...ਹੱਥੀਂ ਬੀਜੇ ਸੋਨੇ ਤੇ ਟਰੈਕਟਰ ਚਲਾਉਣ ਨੂੰ ਮਜਬੂਰ ਹੋ ਰਹੇ ਸੂਬੇ ਦੇ ਕਿਸਾਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 29 2020 17:46
Reading time: 4 mins, 8 secs

ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਸੰਭਾਲਣ ਅਤੇ ਸਥਿਰ ਰੱਖਣ ਲਈ ਖੇਤੀਬਾੜੀ ਤੇ ਵਿਕਾਸ ਵਿਭਾਗ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਘੱਟ ਪਾਣੀ ਦੀ ਲਾਗਤ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਝੋਨੇ ਦੀ ਬਿਜਾਈ ਦੌਰਾਨ ਹੋਣ ਵਾਲੀ ਪਾਣੀ ਖਪਤ ਨੂੰ ਘਟਾਉਣ ਲਈ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦੇ ਰਿਹਾ ਹੈ। ਹਾਲਾਂਕਿ, ਸੂਬੇ ਦੇ ਕਈ ਕਿਸਾਨ ਝੋਨੇ ਦੀ ਬਿਜਾਈ ਲਈ ਪਾਣੀ ਦੀ ਖਪਤ ਅਤੇ ਆਪਣੇ ਫ਼ਸਲੀ ਲਾਗਤ ਖ਼ਰਚੇ ਘਟਾਉਣ ਦੀ ਦਿਸ਼ਾ 'ਚ ਕਈ ਕਦਮ ਚੁੱਕ ਰਹੇ ਹਨ। ਖੇਤਾਂ ਦੀ ਵਹਾਈ ਕਰਕੇ ਕੱਦੂ ਕਰਨ ਉਪਰੰਤ ਰਵਾਇਤੀ ਤੌਰ ਤੇ ਝੋਨਾ ਬੀਜਣ ਦੀ ਪ੍ਰਥਾ ਨੂੰ ਇੱਕ ਪਾਸੇ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ। ਪਰ, ਸੂਬੇ ਦੇ ਅਜਿਹੇ ਵੀ ਕਈ ਕਿਸਾਨ ਹਨ ਜੋ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਬਾਅਦ ਝੋਨੇ ਦੀ ਫ਼ਸਲ ਨਾ ਹੋਣ ਕਰਕੇ ਫ਼ਸਲ ਵਾਹੁਣ ਨੂੰ ਮਜਬੂਰ ਹੋ ਰਹੇ ਹਨ। ਅਜਿਹੇ ਹਾਲਾਤਾਂ 'ਚ ਸਬੰਧਿਤ ਕਿਸਾਨਾਂ ਨੂੰ ਆਰਥਿਕ ਤੌਰ ਤੇ ਘਾਟਾ ਤਾਂ ਸਹਿਣਾ ਪੈ ਹੀ ਰਿਹਾ ਹੈ, ਦੂਜੇ ਪਾਸੇ ਦੁਬਾਰਾ ਝੋਨੇ ਦੀ ਫ਼ਸਲ ਬੀਜਣ ਲਈ ਸਮੇਂ ਅਤੇ ਪੈਸੇ ਦੀ ਬਰਬਾਦੀ ਦਾ ਸਾਹਮਣਾ ਕਰਨ ਨੂੰ ਮਜਬੂਰ ਹਨ।

ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨ ਨੂੰ ਨਜ਼ਦੀਕੀ ਪਿੰਡ ਸਵੱਦੀ ਕਲਾਂ ਦੇ ਕਿਸਾਨ ਸਿਕੰਦਰ ਸਿੰਘ ਨੂੰ ਮਜਬੂਰ ਹੋਣਾ ਪਿਆ ਹੈ। ਜ਼ਮੀਨ ਥੱਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦੇ ਹੋਏ ਸਿਕੰਦਰ ਸਿੰਘ ਨੇ ਝੋਨੇ ਦੀ ਬਿਜਾਈ ਲਈ ਲੱਗਣ ਵਾਲੀ ਪਾਣੀ ਦੀ ਖਪਤ ਨੂੰ ਘਟਾਉਣ ਸਬੰਧੀ ਖੇਤੀ ਮਾਹਿਰਾਂ ਵੱਲੋਂ ਦੱਸੀ ਗਈ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਵਿਧੀ ਨੂੰ ਅਪਣਾਇਆ। ਦੇਸ਼ ਅੰਦਰ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬਣੇ ਹਾਲਾਤਾਂ ਦੇ ਚੱਲਦੇ ਝੋਨਾ ਬੀਜਣ ਸਬੰਧੀ ਪ੍ਰਵਾਸੀ ਮਜ਼ਦੂਰਾਂ ਦੀ ਹੋ ਰਹੀ ਕਮੀ ਨੂੰ ਦੇਖਦੇ ਹੋਏ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕਰੀਬ 26 ਏਕੜ ਰਕਬੇ 'ਚ ਝੋਨੇ ਦੀ ਰਵਾਇਤੀ ਬਿਜਾਈ ਕਰਨ ਦੀ ਥਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਪਰ, ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਬਾਵਜੂਦ ਫ਼ਸਲ ਨਾ ਹੋਣ ਤੋਂ ਅੱਕੇ ਸਬੰਧਿਤ ਜ਼ਿਮੀਂਦਾਰ ਵੱਲੋਂ 26 ਏਕੜ 'ਚ ਬੀਜੀ ਫ਼ਸਲ ਨੂੰ ਖ਼ੁਦ ਆਪਣੇ ਹੱਥੀਂ ਵਾਹੁਣ ਨੂੰ ਮਜਬੂਰ ਹੋਣ ਪਿਆ ਹੈ।

ਦੁਖੜਾ ਸੁਣਾਉਣ ਨੂੰ ਮਜਬੂਰ ਹੋ ਰਹੇ ਕਿਸਾਨ

ਖੇਤੀਬਾੜੀ ਅਤੇ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਣੀ ਦੀ ਲਾਗਤ ਨੂੰ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਰੀ ਹਦਾਇਤਾਂ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਸਾਨਾਂ ਵੱਲੋਂ ਸੂਬਾ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਸਵੱਦੀ ਕਲਾਂ ਦੇ ਜ਼ਿਮੀਂਦਾਰ ਸਿਕੰਦਰ ਸਿੰਘ ਨੇ ਰੋਂਦੇ ਮਨ ਜਾਣਕਾਰੀ ਦਿੰਦੇ ਦੱਸਿਆ ਕਿ ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤ ਦੇ ਚੱਲਦੇ ਇਸ ਸੀਜ਼ਨ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਝੋਨਾ ਬੀਜਣ ਲਈ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜਾ, ਜ਼ਮੀਨ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਉਸ ਵੱਲੋਂ ਝੋਨੇ ਦੀ ਫ਼ਸਲ ਲਈ ਪਾਣੀ ਦੀ ਖਪਤ ਨੂੰ ਘਟਾਉਣ ਸਬੰਧੀ ਇਸ ਸੀਜ਼ਨ ਦੌਰਾਨ ਕਰੀਬ 26 ਏਕੜ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਝੋਨੇ ਦੀ ਬਿਜਾਈ ਲਈ ਉਸ ਨੂੰ ਮਹਿੰਗੇ ਭਾਅ ਬੀਜ, ਦਵਾਈਆਂ, ਆਧੁਨਿਕ ਮਸ਼ੀਨਾਂ ਅਤੇ ਮਹਿੰਗੇ ਡੀਜ਼ਲ ਦੇ ਚੱਲਦੇ ਕਰੀਬ 60 ਹਜ਼ਾਰ ਰੁਪਏ ਤੋਂ ਵੱਧ ਦਾ ਖ਼ਰਚ ਕਰਨਾ ਪੈ ਗਿਆ ਹੈ। ਫ਼ਸਲ ਦੀ ਬਿਜਾਈ ਸਬੰਧੀ ਇੰਨਾ ਖ਼ਰਚ ਕਰਨ ਦੇ ਬਾਵਜੂਦ ਸਿੱਧੀ ਬਿਜਾਈ ਦੁਆਰਾ ਬੀਜੀ ਫ਼ਸਲ ਹਰੀ ਨਹੀਂ ਹੋਈ। ਬੀਜੇ ਗਏ ਝੋਨੇ ਦੀ ਦੁਰਦਸ਼ਾ ਦੇਖਕੇ ਉਸ ਨੂੰ ਮਜਬੂਰ ਹੋ ਕੇ ਬੀਜੀ ਫ਼ਸਲ ਤੇ ਹਲ ਚਲਾਕੇ ਵਾਹੁਣ ਲਈ ਮਜਬੂਰ ਹੋਣਾ ਪੈ ਗਿਆ ਹੈ।

