੀਹਾ ਨਹੀਂ ਸੀ ਬੋਲਦਾ। ਵਿਅੰਗਕਾਰਾਂ ਅਨੁਸਾਰ, ਜੇਕਰ ਭੁੱਲਰ ਦਾ ਬੰਬੀਹਾ ਵੀ ਬੋਲਦਾ ਹੁੰਦਾ ਤਾਂ ਫ਼ਿਰ ਉਹ ਵੀ ਭਾਵੇਂ ਪਟਾਕੇ ਪੁਆ ਦਿੰਦਾ, ਕਿਸੇ ਮਾਈ ਦੇ ਲਾਲ ਨੇ ਨਹੀਂ ਸੀ ਪੁੱਛਣਾਂ, ਖ਼ਾਲੀ ਖ਼ੋਲ ਵੀ ਪੁਲਿਸ ਵਾਲਿਆਂ ਨੇ ਵੀ ਆਪੇ ਬਿਲੇ ਲਗਾ ਦੇਣੇ ਸਨ। ਇਸ ਲਈ ਕੋਈ ਵੀ ਗੈਰ ਕਨੂੰਨੀ ਕੰਮ ਕਰਨ ਤੋਂ ਪਹਿਲਾਂ, ਆਪਣੇ ਬੰਬੀਹੇ ਦੇ ਮੂੰਹ 'ਚ ਉਂਗਲ ਪਾ ਕੇ ਚੈੱਕ ਕਰ ਲਿਆ ਕਰੋ ਕਿ, ਉਹ ਬੋਲਦਾ ਵੀ ਹੈ ਜਾਂ ਨਹੀਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।