ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਮਹਿਲਾ ਸਰਪੰਚ ਨੇ ਕਮਾਨ ਸੰਭਾਲੀ

Last Updated: Jun 29 2020 14:54
Reading time: 1 min, 15 secs

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਬਟਾਲਾ ਨੇੜਲੇ ਪਿੰਡ ਧੁੱਪਸੜੀ ਦੀ ਮਹਿਲਾ ਸਰਪੰਚ ਨੇ ਆਪਣੇ ਪਿੰਡ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦਾ ਬੀੜਾ ਚੁੱਕ ਲਿਆ ਹੈ। ਸਰਪੰਚ ਬਲਜਿੰਦਰ ਕੌਰ ਰੋਜ਼ਾਨਾ ਆਪਣੇ ਪਿੰਡ ਧੁੱਪਸੜੀ ਦੇ ਹਰੇਕ ਘਰ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਬਾਰੇ ਜਾਗਰੂਕ ਕਰ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਵਿੱਚ ਪਿੰਡ ਦੀ ਸਰਪੰਚ ਦਾ ਸਾਥ ਸਮੂਹ ਗ੍ਰਾਮ ਪੰਚਾਇਤ ਅਤੇ ਉਸਦੇ ਘਰ ਵਾਲਿਆਂ ਵੱਲੋਂ ਵੀ ਦਿੱਤਾ ਜਾ ਰਿਹਾ ਹੈ।

ਸਰਪੰਚ ਬਲਜਿੰਦਰ ਕੌਰ ਰੋਜ਼ ਸਵੇਰੇ ਆਪਣੇ ਘਰ ਦਾ ਕੰਮ-ਕਾਜ ਕਰਕੇ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੰਦੇ ਹਨ। ਸਰਪੰਚ ਵੱਲੋਂ ਪਿੰਡ ਦੇ ਹਰ ਘਰ ਵਿੱਚ ਦਸਤਕ ਦੇ ਕੇ ਪਿੰਡ ਵਾਲਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਜਾ ਰਹੀ ਹੈ। ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਲਗਾਉਣ, ਘੱਟੋ-ਘੱਟ 6 ਫੁੱਟ ਦਾ ਫ਼ਾਸਲਾ ਰੱਖਣ ਅਤੇ ਵਾਰ-ਵਾਰ ਹੱਥ ਧੋਣ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਪੈਂਫ਼ਲਿਟ ਵੀ ਵੰਡੇ ਜਾ ਰਹੇ ਹਨ।

ਸਰਪੰਚ ਬਲਜਿੰਦਰ ਕੌਰ ਨੇ ਇਸ ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਧੁੱਪਸੜੀ ਦੀ ਪੰਚਾਇਤ ਨੇ ਇਹ ਪ੍ਰਣ ਕੀਤਾ ਹੈ ਕਿ ਉਹ ਰਾਜ ਸਰਕਾਰ ਦੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਦੀ ਜ਼ਿੰਮੇਵਾਰੀ ਆਪਣੇ ਪਿੰਡ ਵਾਸੀਆਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾ ਕੇ ਰੱਖਣਾ ਹੈ ਅਤੇ ਪੰਚਾਇਤ ਇਸ ਵਿੱਚ ਆਪਣੀ ਪੂਰੀ ਵਾਹ ਲਗਾ ਦੇਵੇਗੀ।