ਕੀ ਕਹਿੰਦੇ ਹਨ ਕਿਸਾਨ ਯੂਨੀਅਨ ਦੇ ਆਗੂ

ਇਸ ਸਬੰਧੀ ਕਿਸਾਨ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕਿਸਾਨਾਂ ਵੱਲੋਂ ਪਾਣੀ ਦੀ ਲਾਗਤ ਘਟਾਉਣ ਦੀ ਦਿਸ਼ਾ 'ਚ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਦੇ ਬਾਵਜੂਦ ਕਿਸਾਨਾਂ ਦੇ ਹੋ ਰਹੇ ਨੁਕਸਾਨ ਸਬੰਧੀ ਖੇਤੀਬਾੜੀ ਵਿਭਾਗ ਅਤੇ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਇਸ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਸਹੀ ਸੇਧ, ਜ਼ਰੂਰੀ ਹਦਾਇਤਾਂ ਅਤੇ ਉਪਯੋਗੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਨਾਕਾਮ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹਾਲਾਤ 'ਚ ਮਜਬੂਰ ਹੋ ਕੇ ਬੀਜੀ ਗਈ ਫ਼ਸਲ ਨੂੰ ਵਾਹੁਣ ਵਾਲੇ ਸਬੰਧਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਅਜਿਹੇ ਜ਼ਿਮੀਂਦਾਰ ਦੁਬਾਰਾ ਤੋਂ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ।

ਕੀ ਕਹਿੰਦੇ ਹਨ ਮੁੱਖ ਖੇਤੀਬਾੜੀ ਅਫ਼ਸਰ

ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਬਾਵਜੂਦ ਫ਼ਸਲ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਪੱਖ ਰੱਖਦੇ ਹੋਏ ਕਿਹਾ ਕਿ ਕਈ ਕਿਸਾਨਾਂ ਨੂੰ ਅਜਿਹੀ ਸਮੱਸਿਆ ਸਬੰਧਿਤ ਕਿਸਾਨਾਂ ਦੀ ਅਣਗਹਿਲੀ ਕਰਨ ਦੇ ਚੱਲਦੇ ਭੁਗਤਣੀ ਪੈ ਰਹੀ ਹੈ। ਜ਼ਿਆਦਾਤਰ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਨਾ ਕਰਦੇ ਹੋਏ ਸੋਸ਼ਲ ਮੀਡੀਆ ਅਤੇ ਟੀ.ਵੀ ਤੇ ਆ ਰਹੇ ਇਸ਼ਤਿਹਾਰਾਂ ਨੂੰ ਦੇਖਕੇ ਆਪਣੇ ਪੱਧਰ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਿਸ ਕਾਰਨ ਜਾਣਕਾਰੀ ਦੀ ਘਾਟ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੌਜੂਦਾ ਦੌਰ 'ਚ ਹਰੇਕ ਕਿਸਾਨ ਕੋਲ ਆੜ੍ਹਤੀ, ਬੀਜ ਤੇ ਖਾਦ ਵੇਚਣ ਵਾਲੇ ਦੁਕਾਨਦਾਰਾਂ, ਸਹਿਕਾਰੀ ਸਭਾਵਾਂ ਦੇ ਸਕੱਤਰਾਂ ਅਤੇ ਬੈਂਕ ਮੈਨੇਜਰਾਂ ਦੇ ਸੰਪਰਕ ਨੰਬਰ ਮੌਜੂਦ ਹਨ। ਪਰ ਜ਼ਿਆਦਾਤਰ ਕਿਸਾਨਾਂ ਕੋਲ ਕਿਸਾਨੀ ਲਈ ਮਦਦਗਾਰ ਆਪਣੇ ਇਲਾਕੇ ਦੇ ਸਬੰਧਿਤ ਕਿਸੇ ਖੇਤੀਬਾੜੀ ਅਧਿਕਾਰੀਆਂ ਦੇ ਸੰਪਰਕ ਨੰਬਰ ਨਹੀਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਖੇਤੀਬਾੜੀ ਸਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਫ਼ਸਲ ਵਾਹੁਣ ਦੀ ਬਜਾਏ ਸਮੱਸਿਆ ਦਾ ਉਚਿਤ ਨਿਪਟਾਰਾ ਕੀਤਾ ਜਾ ਸਕੇ।