ਹੁਣ ਤੱਕ 5.47 ਲੱਖ ਨਸ਼ੇ ਦੇ ਮਰੀਜ਼ਾਂ ਨੇ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰੇਸ਼ਨ ਕਰਵਾਈ- ਚੇਅਰਮੈਨ ਚੀਮਾ

Last Updated: Jun 28 2020 16:26
Reading time: 1 min, 5 secs

ਪੰਜਾਬ ਸਰਕਾਰ ਨਸ਼ਾ-ਮੁਕਤ ਪੰਜਾਬ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ। ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸੂਬੇ ਵਿੱਚ ਨਸ਼ਿਆਂ ਦੀ ਬਿਮਾਰੀ ਵਿਰੁੱਧ ਜੰਗ ਵਿੱਢੀ ਹੋਈ ਹੈ ਜੋ ਕਾਫ਼ੀ ਹੱਦ ਤੱਕ ਜਿੱਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਹੁਣ ਤੱਕ 5.47 ਲੱਖ ਮਰੀਜ਼ਾਂ ਨੇ ਨਸ਼ਿਆਂ ਦੀ ਬਿਮਾਰੀ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰੇਸ਼ਨ ਕਰਵਾਈ ਹੈ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਅਹਿਮ ਟੀਚਾ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਜੜ੍ਹ ਪੂਰੀ ਤਰ੍ਹਾਂ ਖ਼ਤਮ ਕੀਤੀ ਜਾਵੇ ਅਤੇ ਸਰਕਾਰ ਇਸ ਜ਼ਹਿਰ ਦੀ ਸਪਲਾਈ ਲਾਈਨ ਤੋੜਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ 'ਮਿਸ਼ਨ ਫ਼ਤਿਹ' ਦੀ ਸਫ਼ਲਤਾ ਲਈ ਸਿਹਤ ਕਾਮੇ ਦਿਨ ਰਾਤ ਡਟੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵੀ ਰਾਜ ਸਰਕਾਰ ਨੇ ਨਸ਼ਾ ਪੀੜਤਾਂ ਦੇ ਇਲਾਜ ਲਈ ਸੇਵਾਵਾਂ ਜਾਰੀ ਰੱਖੀਆਂ ਹਨ, ਜਿਸ ਦੌਰਾਨ 1.32 ਲੱਖ ਨਵੇਂ ਮਰੀਜ਼ਾਂ ਨੇ ਨਸ਼ਾ-ਛੁਡਾਊ ਕੇਂਦਰਾਂ ਵਿੱਚ ਰਜਿਸਟਰੇਸ਼ਨ ਕਰਵਾਈ ਹੈ। ਸ. ਚੀਮਾ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵਿਰੋਧੀ ਜੰਗ ਵਿੱਚ ਸਰਕਾਰ ਦਾ ਡੱਟ ਕੇ ਸਾਥ ਦਿੱਤਾ ਜਾਵੇ ਅਤੇ ਸੂਬੇ ਵਿੱਚੋਂ ਇਸ ਬਿਮਾਰੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇ।