ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਕੇਂਦਰ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲ੍ਹੇ: ਗੁਰਿੰਦਰ ਸਿੰਘ ਬਾਜਵਾ

Last Updated: Jun 29 2020 14:47
Reading time: 1 min, 11 secs

ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਕੋਵਿਡ-19 ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ 16 ਮਾਰਚ ਤੋਂ ਬੰਦ ਕਰ ਦਿੱਤਾ ਸੀ। ਜਿਸ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਜਾਣ ਤੇ ਰੋਕ ਲੱਗ ਗਈ ਸੀ। ਹੁਣ ਜਦੋਂ ਸਾਢੇ 3 ਮਹੀਨੇ ਬਾਅਦ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ ਤਾਂ ਭਾਰਤ ਦੀ ਕੇਂਦਰ ਸਰਕਾਰ ਨੂੰ ਵੀ ਇਸ ਕੋਰੀਡੋਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਲੰਬੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਦੀ ਦਰਸ਼ਨਾਂ ਦੀ ਤਾਂਘ ਪੂਰੀ ਹੋ ਸਕੇ।

ਬਾਜਵਾ ਨੇ ਅੱਗੇ ਆਖਿਆ ਕਿ ਇਸ ਲਾਂਘੇ ਨੂੰ ਨਾ ਖੋਲ੍ਹਣ ਲਈ ਬਹੁਤ ਸਾਰੇ ਰਾਜਨੀਤਿਕ ਲੋਕ ਤੇ ਏਜੰਸੀਆਂ ਅੜਿੱਕੇ ਪਾਉਂਦੀਆਂ ਰਹੀਆਂ ਹਨ। ਪਰ ਜਦੋਂ ਦੋਵਾਂ ਹੀ ਸਰਕਾਰਾਂ ਨੇ ਇਸ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਤਾਂ ਇਹ ਸਾਰੇ ਲੋਕ ਬੌਖਲਾਹਟ ਵਿੱਚ ਇਸ ਲਾਂਘੇ ਨੂੰ ਬੰਦ ਕਰਵਾਉਣ ਲਈ ਕਈ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਹਨ। ਬਾਜਵਾ ਨੇ ਅੱਗੇ ਆਖਿਆ ਕਿ ਸਾਨੂੰ ਸ਼ੱਕ ਹੈ ਕਿ ਹੁਣ ਵੀ ਇਹੀ ਲੋਕ ਦੁਬਾਰਾ ਇਸ ਲਾਂਘੇ ਨੂੰ ਨਾ ਖੋਲ੍ਹਣ ਲਈ ਅੜਿੱਕੇ ਪਾਉਣਗੇ। ਸਾਡੀ ਸੰਸਥਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਬੇਨਤੀ ਹੈ ਕਿ ਸੰਸਾਰ ਭਰ ਵਿੱਚ ਵੱਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਲਾਂਘੇ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਬਿਨਾਂ ਕਿਸੇ ਦੇਰੀ ਦੇ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।