...ਹੈਂ ਵੱਧ ਰਹੇ ਨਵੇਂ ਕੋਰੋਨਾ ਕੇਸ, ਪਰ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਸੈਂਟਰ ਕਰਤਾ ਬੰਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 28 2020 15:13
Reading time: 3 mins, 38 secs

ਸੂਬੇ 'ਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਦੇ ਚੱਲਦੇ ਦਿਨ-ਬ-ਦਿਨ ਕੋਰੋਨਾ ਪਾਜ਼ੀਟਿਵ ਕੇਸ ਵਧਦੇ ਜਾ ਰਹੇ ਹਨ। ਨਾਲ ਹੀ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀਆਂ ਮੌਤਾਂ ਹੋਣ ਦਾ ਆਂਕੜਾ ਵੱਧ ਰਿਹਾ ਹੈ। ਕੋਰੋਨਾ ਵਾਇਰਸ ਨੇ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਆਪਣਾ ਆਤੰਕ ਮਚਾ ਰੱਖਿਆ ਹੈ, ਜਿੱਥੇ ਦਿਨੋਂ ਦਿਨ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਵਾਧਾ ਹੋ ਰਿਹਾ ਹੈ। ਹਾਲਾਂਕਿ, ਕੋਰੋਨਾ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਬਾਵਜੂਦ ਹਸਪਤਾਲ 'ਚ ਇਲਾਜ ਹੋਣ ਉਪਰੰਤ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਸੁਧਾਰ ਹੈ।

ਇੱਕ ਪਾਸੇ ਖੰਨਾ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਨਵੇਂ ਕੇਸ ਸਾਹਮਣੇ ਆ ਰਹੇ ਹਨ ਤਾਂ ਦੂਜੇ ਪਾਸੇ ਸਿਵਲ ਹਸਪਤਾਲ 'ਚ ਬਣਾਏ ਆਈਸੋਲੇਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਦੇ ਪਿੱਛੇ ਸਿਹਤ ਵਿਭਾਗ ਦਾ ਤਰਕ ਹੈ ਕਿ ਸਿਵਲ ਹਸਪਤਾਲ 'ਚ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਆਈਸੋਲੇਸ਼ਨ ਸੈਂਟਰ ਨੂੰ ਨਜ਼ਦੀਕੀ ਪਿੰਡ ਕਿਸ਼ਨਗੜ੍ਹ 'ਚ ਬਣਾਏ ਗਏ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕੀਤਾ ਗਿਆ ਹੈ। ਹੁਣ ਖੰਨਾ ਇਲਾਕੇ 'ਚ ਬੀਤੇ ਦਿਨ ਕੋਰੋਨਾ ਵਾਇਰਸ ਪਾਜ਼ੀਟਿਵ ਤਿੰਨ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ 'ਚ ਇੱਕ ਗਰਭਵਤੀ ਔਰਤ ਤੇ 10 ਸਾਲਾਂ ਦੀ ਬੱਚੀ ਤੋਂ ਇਲਾਵਾ ਇੱਕ ਹੋਰ ਮਹਿਲਾ ਸ਼ਾਮਲ ਹਨ। ਸਿਵਲ ਹਸਪਤਾਲ 'ਚ ਦਾਖਲ ਕੋਰੋਨਾ ਪੀੜਤ ਮਰੀਜ਼ਾਂ ਨੂੰ ਲੁਧਿਆਣਾ ਸਿਵਲ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਹੈ। ਜਦਕਿ ਨਵਾਂ ਕੋਵਿਡ ਕੇਅਰ ਸੈਂਟਰ ਆਉਂਦੀ 1 ਜੁਲਾਈ ਤੋਂ ਵਰਕਿੰਗ ਸ਼ੁਰੂ ਕਰੇਗਾ।

