ਸਫਾਈ ਕਾਰਜਾਂ ਦੇ ਨਾਲ ਕੋਰੋਨਾ ਤੋਂ ਬਚਾਅ ਰੱਖਣ ਦਾ ਸੁਨੇਹਾ ਦੇ ਰਹੇ ਸਫਾਈ ਸੇਵਕ

Last Updated: Jun 28 2020 16:07
Reading time: 1 min, 56 secs

ਕੋਰੋਨਾ ਵਾਇਰਸ ਸੂਬੇ ਅੰਦਰ ਨਿੱਤ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਸੂਬੇ ਅੰਦਰ ਆਏ ਦਿਨ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਾਲਾਂਕਿ, ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਸਬੰਧੀ ਜ਼ਰੂਰੀ ਸਾਵਧਾਨੀਆਂ ਵਰਤਣ ਦੇ ਫੁਰਮਾਨ ਜਾਰੀ ਕਰ ਰੱਖੇ ਹਨ। ਪਰ, ਲੋਕ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਨ ਤੋਂ ਗੁਰੇਜ਼ ਹੀ ਕਰ ਰਹੇ ਹਨ।

ਇੱਕ ਪਾਸੇ, ਸਿਹਤ ਅਧਿਕਾਰੀ ਤੇ ਮੁਲਾਜ਼ਮ, ਪੁਲਿਸ ਮੁਲਾਜ਼ਮ, ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਫਰੰਟ ਲਾਈਨ ਤੇ ਖੜ ਕੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ। ਦੂਜੇ ਪਾਸੇ, ਸੂਬੇ ਦੀਆਂ ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲਾਂ ਦੇ ਸਫਾਈ ਕਰਮਚਾਰੀ ਵੀ ਫਰੰਟਲਾਈਨ ਉੱਪਰ ਕੋਰੋਨਾ ਵਾਇਰਸ ਨੂੰ ਮਾਤ ਦੇਣ 'ਚ ਲੱਗੇ ਹੋਏ ਹਨ। ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਲਈ ਸਫਾਈ ਕਰਮਚਾਰੀਆਂ ਵੱਲੋਂ ਜਾਗਰੂਕਤਾ ਰੈਲੀਆਂ ਕੱਢ ਕੇ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਕੋਰੋਨਾ ਵਾਇਰਸ ਬਿਮਾਰੀ ਤੋਂ ਬਚਾਅ ਰੱਖਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤੇ ਸਾਵਧਾਨੀਆਂ ਇਸਤੇਮਾਲ ਕਰਨ ਸਬੰਧੀ ਸਫਾਈ ਕਰਮਚਾਰੀਆਂ ਵੱਲੋਂ ਖਮਾਣੋਂ ਇਲਾਕੇ 'ਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦੌਰਾਨ ਸਫਾਈ ਕਰਮਚਾਰੀਆਂ ਵੱਲੋਂ ਪ੍ਰਚਾਰ ਵੈਨਾਂ ਰਾਹੀਂ ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਨੂੰ ਹਰਾਉਣ ਅਤੇ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਫਾਈ ਕਰਮਚਾਰੀਆਂ ਵੱਲੋਂ ਅਹਿਮ ਭੂਮਿਕਾ ਨਿਭਾਉਂਦੇ ਹੋਏ ਵੱਖ-ਵੱਖ ਕਾਰਜ ਵੀ ਕੀਤੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਸਫਾਈ ਸੇਵਕਾਂ ਵੱਲੋਂ ਜਿੱਥੇ ਸਫਾਈ ਕਾਰਜ ਕੀਤੇ ਜਾ ਰਹੇ ਹਨ। ਉੱਥੇ ਸਿਹਤ ਅਧਿਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸਫਾਈ ਕਰਮਚਾਰੀਆਂ ਨੇ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਰੈਲੀ ਕੱਢਦੇ ਹੋਏ ਘਰ-ਘਰ ਤੱਕ ਪਹੁੰਚ ਕਰਕੇ ਜਾਗਰੂਕਤਾ ਦਾ ਸੰਦੇਸ਼ ਦਿੱਤਾ।

ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਫਾਈ ਸੇਵਕਾਂ ਵੱਲੋਂ ਵਿਸ਼ੇਸ਼ ਪ੍ਰਚਾਰ ਵਾਹਨਾਂ ਰਾਹੀਂ ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਰੁਮਾਲ ਜਾਂ ਮਾਸਕ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ, ਉਚਿੱਤ ਸਮਾਜਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਸਮੇਂ-ਸਮੇਂ ਬਾਅਦ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋਏ ਜਾਣ ਜਾਂ ਸੈਨੇਟਾਈਜ਼ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਸਬੰਧੀ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।