ਅਵਾਮ ਦਾ ਨੁਕਸਾਨ, ਪਰ ਹਕੂਮਤ ਦਾ ਫ਼ਾਇਦਾ ਕਰ ਗਿਆ ਕੋਰੋਨਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2020 17:13
Reading time: 2 mins, 7 secs

ਬੇਸ਼ੱਕ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਨੇ ਉਜਾੜ ਕੇ ਰੱਖ ਦਿੱਤਾ ਹੈ, ਪਰ ਇਹ ਕੋਰੋਨਾ ਹਾਕਮਾਂ ਨੂੰ ਬੜਾ ਰਾਸ ਆਇਆ ਹੈ। ਹਾਕਮ ਧਿਰ ਦੇ ਵੱਲੋਂ ਕੋਰੋਨਾ ਦੀ ਆੜ ਵਿੱਚ ਅਜਿਹਾ ਕੁਝ ਕਰ ਦਿੱਤਾ ਗਿਆ, ਜਿਸਦੀ ਸਾਨੂੰ ਕਦੇ ਵੀ ਉਮੀਦ ਹੀ ਨਹੀਂ ਸੀ। ਸਾਨੂੰ ਤਾਂ, ਇੰਝ ਲੱਗਦਾ ਸੀ ਕਿ ਕੋਰੋਨਾ ਕਹਿਰ ਵਿੱਚ ਸਰਕਾਰ ਸਾਡੀ ਮਦਦ ਕਰੇਗੀ, ਪਰ ਸਰਕਾਰ ਨੇ ਤਾਂ ਸਾਡੀ ਆਮ ਜਨਤਾ ਨੂੰ ਹੀ ਰਗੜ ਕੇ ਰੱਖ ਦਿੱਤਾ। 22/23 ਮਾਰਚ 2020 ਨੂੰ ਲੱਗੇ ਦੇਸ਼ ਭਰ ਵਿੱਚ ਲਾਕਡਾਊਨ ਅਤੇ ਕਰਫ਼ਿਊ ਨੇ ਸਾਰੇ ਕੰਮਕਾਜ ਠੱਪ ਕਰ ਦਿੱਤੇ।

ਪਰ, ਦੂਜੇ ਪਾਸੇ ਹਾਕਮਾਂ ਦੇ ਲੋਕ ਵਿਰੋਧੀ ਕੰਮਕਾਜ ਸ਼ੁਰੂ ਹੋ ਗਏ। ਕੋਰੋਨਾ ਕਹਿਰ ਨੇ ਸਾਨੂੰ ਸਭ ਨੂੰ ਇਹ ਕੁਝ ਭੁੱਲਣ ਲਈ ਮਜ਼ਬੂਰ ਕਰ ਦਿੱਤਾ ਕਿ ਸਾਨੂੰ ਨੌਕਰੀ ਵੀ ਚਾਹੀਦੀ ਹੈ, ਸਾਡੀਆਂ ਕਿਸਾਨੀ ਮੰਗਾਂ ਵੀ ਹਨ, ਮਜ਼ਦੂਰ ਕਿਰਤੀ ਤੇ ਵਿਦਿਆਰਥੀਆਂ ਦੀਆਂ ਵੀ ਮੰਗਾਂ ਹਨ। ਇਹ ਸਭ ਕੁਝ ਹਾਕਮਾਂ ਨੇ ਸਾਨੂੰ ਕੋਰੋਨਾ ਕਹਿਰ ਦੇ ਦੌਰਾਨ ਭੁੱਲਾ ਹੀ ਦਿੱਤਾ ਕਿ ਸਾਨੂੰ ਕੁਝ ਚਾਹੀਦਾ ਵੀ ਹੈ। ਬੇਸ਼ੱਕ ਰੁਜ਼ਗਾਰ ਸਾਡੀ ਜਨਤਾ ਦੇ ਹੱਥੋਂ ਖੁੱਸ ਗਿਆ, ਪਰ ਲੋਕਾਂ ਪੱਲੇ ਪਿਆ ਕੀ? ਧੱਕਿਆਂ ਤੋਂ ਇਲਾਵਾ ਭੁੱਖਮਰੀ ਅਤੇ ਮੌਤ।

ਭਾਵੇਂ ਹੀ ਬਹੁਤੇ ਲੋਕਾਂ ਦੀ ਕੋਰੋਨਾ ਦੇ ਨਾਲ ਮਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਪਰ ਜੋ ਹਾਕਮ ਦੀਆਂ ਨਾਕਾਮੀਆਂ ਦੇ ਨਾਲ ਲੋਕ ਮਰੇ, ਉਸ ਦਾ ਜ਼ਿਕਰ ਕਿਧਰੇ ਵੀ ਮੀਡੀਆ ਨਹੀਂ ਕਰ ਰਿਹਾ। ਦਰਅਸਲ, ਦੇਸ਼ ਦੀ ਸੱਤਾ 'ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਗਾਤਾਰ ਲੋਕ ਵਿਰੋਧੀ ਨੀਤੀਆਂ ਅਤੇ ਕਾਨੂੰਨ ਬਣਾ ਰਹੀ ਹੈ। ਹੁਣ ਤਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਕੋਰੋਨਾ ਮਰੀਜ਼ਾਂ ਨੂੰ ਬਚਾਉਣ ਦੀ ਬਜਾਏ, ਲੋਕ ਵਿਰੋਧੀ ਆਰਡੀਨੈਂਸ ਜਾਰੀ ਕਰ ਰਹੀ ਹੈ।

ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨਾ, "ਇੱਕ ਦੇਸ਼ ਇੱਕ ਮੰਡੀ" ਨਾਂਅ 'ਤੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਨਾ, ਬਿਜਲੀ ਸੋਧ ਬਿੱਲ ਪਾਸ ਕਰਨਾ, ਸਾਰੇ ਹੀ ਲੋਕ ਵਿਰੋਧੀ ਆਰਡੀਨੈਂਸ ਹਨ। ਇਸ ਤਰ੍ਹਾਂ ਦੀ ਔਖੀ ਘੜੀ ਵਿੱਚ, ਜਿੱਥੇ ਸਾਰੀਆਂ ਪਾਰਟੀਆਂ ਅਤੇ ਦੇਸ਼ ਦੇ ਸਾਰੇ ਵਾਸੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਹਿਯੋਗ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸਰਕਾਰਾਂ ਆਪਣੇ ਮਨਸੂਬਿਆਂ ਨੂੰ ਕਾਇਮ ਕਰਨ ਲਈ ਅੰਦਰੂਨੀ ਰਾਜਸੀ ਚਾਲਾਂ ਚੱਲ ਰਹੀਆਂ ਹਨ।

ਕੋਰੋਨਾ ਦੀ ਆੜ ਵਿੱਚ ਹਾਕਮਾਂ ਦੇ ਵੱਲੋਂ ਲੋਕ ਮਾਰੂ ਬਿੱਲ ਪਾਸ ਕਰਕੇ, ਲੋਕਾਂ ਨੂੰ ਜਿੱਥੇ ਸੰਘਰਸ਼ ਕਰਨ ਦੇ ਲਈ ਮਜ਼ਬੂਰ ਕੀਤਾ ਗਿਆ ਹੈ, ਉੱਥੇ ਹੀ ਹਾਕਮਾਂ ਦੀਆਂ ਵੀ ਪੋਲਾਂ ਖੋਲੀਆਂ ਹਨ ਕਿ ਹਾਕਮਾਂ ਕਿਸ ਤਰੀਕੇ ਦੇ ਨਾਲ ਸਾਡੀ ਲੁੱਟ ਕਰਦੇ ਹਨ, ਉਹ ਵੀ ਔਖੀ ਘੜੀ ਦੇ ਵਿੱਚ। ਮੋਦੀ ਹਕੂਮਤ ਬੇਸ਼ੱਕ 2014 ਤੋਂ ਦੇਸ਼ ਦੀ ਸੱਤਾ ਵਿੱਚ ਹੈ ਅਤੇ ਦੇਸ਼ ਦੀ ਹਰ ਸਮੱਸਿਆ ਤੋਂ ਜਾਣੂ ਹੈ, ਪਰ ਬਾਵਜੂਦ ਇਸ ਦੇ ਮੋਦੀ ਹਕੂਮਤ ਦੇ ਵੱਲੋਂ ਲੋਕ ਮੁੱਦਿਆਂ ਨੂੰ ਦਰਕਿਨਾਰ ਕਰਕੇ, ਆਪਣੇ ਫ਼ਰਮਾਨ ਲੋਕਾਂ 'ਤੇ ਥੋਪ ਕੇ, ਲੋਕ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।