15 ਜੁਲਾਈ ਤੱਕ ਬਿਨਾਂ ਕਿਸੇ ਫ਼ੀਸ ਜਾਂ ਜੁਰਮਾਨੇ ਤੋਂ ਪਾਣੀ ਦੇ ਕੁਨੈਕਸ਼ਨ ਨੂੰ ਕਰਵਾਓ ਮਨਜ਼ੂਰ- ਐਕਸੀਅਨ

Last Updated: Jun 28 2020 16:48
Reading time: 2 mins, 14 secs

ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਕੋਰੋਨਾ ਵਾਈਰਸ ਤੋਂ ਬਚਾਅ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਅਧੀਨ ਲੋਕਾਂ ਨੂੰ ਹਰੇਕ ਸੁਵਿਧਾ ਸੁੱਧ ਤੇ ਸਾਫ਼ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਪੰਜਾਬ ਸਰਕਾਰ ਵੱਲੋਂ 'ਹਰ ਘਰ ਜਲ ਹਰ ਘਰ ਨਲ' ਦੇ ਨਾਅਰੇ ਤਹਿਤ ਬੀ.ਡੀ.ਐਸ. (Voluntary Disclosure Scheme) ਅਧੀਨ ਘਰ-ਘਰ ਪਾਣੀ ਦੇ ਮਨਜ਼ੂਰਸ਼ੁਦਾ ਕੁਨੈਕਸ਼ਨ ਦੇਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਪਿੰਡਾਂ ਵਿੱਚ ਗੈਰ ਮਨਜ਼ੂਰਸ਼ੁਦਾ ਪੇਂਡੂ ਜਲ ਸਪਲਾਈ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਸ੍ਰੀ ਅਨੁਜ ਸਰਮਾ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹਾ ਪਠਾਨਕੋਟ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਤਾਂ ਜੋ ਲੋਕ ਸਰਕਾਰ ਦੀ ਪਾਣੀ ਦੇ ਕੁਨੈਕਸ਼ਨਾਂ ਦੀ ਸਕੀਮ ਤੋਂ ਲਾਭ ਪ੍ਰਾਪਤ ਕਰ ਸਕਣ।

ਸ੍ਰੀ ਅਨੁਜ ਸਰਮਾ ਨੇ ਦੱਸਿਆ ਕਿ ਇਸ ਸਬੰਧੀ ਵਿਭਾਗੀ ਮੀਟਿੰਗ ਕਰਕੇ ਹਰੇਕ ਕਰਮਚਾਰੀ ਅਧਿਕਾਰੀ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਹਰੇਕ ਘਰ ਤੱਕ ਪਹੁੰਚ ਕੀਤੀ ਜਾਵੇ ਅਤੇ ਲੋਕਾਂ ਨੂੰ ਮਨਜੂਰਸੂਦਾ ਪਾਣੀ ਦਾ ਕੁਨੈਕਸ਼ਨ ਲਗਾਉਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ 15 ਜੂਨ 2020 ਤੋਂ 15 ਜੁਲਾਈ 2020 ਤੱਕ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਬਿਨਾਂ ਕਿਸੇ ਫ਼ੀਸ ਜਾਂ ਜੁਰਮਾਨੇ ਤੋਂ ਜਾਲੀ ਪਾਣੀ ਦੇ ਕੁਨੈਕਸ਼ਨ ਨੂੰ ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਉਪਰੋਕਤ ਸਕੀਮ ਤਹਿਤ ਪ੍ਰਚਾਰ ਵੈਨਾਂ ਵੀ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਜਲ ਸਪਲਾਈ ਵਿਭਾਗ ਵੱਲੋਂ 783 ਗੈਰ ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨਾਂ ਨੂੰ ਮਨਜ਼ੂਰਸ਼ੁਦਾ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਪਰੋਕਤ ਸਕੀਮ ਸਰਕਾਰ ਵੱਲੋਂ ਬਿਲਕੁਲ ਫ੍ਰੀ ਚਲਾਈ ਜਾ ਰਹੀ ਹੈ ਜਿਸ ਦਾ ਇੱਕ ਹੀ ਉਦੇਸ਼ ਹੈ ਕਿ ਅਗਰ ਕੋਈ ਘਰ ਜੋ ਕਿ ਪਿਛਲੇ ਇੱਕ ਸਾਲ ਜਾਂ ਕਿੰਨੇ ਵੀ ਸਮੇਂ ਤੋਂ ਗੈਰ ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਤੋਂ ਪਾਣੀ ਪੀ ਰਿਹਾ ਹੈ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜੁਰਮਾਨਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਗੈਰ ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਨੂੰ ਮਨਜ਼ੂਰਸ਼ੁਦਾ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਫ਼ੀਸ ਲਈ ਜਾਵੇਗੀ, ਬਲਕਿ ਉਸ ਦਾ ਪਾਣੀ ਦਾ ਕੁਨੈਕਸ਼ਨ ਫ੍ਰੀ ਵਿੱਚ ਮਨਜ਼ੂਰਸ਼ੁਦਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਚਲਦਿਆਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਹਰੇਕ ਘਰ, ਹਰੇਕ ਨਾਗਰਿਕ ਸੁੱਧ ਅਤੇ ਸਾਫ਼ ਪਾਣੀ ਪੀ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਚਲਾ ਕੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਅਤੇ ਕੋਰੋਨਾ ਵਾਈਰਸ ਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਅਧੀਨ ਲੋਕਾਂ ਨੂੰ ਹਰੇਕ ਘਰ ਵਿੱਚ ਸਾਫ਼ ਪਾਣੀ ਪੀਣ ਲਈ ਮਿਲ ਸਕੇ ਇਸ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਪਠਾਨਕੋਟ ਵਿਖੇ ਮਾਰਚ 2021 ਤੱਕ 15 ਹਜ਼ਾਰ ਨਵੇਂ ਪਾਣੀ ਦੇ ਕੁਨੈਕਸ਼ਨ ਦੇਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਅਤੇ ਹੁਣ ਤੱਕ ਵਿਭਾਗ ਵੱਲੋਂ 1000 ਕੁਨੈਕਸ਼ਨ ਦੇ ਦਿੱਤੇ ਗਏ ਹਨ।