...ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਆਖ਼ਰਕਾਰ ਕੌਣ ਹੈ ਜ਼ਿੰਮੇਵਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 29 2020 13:18
Reading time: 3 mins, 13 secs

ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਸੜਕ ਹਾਦਸੇ ਵਾਪਰਦੇ ਹਨ। ਅਵਾਰਾ ਪਸ਼ੂਆਂ ਨਾਲ ਟਕਰਾਉਣ ਜਾਂ ਉਨ੍ਹਾਂ ਨੂੰ ਬਚਾਉਣ ਦੇ ਚੱਕਰ 'ਚ ਹੋਏ ਕਈ ਹਾਦਸਿਆਂ ਦੌਰਾਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਪਰ, ਅਵਾਰਾ ਪਸ਼ੂਆਂ ਦੀ ਸਮੱਸਿਆ ਪ੍ਰਤੀ ਨਾ ਹੀ ਕਾਊ ਸੈਸ ਵਸੂਲਣ ਵਾਲੀ ਸੂਬਾ ਸਰਕਾਰ ਗੰਭੀਰ ਹੈ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੰਭੀਰਤਾਪੂਰਵਕ ਕੋਈ ਕਦਮ ਚੁੱਕੇ ਜਾ ਰਹੇ ਹਨ। ਆਖ਼ਰ, ਅਵਾਰਾ ਪਸ਼ੂਆਂ ਦੇ ਚੱਲਦੇ ਜਾਨਾਂ ਗੰਵਾਉਣ ਵਾਲੇ ਵਿਅਕਤੀਆਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਅਜਿਹੇ ਹੀ ਇੱਕ ਹਾਦਸੇ ਦੌਰਾਨ ਨੈਸ਼ਨਲ ਹਾਈਵੇ ਉੱਪਰ ਦੋ ਦਿਨਾਂ ਤੋਂ ਮਰੇ ਪਏ ਆਵਾਰਾ ਪਸ਼ੂ ਦੇ ਨਾਲ ਐਕਟਿਵਾ ਟਕਰਾ ਜਾਣ ਦੇ ਚੱਲਦੇ ਸਕੂਟਰ ਸਵਾਰ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਚਲਾ ਰਿਹਾ ਮ੍ਰਿਤਕਾ ਦਾ ਲੜਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਵਾਪਰੇ ਹਾਦਸੇ ਦੌਰਾਨ ਇੱਕ ਹੱਸਦਾ ਖੇਡਦਾ ਪਰਿਵਾਰ ਤਬਾਹ ਹੋ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਸੜਕ ਤੇ ਮਰੇ ਪਏ ਪਸ਼ੂ ਕਾਰਨ ਜਾਨ ਗੰਵਾਉਣ ਵਾਲੀ ਮਹਿਲਾ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ? ਸਿਵਲ ਪ੍ਰਸ਼ਾਸਨ ਜਾਂ ਫਿਰ ਨੈਸ਼ਨਲ ਹਾਈਵੇ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ ਦੇ ਅਧਿਕਾਰੀ?