ਇਸ ਸਬੰਧੀ ਸਿਵਲ ਹਸਪਤਾਲ ਦੇ ਐਸਐਮਓ ਡਾ. ਰਜਿੰਦਰ ਗੁਲਾਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਵਲ ਹਸਪਤਾਲ ਖੰਨਾ 'ਚ ਬੀਤੇ ਦਿਨੀਂ ਕੋਵਿਡ-19 ਦੀ ਜਾਂਚ ਸਬੰਧੀ ਲਏ ਗਏ 36 ਸੈਂਪਲਾਂ 'ਚੋਂ ਪੰਜ ਸੈਂਪਲਾਂ ਦੀ ਰਿਪੋਰਟ ਪੈਡਿੰਗ ਸੀ। ਇਨ੍ਹਾਂ ਸੈਂਪਲਾਂ ਦੀ ਆਈ ਰਿਪੋਰਟ 'ਚ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਦਕਿ ਬਾਕੀ ਦੀ ਰਿਪੋਰਟ ਨੈਗੇਟਿਵ ਹੈ। ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਮਰੀਜ਼ਾਂ 'ਚ ਲਲਹੇੜੀ ਰੋਡ ਸਥਿਤ ਡਾ. ਅੰਬੇਦਕਰ ਨਗਰ 'ਚ ਰਹਿਣ ਵਾਲੀ ਇੱਕ 10 ਸਾਲਾਂ ਦੀ ਬੱਚੀ ਅਤੇ ਜਗਤ ਕਲੋਨੀ 'ਚ ਰਹਿੰਦੀ 58 ਸਾਲ ਦੀ ਔਰਤ ਸ਼ਾਮਲ ਹੈ। ਜਦਕਿ ਨਜ਼ਦੀਕੀ ਅਮਲੋਹ ਸ਼ਹਿਰ ਨਾਲ ਸਬੰਧਿਤ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਤਿੰਨਾਂ ਮਰੀਜ਼ਾਂ 'ਚ ਲੱਛਣ ਨਹੀਂ ਪਾਏ ਗਏ ਹਨ।

ਐਸਐਮਓ ਡਾ. ਰਜਿੰਦਰ ਗੁਲਾਟੀ ਨੇ ਅੱਗੇ ਦੱਸਿਆ ਕਿ ਕੋਰੋਨਾ ਵਾਇਰਸ ਪੀੜਤ ਪਾਏ ਗਏ ਤਿੰਨੋਂ ਨਵੇਂ ਮਰੀਜ਼ਾਂ ਨੂੰ ਜਲਦੀ ਹੀ ਲੁਧਿਆਣਾ ਸਿਵਲ ਹਸਪਤਾਲ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਜਦਕਿ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰਾਂ 'ਚ ਕੁਆਰਨਟਾਈਨ ਕੀਤਾ ਗਿਆ ਹੈ। ਸਿਹਤ ਅਧਿਕਾਰੀ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾ ਰਹੇ ਹਨ ਅਤੇ ਜਲਦੀ ਹੀ ਸੈਂਪਲ ਲੈ ਕੇ ਕੁਆਰਨਟਾਈਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਡਾ. ਅੰਬੇਦਕਰ ਨਗਰ ਦੀ ਟਾਇਰਾਂ ਵਾਲੀ ਗਲੀ 'ਚ ਰਹਿੰਦੀ ਇੱਕ ਮਹਿਲਾ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਆਈ ਸੀ। ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਜਾਣ ਬਾਅਦ ਉਕਤ ਮਹਿਲਾ ਦੀ ਕਰੀਬ 2 ਸਾਲਾਂ ਦੀ ਬੱਚੀ ਵੀ ਕੋਰੋਨਾ ਵਾਇਰਸ ਪੀੜਤ ਪਾਈ ਗਈ ਸੀ। ਇਸ ਤੋਂ ਇਲਾਵਾ ਲਲਹੇੜੀ ਰੋਡ ਸਥਿਤ ਗੁਰੂ ਤੇਗ ਬਹਾਦਰ ਨਗਰ ਇਲਾਕੇ 'ਚ ਰਹਿੰਦੀ ਇੱਕ ਮਹਿਲਾ ਨੂੰ ਕੋਰੋਨਾ ਪਾਜ਼ੀਟਿਵ ਆਉਣ ਦੇ ਬਾਅਦ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ।

