ਕੋਰੋਨਾ ਨੇ ਧਰਿਆ ਜਵਾਨੀ ਦੀ ਦਹਿਲੀਜ਼ ਤੇ ਪੈਰ !!! (ਵਿਅੰਗ)

Last Updated: Jul 09 2020 14:12
Reading time: 1 min, 52 secs

ਸਮੇਂ ਦੀਆਂ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਪੈਰ ਪਸਾਰਦੀ ਹੋਈ ਸਾਫ਼ ਨਜ਼ਰ ਆਉਣ ਲੱਗੀ ਹੈ। ਜਿਸ ਤਰ੍ਹਾਂ ਨਾਲ ਕੇਂਦਰ ਤੇ ਸੂਬਾ ਸਰਕਾਰਾਂ, ਇੱਕ ਤੋਂ ਬਾਅਦ ਇੱਕ ਪਾਬੰਦੀਆਂ ਚੁੱਕਦੀਆਂ ਜਾ ਰਹੀਆਂ ਹਨ, ਉਸ ਤੋਂ ਤਾਂ ਇਹੋ ਸੰਕੇਤ ਜਾਂਦਾ ਹੈ ਕਿ, ਉਨ੍ਹਾਂ ਨੇ ਵੀ ਅਵਾਮ ਨੂੰ ਆਪਣੇ ਹੀ ਹਾਲ ਤੇ ਛੱਡ ਦਿੱਤਾ ਹੈ। ਸ਼ਾਇਦ ਇਹ ਸੋਚ ਕੇ ਕਿ, ਜੇਕਰ ਉਹ ਜਨਤਾ ਨੂੰ ਬਚਾਉਣ ਦੇ ਚੱਕਰ ਵਿੱਚ ਲੱਗੀਆਂ ਰਹੀਆਂ ਤਾਂ ਉਹ ਖ਼ੁਦ ਖ਼ਤਮ ਹੋ ਜਾਣਗੀਆਂ, ਤਬਾਹ ਹੋ ਜਾਣਗੀਆਂ। 

ਗੱਲ ਕਰੀਏ ਦੇਸ਼ ਦੀ ਅਵਾਮ ਦੀ ਤਾਂ ਉਹ ਵੀ ਸਰਕਾਰ ਵੱਲੋਂ ਪਾਬੰਦੀਆਂ ਚੁੱਕੇ ਜਾਣ ਦੇ ਬਾਅਦ ਇੰਝ ਮਹਿਸੂਸ ਕਰ ਰਹੀ ਹੈ ਜਿਵੇਂ, ਉਹ ਕਿਸੇ ਕੈਦ 'ਚੋਂ ਛੁੱਟੇ ਹੋਣ। ਜਨਤਾ ਦਾ ਆਪੋ ਆਪਣੇ ਕੰਮਾਂ ਧੰਦਿਆਂ ਦੇ ਸਿਲਸਿਲੇ ਵਿੱਚ ਬਾਹਰ ਨਿਕਲਣਾ ਤਾਂ ਠੀਕ ਹੈ, ਪਰ ਬਹੁਤੀ ਜਨਤਾ ਬਿਨਾਂ ਕਿਸੀ ਖ਼ਾਸ ਵਜ੍ਹਾ ਦੇ ਸੜਕਾਂ ਤੇ ਟਫ਼ਰੀ ਮਾਰਦੀ ਨਜ਼ਰ ਆਉਂਦੀ ਹੈ, ਸ਼ਾਇਦ ਉਨ੍ਹਾਂ ਨੇ ਇਹ ਭਰਮ ਪਾਲ ਲਿਆ ਹੈ ਕਿ, ਕੋਰੋਨਾ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। 

ਗੱਲ ਕਰੀਏ ਜੇਕਰ ਸੂਬਾ ਪੰਜਾਬ ਦੀ ਤਾਂ, ਕੋਰੋਨਾ ਇੱਥੇ ਵੀ ਕੋਈ ਘੱਟ ਕਹਿਰ ਨਹੀਂ ਗੁਜ਼ਾਰ ਰਿਹਾ। ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਸੱਚ ਮੰਨ ਕੇ ਚੱਲੀਏ ਤਾਂ ਵੀ ਹਾਲਾਤ ਦਿਨ ਪ੍ਰਤੀ ਦਿਨ ਨਾਜ਼ੁਕ ਅਤੇ ਹੋਰ ਨਾਜ਼ੁਕ ਹੁੰਦੇ ਜਾ ਰਹੇ ਹਨ। ਲੰਘੇ ਦਿਨ ਹੀ ਮੋਹਾਲੀ ਦੇ ਸੈਕਟਰ 61 ਵਿਖੇ ਸਥਿਤ ਇੱਕ ਚੌਕੀ ਇੰਚਾਰਜ ਦੇ ਕੋਰੋਨਾ ਪਾਜ਼ੀਟਿਵ ਆਉਣ ਦੇ ਬਾਅਦ, ਪੂਰੀ ਪੁਲਿਸ ਚੌਕੀ ਨੂੰ ਸੀਲ ਕੀਤੇ ਜਾਣ ਦੀ ਖ਼ਬਰ ਆਈ ਸੀ। ਹੁਣ ਬਠਿੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਵੀ ਸੰਕਰਮਣ ਦਾ ਸ਼ਿਕਾਰ ਹੋ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪਤਾ ਲੱਗਾ ਹੈ ਕਿ, ਸੈਸ਼ਨ ਜੱਜ ਨੂੰ ਪਹਿਲਾਂ ਤੋਂ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਸੀ ਤੇ ਸਿਹਤ ਵਿਭਾਗ ਹੁਣ ਉਨ੍ਹਾਂ ਲੋਕਾਂ ਦੀ ਤਲਾਸ਼ ਵਿੱਚ ਹੈ, ਜਿਹੜੇ ਜੱਜ ਸਾਹਿਬ ਦੇ ਸੰਪਰਕ ਵਿੱਚ ਆ ਚੁੱਕੇ ਹਨ। 

ਗੱਲ ਕਰੀਏ ਜੇਕਰ ਸ਼ਾਹੀ ਸ਼ਹਿਰ ਪਟਿਆਲਾ ਦੀ ਤਾਂ, ਭਾਵੇਂ ਕਿ ਇਹ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ ਪਰ, ਬਾਵਜੂਦ ਇਸਦੇ ਇੱਥੇ ਕੋਰੋਨਾ ਸੰਕਰਮਣ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸਵੇਰੇ ਹੀ ਪਟਿਆਲਾ ਵਿੱਚ 41 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਸ ਤਰ੍ਹਾਂ ਨਾਲ ਕੋਰੋਨਾ ਨੇ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ, ਉਸ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ, ਕੋਰੋਨਾ ਨੇ ਹੁਣ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖ ਲਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।