ਸਮਾਜ ਸੇਵੀ ਸੰਸਥਾਵਾਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕਰ ਰਹੀਆਂ ਹਨ ਜਾਗਰੂਕ

Last Updated: Jun 28 2020 16:14
Reading time: 1 min, 17 secs

ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਰੰਭ ਕੀਤੇ "ਮਿਸ਼ਨ ਫ਼ਤਿਹ" ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਅਤੇ ਐੱਨ.ਜੀ.ਓਜ਼ ਰਾਹੀਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। 

ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਸਹਾਰਾ ਕਲੱਬ, ਸਿਵਲ ਡਿਫੈਂਸ ਸਮੇਤ ਹੋਰ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਕੋਰੋਨਾ ਜੰਗ ਵਿੱਚ ਵੱਧ-ਚੜ੍ਹ ਕੇ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਮੁਫ਼ਤ ਮਾਸਕ ਵੰਡ ਰਹੀਆਂ ਹਨ ਅਤੇ ਹੋਰ ਸਾਵਧਾਨੀਆਂ ਪ੍ਰਤੀ ਜਾਗਰੂਕ ਕਰ ਰਹੀਆਂ ਹਨ। ਸਹਾਰਾ ਕਲੱਬ ਤੇ ਸਿਵਲ ਡਿਫੈਂਸ ਵੱਲੋਂ ਸ਼ਹਿਰ ਵਿੱਚ ਸੈਨੇਟਾਈਜ਼ ਕਰਨ ਦੀ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਕੌਂਸਲਰ ਸਾਹਿਬਾਨ, ਪ੍ਰਚਾਰ ਵਹੀਕਲ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਕੋਵਿਡ-19 ਦੇ ਖਤਰੇ ਤੋਂ ਲਾਪਰਵਾਹ ਨਾ ਹੋਣ, ਬਲਕਿ ਸੁਚੇਤ ਹੋ ਕੇ ਇਸਦਾ ਮੁਕਾਬਲਾ ਕਰਨ ਅਤੇ ਸਾਵਧਾਨੀਆਂ ਅਪਣਾਉਣ। 

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਜਿਵੇਂ ਕਿ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਆਉਣ ਵਾਲਿਆਂ, ਜਨਤਕ ਥਾਵਾਂ ਤੇ ਥੁੱਕਣ ਵਾਲਿਆਂ ਅਤੇ ਸਮਾਜਿਕ ਵਿੱਥ ਦਾ ਖਿਆਲ ਨਾ ਰੱਖਣ ਵਾਲਿਆਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਜਾਰੀ ਰਹੇਗੀ।