ਸੂਬੇ ਦੀ ਅਵਾਮ ਦੀ ਧੌਣ ਤੇ ਗੋਡਾ ਸਾਬਤ ਹੋਵੇਗਾ ਇੰਤਕਾਲ ਫ਼ੀਸ 'ਚ ਕੀਤਾ ਵਾਧਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 09 2020 14:22
Reading time: 1 min, 48 secs

ਵੈਸੇ ਤਾਂ ਦੇਸ਼ ਵਿੱਚ ਕੋਰੋਨਾ ਦੀ ਐਂਟਰੀ ਹੋਣ ਦੇ ਬਾਅਦ ਕੇਂਦਰ ਸਰਕਾਰ ਵੀ ਪੂਰੀ ਤਰ੍ਹਾਂ ਨਾਲ ਹਿੱਲੀ ਪਈ ਹੈ ਪਰ, ਘੱਟ ਸੂਬਾ ਸਰਕਾਰਾਂ ਵੀ ਨਹੀਂ ਗੁਜ਼ਾਰ ਰਹੀਆਂ। ਆਪੋ ਆਪਣੇ ਰਾਜਾਂ ਦੀਆਂ ਆਮਦਨ ਵਧਾਉਣ ਦੇ ਚੱਕਰਾਂ 'ਚ ਉਹ ਲਗਾਤਾਰ ਜਨਤਾ ਦੀ ਢਿਵਰੀ ਟਾਈਟ ਕਰਨ ਲੱਗੀਆਂ ਹੋਈਆਂ ਹਨ, ਯਾਨੀ ਕਿ, ਰਾਜਾਂ ਦੀ ਆਮਦਨ ਵੀ ਜਨਤਾ ਦੀਆਂ ਜੇਬਾਂ ਕੁਤਰ ਕੇ ਹੀ ਵਧਾਈ ਜਾ ਰਹੀ ਹੈ। 

ਗੱਲ ਕਰੀਏ ਜੇਕਰ ਪੰਜਾਬ ਸਰਕਾਰ ਦੀ ਤਾਂ, ਲੰਘੇ ਦਿਨ ਹੀ ਜਿਸ ਤਰ੍ਹਾਂ ਨਾਲ ਕੈਪਟਨ ਸਰਕਾਰ ਨੇ ਅਚਾਨਕ ਹੀ ਇੰਤਕਾਲ ਫ਼ੀਸ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ, ਉਸ ਨੇ ਸਾਬਤ ਕਰ ਦਿੱਤਾ ਹੈ ਕਿ, ਸੂਬਾ ਸਰਕਾਰ ਪਹਿਲਾਂ ਤੋਂ ਹੀ ਗੁਰਬਤ ਦਾ ਸ਼ਿਕਾਰ ਆਪਣੀ ਅਵਾਮ ਨੂੰ ਹੋਰ ਵੀ ਗਰੀਬ ਅਤੇ ਲਾਚਾਰ ਬਣਾ ਦੇਣਾ ਚਾਹੁੰਦੀ ਹੈ। ਜਿਸ ਸਮੇਂ ਸਰਕਾਰ ਨੂੰ ਅਵਾਮ ਦੀ ਬਾਂਹ ਫੜਨੀ ਚਾਹੀਦੀ ਹੈ, ਉਸ ਸਮੇਂ ਸਰਕਾਰ ਆਪਣੇ ਘਾਟੇ ਘਟਾਉਣ ਲਈ ਜਨਤਾ ਦਾ ਲੱਕ ਤੋੜਨ ਤੇ ਤੁਲ ਚੁੱਕੀ ਹੈ। 

ਮਾਹਿਰਾਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਇੰਤਕਾਲ ਫ਼ੀਸ 300 ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਹੈ, ਉਸ ਨਾਲ ਸਰਕਾਰ ਦੀ ਆਮਦਨ ਬਿਨਾਂ ਕੁਝ ਕੀਤਿਆਂ ਹੀ ਦੁੱਗਣੀ ਹੋ ਜਾਵੇਗੀ, ਜਨਤਾ ਭਾਵੇਂ ਜਾਵੇ ਢੱਠੇ ਖੂਹ ਵਿੱਚ। ਇਹ ਗੱਲ ਵੱਖਰੀ ਹੈ ਕਿ, ਪੰਜਾਬ ਸਰਕਾਰ ਦਾ ਇਹ ਮੰਨਣਾ ਹੈ ਕਿ, ਇਸ ਨਾਲ ਸੂਬੇ ਦੀ ਮਾਲੀ ਹਾਲਤ ਵਿੱਚ ਸੁਧਾਰ ਹੋਵੇਗਾ, ਜਿਸਦਾ ਇਸਤੇਮਾਲ ਸੂਬੇ ਦੀ ਖ਼ੁਸ਼ਹਾਲੀ ਤੇ ਵਿਕਾਸ ਤੇ ਹੀ ਖ਼ਰਚਾ ਕੀਤਾ ਜਾਵੇਗਾ। 

ਮਾਲ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਰੋਜ਼ਾਨਾ ਲਗਭਗ 69 ਹਜ਼ਾਰ ਇੰਤਕਾਲ ਦਰਜ ਹੁੰਦੇ ਹਨ ਜਦਕਿ ਸਲਾਨਾ ਰਿਪੋਰਟ ਤਕਰੀਬਨ 8.25 ਲੱਖ ਤੇ ਜਾ ਪੁੱਜਦੀ ਹੈ। ਸਰਕਾਰ ਖ਼ੁਦ ਵੀ ਮੰਨਦੀ ਹੈ ਇਸ ਫ਼ੈਸਲੇ ਦੇ ਨਾਲ ਸੂਬੇ ਦੀ ਆਮਦਨ ਵਿੱਚ 10 ਕਰੋੜ ਦਾ ਵਾਧਾ ਹੋਵੇਗਾ। ਪਹਿਲਾਂ ਫ਼ੀਸ ਇੱਕ ਰੁਪਏ ਤੋਂ ਵਧਾ ਕੇ 50 ਰੁਪਏ ਕੀਤੀ ਗਈ ਤੇ ਦੂਸਰੀ ਵਾਰ 100 ਰੁਪਏ ਕੀਤੀ ਗਈ। ਰਜਿੰਦਰ ਕੌਰ ਭੱਠਲ ਦੇ ਕਾਰਜਕਾਲ ਦੌਰਾਨ ਇਹ ਫ਼ੀਸ 100 ਤੋਂ ਵਧਾ ਕੇ 150 ਰੁਪਏ ਕਰ ਦਿੱਤੀ ਗਈ। ਇਸਦੇ ਬਾਅਦ ਜਦੋਂ ਸੂਬੇ ਵਿੱਚ ਅਕਾਲੀ ਸਰਕਾਰ ਆਈ ਤਾਂ ਇਹ ਫ਼ੀਸ ਵਧਾ ਕੇ 300 ਕਰ ਦਿੱਤੀ ਗਈ ਤੇ ਹੁਣ ਕੈਪਟਨ ਸਾਹਿਬ ਨੇ ਇੱਕੋ ਛਾਲ ਵਿੱਚ ਇਹ ਫ਼ੀਸ 600 ਰੁਪਏ ਕਰ ਦਿੱਤੀ ਹੈ। ਸਰਕਾਰ ਭਾਵੇਂ ਜਿੰਨੇ ਤੇ ਜਿਹੜੇ ਮਰਜ਼ੀ ਤਰਕ ਦੇਈ ਜਾਵੇ, ਪਰ ਮੰਦਹਾਲੀ ਵਿੱਚ ਕੀਤਾ ਗਿਆ ਇਹ ਵਾਧਾ, ਸੂਬੇ ਦੀ ਅਵਾਮ ਦੀ ਧੌਣ ਤੇ ਗੋਡਾ ਹੀ ਸਾਬਤ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।