ਦੂਜੇ ਪਾਸੇ, ਖੰਨਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਬਣਾਏ ਗਏ ਕੋਵਿਡ ਕੇਅਰ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਕੋਵਿਡ ਕੇਅਰ ਸੈਂਟਰ ਨੂੰ ਨਜ਼ਦੀਕੀ ਪਿੰਡ ਕਿਸ਼ਨਗੜ੍ਹ 'ਚ ਬਣਾਏ ਗਏ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕਰ ਦਿੱਤਾ ਗਿਆ ਹੈ, ਜੋ ਕਿ ਆਉਂਦੀ ਇੱਕ ਜੁਲਾਈ ਤੋਂ ਆਪਣੀ ਵਰਕਿੰਗ ਸ਼ੁਰੂ ਕਰ ਦੇਵੇਗਾ। ਪਿੰਡ ਕਿਸ਼ਨਗੜ੍ਹ ਸਥਿਤ ਕੋਵਿਡ ਕੇਅਰ ਸੈਂਟਰ 'ਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੇ ਇਲਾਜ ਲਈ 100 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਆਈਸੇਲੋਸ਼ਨ ਸੈਂਟਰ ਦੇ ਹਰੇਕ ਕਮਰੇ ਨਾਲ ਅਟੈਚ ਬਾਥਰੂਮ ਦੀ ਸੁਵਿਧਾ ਵੀ ਹਾਸਲ ਹੈ।

ਪਿੰਡ ਕਿਸ਼ਨਗੜ੍ਹ ਦੇ ਕੋਵਿਡ ਕੇਅਰ ਸੈਂਟਰ ਨੂੰ ਸ਼ੁਰੂ ਕਰਨ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਸਬ ਡਵੀਜ਼ਨ ਪਾਇਲ ਦੇ ਐਸਡੀਐਮ ਮਨਕੰਵਲ ਸਿੰਘ ਚਾਹਲ ਵੱਲੋਂ ਸਿਹਤ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕੋਵਿਡ ਕੇਅਰ ਸੈਂਟਰ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਜਿਨ੍ਹਾਂ 'ਚ ਮੈਡੀਕਲ ਵਿਵਸਥਾ, ਮਰੀਜ਼ਾਂ ਦੇ ਇਲਾਜ ਲਈ ਬੈੱਡ ਦੀ ਵਿਵਸਥਾ, ਸਫਾਈ ਤੋਂ ਇਲਾਵਾ ਹੋਰ ਜ਼ਰੂਰੀ ਸੁਵਿਧਾਵਾਂ ਸ਼ਾਮਲ ਹਨ।

ਹਾਲਾਂਕਿ, ਖੰਨਾ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਕੋਈ ਵਾਧਾ ਨਾ ਹੋਣ ਦੇ ਚੱਲਦੇ ਕਿਸ਼ਨਗੜ੍ਹ ਸਥਿਤ ਕੋਵਿਡ ਕੇਅਰ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਸੀ। ਸਿਹਤ ਵਿਭਾਗ ਮੁਤਾਬਕ ਮੌਜੂਦਾ ਸਮੇਂ 'ਚ ਸ਼ਹਿਰ ਦੇ ਸਿਵਲ ਹਸਪਤਾਲ 'ਚ ਬਣਾਏ ਗਏ ਐੱਲ-2 ਆਈਸੋਲੇਸ਼ਨ ਸੈਂਟਰ 'ਚ ਮਰੀਜ਼ਾਂ ਦੀ ਘੱਟ ਗਿਣਤੀ ਹੋਣ ਅਤੇ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸਿਵਲ ਵਿਭਾਗ ਵੱਲੋਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਸੈਂਟਰ ਨੂੰ ਬੰਦ ਕਰਕੇ ਪਿੰਡ ਕਿਸ਼ਨਗੜ੍ਹ ਸਥਿਤ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਜਦਕਿ, ਖੰਨਾ ਦੇ ਆਈਸੋਲੇਸ਼ਨ 'ਚ ਦਾਖਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਲੁਧਿਆਣਾ ਸਿਵਲ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਹੈ।