ਕੈਂਟ ਬੋਰਡ 'ਚ ਅੰਗਰੇਜ਼ਾਂ ਦਾ ਕਾਨੂੰਨ ਖ਼ਤਮ ਕਰਨ ਦੇ ਲਈ ਕੇਂਦਰ ਨੂੰ ਲਿਖੀ ਵਿਧਾਇਕ ਨੇ ਚਿੱਠੀ

Last Updated: Jun 28 2020 18:20
Reading time: 1 min, 23 secs

ਕੈਂਟ ਇਲਾਕੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਬਣੇ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਤੇ ਲੋਕਾਂ ਨੂੰ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਸੁਧਾਰਾਂ ਦੇ ਲਈ ਲਿਖਿਆ ਗਿਆ ਹੈ। ਇਹ ਜਾਣਕਾਰੀ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ 74ਵੇਂ ਸੰਸ਼ੋਧਨ ਦੇ ਤਹਿਤ ਫ਼ਿਰੋਜ਼ਪੁਰ ਛਾਉਣੀ ਵਿੱਚ ਸਿਵਲ ਏਰੀਏ ਨੂੰ ਫ੍ਰੀ ਹੋਲਡ ਕਰਨ ਅਤੇ ਨਗਰ ਕੌਂਸਲ ਵਿੱਚ ਸ਼ਾਮਲ ਕਰਨ ਦੇ ਲਈ ਸਿਫ਼ਾਰਿਸ਼ ਕੀਤੀ ਗਈ ਹੈ। 

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੈਂਟ ਬੋਰਡ ਦੇ ਤਹਿਤ ਆਉਣ ਵਾਲੇ ਬਾਜ਼ਾਰਾਂ ਅਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਵਿਧਾਇਕ ਪਿੰਕੀ ਨੇ ਕਿਹਾ ਕਿ ਕੈਂਟ ਇਲਾਕੇ ਦੇ ਚਹੁੰਤਰਫਾ ਵਿਕਾਸ ਦੇ ਲਈ ਕਈ ਕਦਮ ਉਠਾਏ ਗਏ ਹਨ। ਇੱਥੋਂ ਦੀਆਂ ਸੜਕਾਂ ਤੋਂ ਕਬਜ਼ੇ ਹਟਾ ਕੇ ਉਨ੍ਹਾਂ ਨੂੰ ਚੌੜਾ ਕੀਤਾ ਗਿਆ ਹੈ, ਨਾਲ ਹੀ ਫੁੱਟਪਾਥ ਬਣਾਏ ਜਾ ਰਹੇ ਹਨ। ਚਰਚ ਰੋਡ, ਕੋਰਟ ਰੋਡ ਅਤੇ ਸਦਰ ਬਾਜ਼ਾਰ ਰੋਡ 16 ਫੁੱਟ ਦੀ ਬਜਾਏ ਹੁਣ 32 ਫੁੱਟ ਦੀ ਹੋ ਗਈ ਹੈ। ਲੋਕ ਖ਼ੁਦ ਅੱਗੇ ਜਾ ਕੇ ਇਸ ਕਾਰਜ ਵਿੱਚ ਸਹਿਯੋਗ ਦੇ ਰਹੇ ਹਨ।

ਵਿਧਾਇਕ ਪਿੰਕੀ ਨੇ ਕਿਹਾ ਕਿ ਇੱਥੇ ਸੜਕਾਂ ਦੀ ਕਵਾਲਿਟੀ ਹਾਈਵੇ ਵਰਗੀ ਹੋ ਗਈ ਹੈ, ਜਿਸ ਤੋਂ ਲੋਕ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਸੜਕ ਨਿਰਮਾਣ ਦੇ ਕਾਰਜ ਉਹ ਖ਼ੁਦ ਕਰਵਾ ਰਹੇ ਹਨ ਅਤੇ ਕਮੀਸ਼ਨਬਾਜੀ ਦਾ ਕੰਮ ਬੰਦ ਕਰਵਾ ਦਿੱਤਾ ਹੈ, ਜਿਸ ਨਾਲ ਕੈਂਟ ਦੀਆਂ ਸੜਕਾਂ ਪਹਿਲੀ ਵਾਰ ਬੇਹੱਦ ਉੱਚ ਗੁਣਵੱਤਾ ਵਾਲੀ ਬਣੀਆਂ ਹਨ। ਇਹ ਸਾਰਾ ਕੰਮ ਢਾਈ ਕਰੋੜ ਰੁਪਏ ਦੀ ਜਾਰੀ ਗ੍ਰਾਂਟ ਵਿੱਚੋਂ ਹੋ ਰਿਹਾ ਹੈ। ਇਸ ਵਿੱਚੋਂ ਇੱਕ ਕਰੋੜ ਰੁਪਏ ਡੀਸੀ ਕੰਪਲੈਕਸ ਦੇ ਸਾਹਮਣੇ ਵਾਲੀ ਕੈਂਟ ਪਾਰਕ ਨੂੰ ਡਿਵੈਲਪ ਕਰਨ ਤੇ ਖ਼ਰਚ ਹੋ ਰਿਹਾ ਹੈ। ਜਿਸ ਵਿੱਚ ਇੱਕ ਐਲਸੀਡੀ ਲਗਾਈ ਜਾਵੇਗੀ, ਜਿਸ ਤੇ ਸਵੇਰੇ ਸ਼ਾਮ ਸ੍ਰੀ ਹਰਮਿੰਦਰ ਸਾਹਿਬ ਅਤੇ ਮਾਤਾ ਵੈਸ਼ਨੂੰ ਦੇਵੀ ਤੋਂ ਲਾਈਵ ਪ੍ਰਸਾਰਨ ਚਲਾਇਆ ਜਾਵੇਗਾ।