ਨਵੇਂ ਬਣ ਰਹੇ ਜੱਚਾ-ਬੱਚਾ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਐਮਐਲਏ ਨਾਗਰਾ ਨੇ ਲਿਆ ਜਾਇਜ਼ਾ

Last Updated: Jun 28 2020 17:45
Reading time: 1 min, 42 secs

ਗਰਭਵਤੀ ਔਰਤਾਂ ਅਤੇ ਨਵ ਜੰਮੇ ਬੱਚਿਆਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਚ ਨਵੇਂ ਜੱਚਾ-ਬੱਚਾ ਹਸਪਤਾਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੱਚਾ-ਬੱਚਾ ਹਸਪਤਾਲ ਦੀ ਬਿਲਡਿੰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਇਸ ਜੱਚਾ ਬੱਚਾ ਹਸਪਤਾਲ ਦਾ ਨਾਮ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੇ ਨਾਮ 'ਤੇ ਰੱਖਿਆ ਜਾਣਾ ਹੈ ਅਤੇ ਇਹ ਹਸਪਤਾਲ ਬਹੁਤ ਜਲਦ ਬਣਕੇ ਤਿਆਰ ਹੋ ਜਾਵੇਗਾ। ਜਿਸਦਾ ਫ਼ਤਿਹਗੜ੍ਹ ਸਾਹਿਬ ਹਲਕੇ ਦੇ ਨਾਲ-ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ।

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਚ ਨਵੇਂ ਬਣ ਰਹੇ ਜੱਚਾ-ਬੱਚਾ ਹਸਪਤਾਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਜੱਚਾ ਬੱਚਾ ਹਸਪਤਾਲ 50 ਬਿਸਤਰਿਆਂ ਦਾ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਚਾਰ ਮੰਜ਼ਿਲਾਂ ਹੋਣਗੀਆਂ। ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ ਲਿਫਟ ਅਤੇ ਰੈਂਪ ਦਾ ਪ੍ਰਬੰਧ ਹੋਣ ਦੇ ਨਾਲ-ਨਾਲ ਸੀਨੀਅਰ ਮੈਡੀਕਲ ਅਫ਼ਸਰ ਤੋਂ ਇਲਾਵਾ ਮੈਡੀਕਲ ਅਫ਼ਸਰਾਂ ਦੇ ਕਮਰੇ, ਦੋ ਅਪਰੇਸ਼ਨ ਥੀਏਟਰ, ਲੇਬਰ ਰੂਮ, ਫਾਰਮੇਸੀ, ਆਟੋਕਲੇਵ, ਅਨੈਸਥੀਸੀਆ, ਕੰਸਲਟੈਂਟ, ਐਸ.ਐਨ.ਸੀ.ਯੂ. ਸਮੇਤ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ।

ਵਿਧਾਇਕ ਨਾਗਰਾ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ ਦਾ ਵਿਕਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਦੇ ਵਿਕਾਸ ਕੰਮਾਂ ਤੇ ਇੱਕ ਇੱਟ ਵੀ ਨਹੀਂ ਲਗਵਾਈ, ਇੱਥੋਂ ਤੱਕ ਕਿ ਪੀਰਜੈਨ ਵਿਖੇ ਬਣਨ ਵਾਲੇ ਜੱਚਾ ਬੱਚਾ ਹਸਪਤਾਲ ਨੂੰ ਪ੍ਰਾਈਵੇਟ ਹੱਥਾ ਵਿੱਚ ਦੇ ਕੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਜੱਚਾ ਬੱਚਾ ਹਸਪਤਾਲ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ, ਜਿਸ ਵਿੱਚ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਦੇਖ ਭਾਲ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਇਸ ਜੱਚਾ ਬੱਚਾ ਹਸਪਤਾਲ ਵਿੱਚ ਮਾਹਿਰ ਡਾਕਟਰ ਤਾਇਨਾਤ ਰਹਿਣਗੇ ਤੇ ਹੁਣ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਗਰਭਵਤੀ ਔਰਤਾਂ ਦੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਐਨ.ਕੇ ਅਗਰਵਾਲ, ਐਸ.ਐਮ.ਓ ਕੁਲਦੀਪ ਸਿੰਘ, ਪੀ.ਆਰ.ਟੀ.ਸੀ. ਦੇ ਡਾਇਰੈਕਟਰ ਸੁਭਾਸ਼ ਸੂਦ, ਗੁਰਪ੍ਰੀਤ ਸਿੰਘ ਲਾਲੀ, ਪਵਨ ਕਾਲੜਾ, ਪੰਡਿਤ ਕਮਲੇਸ਼ ਆਦਿ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।