ਮੰਡੀ ਗੋਬਿੰਦਗੜ੍ਹ ਵਾਲੀ ਸਾਈਡ ਨੈਸ਼ਨਲ ਹਾਈਵੇ ਤੇ ਪੈਂਦੇ ਨਜ਼ਦੀਕੀ ਪਿੰਡ ਅੰਬੇਮਾਜਰਾ ਕੋਲ ਵਾਪਰੇ ਹਾਦਸੇ ਦੌਰਾਨ ਸੜਕ ਤੇ ਮਰੇ ਪਏ ਅਵਾਰਾ ਪਸ਼ੂ ਦੇ ਨਾਲ ਐਕਟਿਵਾ ਸਕੂਟਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਤੇ ਸਵਾਰ ਮਹਿਲਾ ਦੀ ਸੜਕ ਤੇ ਡਿੱਗਣ ਨਾਲ ਸਿਰ 'ਚ ਗੰਭੀਰ ਸੱਟ ਲੱਗਣ ਦੇ ਚੱਲਦੇ ਮੌਕੇ ਤੇ ਹੀ ਮੌਤ ਹੋ ਗਈ। ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਖੰਨਾ ਦੇ ਆਈ.ਵੀ.ਵਾਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਦੀ ਪਹਿਚਾਣ ਰੀਨਾ ਜੈਸਵਾਲ (38) ਵਾਸੀ ਮੁਹੱਲਾ ਕਸਾਬਾਂ, ਪੁਰਾਣਾ ਬਾਜ਼ਾਰ ਖੰਨਾ ਵਜੋਂ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਮੰਡੀ ਗੋਬਿੰਦਗੜ੍ਹ ਤੋਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਪੁਰਾਣਾ ਬਾਜ਼ਾਰ ਇਲਾਕੇ 'ਚ ਰਹਿੰਦੇ ਸ਼ਾਮ ਲਾਲ ਉਰਫ਼ ਮਾਮੂ ਦੀ ਪਤਨੀ ਰੀਨਾ ਜੈਸਵਾਲ ਆਪਣੇ ਨੌਜਵਾਨ ਲੜਕੇ ਚੇਤਨ ਨਾਲ ਐਕਟਿਵਾ ਤੇ ਸਵਾਰ ਹੋ ਕੇ ਕਿਸੇ ਕੰਮ ਸਬੰਧੀ ਸਰਹਿੰਦ ਵੱਲ ਜਾ ਰਹੇ ਸਨ। ਸਵੇਰੇ ਕਰੀਬ ਸਵਾ ਪੰਜ ਵਜੇ ਜਦੋਂ ਦੋਨੋਂ ਮਾਂ-ਪੁੱਤ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਅੰਬੇ ਮਾਜਰਾ ਕੋਲ ਪਹੁੰਚੇ ਤਾਂ ਐਕਟਿਵਾ ਦੀ ਸੜਕ ਤੇ ਮਰੇ ਪਏ ਅਵਾਰਾ ਪਸ਼ੂ ਦੇ ਨਾਲ ਟੱਕਰ ਹੋ ਗਈ। ਟੱਕਰ ਦੇ ਬਾਅਦ ਐਕਟਿਵਾ ਸਵਾਰ ਦੋਨੋਂ ਮਾਂ-ਪੁੱਤ ਸੜਕ ਤੇ ਡਿੱਗਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਦਸੇ ਦੌਰਾਨ ਮਹਿਲਾ ਨੇ ਘਟਨਾ ਵਾਲੀ ਥਾਂ ਤੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ ਦੌਰਾਨ ਮਾਰਿਆ ਗਿਆ ਅਵਾਰਾ ਪਸ਼ੂ ਪਿਛਲੇ ਦੋ ਦਿਨਾਂ ਤੋਂ ਸੜਕ ਤੇ ਪਿਆ ਸੀ। ਰਾਹਗੀਰਾਂ ਨੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ

ਦੂਜੇ ਪਾਸੇ ਹਾਦਸੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਰੇ ਪਏ ਅਵਾਰਾ ਪਸ਼ੂ ਦੇ ਨਾਲ ਐਕਟਿਵਾ ਦੀ ਹੋਈ ਟੱਕਰ ਦੇ ਚੱਲਦੇ ਵਾਪਰੇ ਸੜਕ ਹਾਦਸੇ ਦੌਰਾਨ ਮਹਿਲਾ ਦੀ ਮੌਤ ਹੋਈ ਹੈ। ਜਦਕਿ ਗੰਭੀਰ ਰੂਪ 'ਚ ਜ਼ਖਮੀ ਹੋਏ ਐਕਟਿਵਾ ਚਲਾ ਰਹੇ ਨੌਜਵਾਨ ਦਾ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਰੀਨਾ ਜੈਸਵਾਲ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ-174 ਅਧੀਨ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਕੀ ਕਹਿਣਾ ਹੈ ਸ਼ਹਿਰਵਾਸੀਆਂ ਦਾ

ਉੱਧਰ, ਆਏ ਦਿਨ ਅਵਾਰਾ ਪਸ਼ੂਆਂ ਕਾਰਨ ਹੁੰਦੇ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਸਬੰਧੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਘ, ਗਗਨ ਸਿੰਗਲਾ ਅਤੇ ਸ਼ਹਿਰ ਵਾਸੀ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਪ੍ਰਦੇਸ਼ ਸਰਕਾਰ ਵੱਲੋਂ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਬਲਕਿ ਕਾਊ ਸੈਸ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਅਵਾਰਾ ਪਸ਼ੂਆਂ ਨਾਲ ਟਕਰਾਕੇ ਮਰਨ ਵਾਲੇ ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਕੋਣ ਹੈ? ਕਿਸੇ ਵੱਡੀ ਅਣਹੋਣੀ ਘਟਨਾ ਦੌਰਾਨ ਮਰਨ ਵਾਲੇ ਵਿਅਕਤੀ ਨੂੰ ਪ੍ਰਦੇਸ਼ ਸਰਕਾਰ ਵੱਲੋਂ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਪਰ ਕਾਊ ਸੈਸ ਇਕੱਠਾ ਕਰਨ ਵਾਲੀ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਨਾਲ ਟਕਰਾਕੇ ਜਾਨ ਗੰਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਹੈ।