ਪਿਸਤੌਲ ਦੀ ਨੋਕ ਤੇ ਫੀਡ ਫ਼ੈਕਟਰੀ ਮਾਲਕ ਪਾਸੋਂ ਨਗਦੀ ਤੇ ਰਿਵਾਲਵਰ ਲੁੱਟਣ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਇਆ

Last Updated: Jun 28 2020 17:28
Reading time: 2 mins, 57 secs

ਸਵਿਫ਼ਟ ਕਾਰ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਬੀਤੇ ਦਿਨੀਂ ਪਾਇਲ ਇਲਾਕੇ ਸਥਿਤ ਸੋਨਾ ਕੈਟਲ ਫੀਡ ਫ਼ੈਕਟਰੀ ਦੇ ਮਾਲਕ ਤੋਂ ਕਰੀਬ ਪੌਣੇ ਦੋ ਲੱਖ ਰੁਪਏ ਨਗਦੀ ਅਤੇ 32 ਬੋਰ ਦਾ ਲਾਇਸੰਸੀ ਰਿਵਾਲਵਰ ਲੁੱਟਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਖੰਨਾ ਪੁਲਿਸ ਵੱਲੋਂ ਲੁੱਟਖੋਹ ਕਰਨ ਦੇ ਦੋਸ਼ ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ ਹੀ ਕਾਬੂ ਕੀਤੇ ਵਿਅਕਤੀਆਂ ਦੇ ਕਬਜ਼ੇ ਚੋਂ ਲੁੱਟੀ ਨਗਦੀ ਚੋਂ 50 ਹਜ਼ਾਰ ਰੁਪਏ ਅਤੇ 32 ਬੋਰ ਰਿਵਾਲਵਰ, 3 ਜਿੰਦਾ ਕਾਰਤੂਸਾਂ ਤੋਂ ਇਲਾਵਾ ਵਾਰਦਾਤ ਚ ਇਸਤੇਮਾਲ ਕੀਤੀ ਸਵਿਫ਼ਟ ਕਾਰ ਅਤੇ 22 ਬੋਰ ਦਾ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। 

ਗ੍ਰਿਫ਼ਤਾਰ ਕੀਤੇ ਕਥਿਤ ਆਰੋਪੀਆਂ ਦੀ ਪਹਿਚਾਣ ਭਲਿੰਦਰ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਸਲੌਦੀ (ਖੰਨਾ) ਅਤੇ ਅਮਰਿੰਦਰ ਸਿੰਘ ਉਰਫ਼ ਨੋਨੀ ਵਾਸੀ ਪਿੰਡ ਘੁਡਾਣੀ ਖੁਰਦ (ਪਾਇਲ) ਦੇ ਤੌਰ ਤੇ ਹੋਈ ਹੈ। ਜਦਕਿ ਇਨ੍ਹਾਂ ਦੇ ਚੌਥੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਪਾਇਲ ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਫੀਡ ਫ਼ੈਕਟਰੀ ਮਾਲਕ ਨਾਲ ਹੋਈ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੂਨ ਸ਼ਾਮ ਨੂੰ ਸਵਿਫ਼ਟ ਕਾਰ ਸਵਾਰ ਅਣਪਛਾਤੇ ਲੁਟੇਰੇ ਪਾਇਲ ਦੇ ਧਮੋਟ ਰੋਡ ਸਥਿਤ ਸੋਨਾ ਕੈਟਲ ਫੀਡ ਫ਼ੈਕਟਰੀ ਅੰਦਰ ਦਾਖਲ ਹੋ ਕੇ ਦਫ਼ਤਰ ਚ ਬੈਠੇ ਫ਼ੈਕਟਰੀ ਮਾਲਕ ਕੋਲੋਂ ਪਿਸਤੌਲ ਦੀ ਨੋਕ ਤੇ ਨਗਦੀ ਅਤੇ 32 ਬੋਰ ਦਾ ਲਾਇਸੰਸੀ ਰਿਵਾਲਵਰ ਲੁੱਟ ਕੇ ਫ਼ਰਾਰ ਹੋ ਗਏ ਸਨ। ਵਾਰਦਾਤ ਦੌਰਾਨ ਇੱਕ ਲੁਟੇਰੇ ਨੇ ਫ਼ੈਕਟਰੀ ਮਾਲਕ ਤੇ ਗੋਲੀ ਵੀ ਚਲਾਈ ਜੋ ਦੀਵਾਰ ਤੇ ਲੱਗਣ ਕਾਰਨ ਉਸਦਾ ਵਾਲ-ਵਾਲ ਬਚਾਅ ਹੋ ਗਿਆ ਸੀ। ਫ਼ੈਕਟਰੀ ਮਾਲਕ ਕੇਵਲ ਸਿੰਘ ਵਾਸੀ ਪਿੰਡ ਅਫਜੁੱਲਾਪੁਰ ਦੇ ਬਿਆਨ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।

ਐਸਐਸਪੀ ਹਰਪ੍ਰੀਤ ਸਿੰਘ ਨੇ ਦਾਅਵਾ ਕਰਦੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਲਈ ਐਸ.ਪੀ (ਆਈ) ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਚ ਡੀਐਸਪੀ (ਪਾਇਲ) ਹਰਦੀਪ ਸਿੰਘ ਚੀਮਾ, ਸੀਆਈਏ ਸਟਾਫ਼ ਇੰਚਾਰਜ ਗੁਰਮੇਲ ਸਿੰਘ ਅਤੇ ਐਸਐਚਓ ਕਰਨੈਲ ਸਿੰਘ ਦੀ ਟੀਮ ਬਣਾਈ ਗਈ ਸੀ। ਵਾਰਦਾਤ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਘਾਲੀ ਸੀ। ਜਾਂਚ ਦੌਰਾਨ ਮਿਲੇ ਸੁਰਾਗ ਦੇ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ ਸ਼ੁਰੂ ਕੀਤੀ ਸੀ।

ਐਸਐਸਪੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਦਾਅਵੇ ਮੁਤਾਬਿਕ ਸੀਆਈਏ ਇੰਚਾਰਜ ਗੁਰਮੇਲ ਸਿੰਘ ਅਤੇ ਐਸਐਚਓ ਕਰਨੈਲ ਸਿੰਘ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਸਵਿਫ਼ਟ ਕਾਰ ਚ ਰਾੜਾ ਸਾਹਿਬ ਵੱਲ ਆ ਰਹੇ ਹਨ। ਸੂਚਨਾ ਮਿਲਣ ਦੇ ਬਾਅਦ ਪੁਲਿਸ ਟੀਮ ਨੇ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਕੋਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਸੀ। ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਨੰ. ਪੀਬੀ-10 ਏਕੇ-3737 ਦੇ ਚਾਲਕ ਨੂੰ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕਿਆ ਗਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ ਸਵਾਰਾਂ ਪਾਸੋਂ 22 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ, ਲੁੱਟਿਆ ਹੋਇਆ 32 ਬੋਰ ਦਾ ਰਿਵਾਲਵਰ ਤੇ 3 ਕਾਰਤੂਸਾਂ ਤੋਂ ਇਲਾਵਾ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਕਾਰ ਸਵਾਰਾਂ ਨੂੰ ਹਥਿਆਰਾਂ ਅਤੇ ਕਾਰ ਸਮੇਤ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਪਹਿਚਾਣ ਦਵਿੰਦਰ ਸਿੰਘ ਤੇ ਭਲਿੰਦਰ ਸਿੰਘ ਵਾਸੀ ਪਿੰਡ ਸਲੌਦੀ (ਥਾਣਾ ਸਮਰਾਲਾ) ਅਤੇ ਅਮਰਿੰਦਰ ਸਿੰਘ ਉਰਫ਼ ਨੋਨੀ ਵਾਸੀ ਪਿੰਡ ਘੁਡਾਣੀ ਖੁਰਦ ਵਜੋਂ ਹੋਈ ਹੈ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਕਿ ਉਨ੍ਹਾਂ ਨੇ 25 ਜੂਨ ਦੀ ਸ਼ਾਮ ਨੂੰ ਫੀਡ ਫ਼ੈਕਟਰੀ ਮਾਲਕ ਤੋਂ ਪਿਸਤੌਲ ਦੀ ਨੋਕ ਤੇ ਲੁੱਟਖੋਹ ਕੀਤੀ ਸੀ। ਉਨ੍ਹਾਂ ਦੇ ਨਾਲ ਇੱਕ ਹੋਰ ਸਾਥੀ ਵੀ ਸ਼ਾਮਲ ਸੀ, ਜੋ ਕਿ ਹਾਲੇ ਫ਼ਰਾਰ ਚੱਲ ਰਿਹਾ ਹੈ। ਇਨ੍ਹਾਂ ਦੇ ਚੌਥੇ ਫ਼ਰਾਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਬੂ ਵਿਅਕਤੀਆਂ ਨੂੰ ਅਦਾਲਤ ਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।