ਬਠਿੰਡਾ ਏਮਜ਼ 'ਚ ਵੀ ਬਣੇਗਾ ਕੋਰੋਨਾ ਟੈਸਟਿੰਗ ਕੇਂਦਰ, ਹਸਪਤਾਲ 'ਚ ਆਯੂਸ਼ਮਾਨ ਭਾਰਤ ਸਕੀਮ ਸ਼ੁਰੂ ਕਰਨਾ ਪ੍ਰਮੁੱਖਤਾ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਟੈਸਟਿੰਗ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਅਨੁਸਾਰ ਹਸਪਤਾਲ ਵਿੱਚ ਫਿਲਹਾਲ ਓ.ਪੀ.ਡੀ. ਸਹੂਲਤ ਚੱਲ ਰਹੀ ਹੈ ਅਤੇ ਇਸਦੇ ਨਾਲ ਹੀ ਈ-ਸੰਜੀਵਨੀ ਆਨਲਾਈਨ ਓ.ਪੀ.ਡੀ. ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ 10-12 ਬੈੱਡ ਦੇ ਐੱਚ.ਡੀ.ਯੂ. ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਆਈ.ਪੀ.ਡੀ. ਸਹੂਲਤ ਸ਼ੁਰੂ ਹੋਣ ਦੇ ਬਾਅਦ ਆਯੂਸ਼ਮਾਨ ਭਾਰਤ ਸਕੀਮ ਜੋ ਕਿ ਸੂਬੇ ਵਿੱਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਨਾਮ ਅਧੀਨ ਚੱਲ ਰਹੀ ਨੂੰ ਸ਼ੁਰੂ ਕਰਨਾ ਪ੍ਰਮੁੱਖਤਾ ਦਾ ਕੰਮ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਮਜ਼ ਦੇ ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਨੂੰ ਇਸੇ ਸਾਲ ਫਰੀਦਕੋਟ ਤੋਂ ਬਠਿੰਡਾ ਵੀ ਲਿਆਉਣ ਦੀ ਤਿਆਰੀ ਜ਼ੋਰਾਂ ਤੇ ਹੈ। ਇਸਦੇ ਨਾਲ ਹੀ ਹਸਪਤਾਲ ਵਿੱਚ ਐੱਮ.ਆਰ.ਆਈ. ਅਤੇ ਸੀ.ਟੀ. ਸਕੈਨ ਦੀ ਸਹੂਲਤ ਵੀ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ।