ਆਉਣ ਵਾਲੇ ਹਨ ਅਬੋਹਰ ਦੇ 'ਅੱਛੇ ਦਿਨ' !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 28 2020 16:02
Reading time: 4 mins, 24 secs

ਅਬੋਹਰ ਨੂੰ ਨਵਾਂ ਅਬੋਹਰ ਬਣਾਉਣ ਦੀ ਤਿਆਰੀ ਹੈ ਅਤੇ ਜੇਕਰ ਸੂਬੇ ਦੇ ਮੁੱਖਮੰਤਰੀ ਵੱਲੋਂ ਇਸ ਨੂੰ ਲੈ ਕੇ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਅਬੋਹਰ ਦੀ ਦਿੱਖ ਦੇਖਣ ਵਾਲੀ ਹੋਵੇਗੀ ਅਤੇ ਇਲਾਕੇ ਦੇ ਨਾਲ ਲਗਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਅਬੋਹਰ ਦੀ ਤਸਵੀਰ ਨੂੰ ਬਦਲਣ ਲਈ ਅਤੇ ਆਉਂਦੇ ਭਵਿੱਖ 'ਚ ਅਬੋਹਰ ਨਗਰ ਨਿਗਮ ਨੂੰ ਫ਼ੰਡ ਦੀ ਕਮੀ ਨਾ ਹੋਵੇ ਇਸਦੇ ਲਈ ਜਾਖੜ ਪਰਿਵਾਰ ਇਸ ਨੂੰ ਨੇਪਰੇ ਚੜ੍ਹਾਉਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਅਬੋਹਰ 'ਚ ਵਿਕਾਸ ਕਾਰਜ, ਇਲਾਕੇ ਦੇ ਸਕੂਲਾਂ ਨੂੰ ਅਪਗ੍ਰੇਡ ਕਰਵਾਉਣ, ਸੜਕਾਂ ਦੀ ਉਸਾਰੀ, ਸਰਕਾਰੀ ਕਾਲਜ ਦੀ ਉਸਾਰੀ, ਬੱਸ ਅੱਡੇ ਨੂੰ ਨਵਾਂ ਰੂਪ ਦੇਣ ਸਮੇਤ ਹੋਰ ਕਈ ਅਜਿਹੇ ਕੰਮ ਹਨ ਜਿਸ ਨੂੰ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਣੇ ਇਸ ਨਾਲ ਸਬੰਧਿਤ ਸਾਰੇ ਹੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ 30 ਜੂਨ ਨੂੰ ਉਦਯੋਗ ਭਵਨ, ਚੰਡੀਗੜ੍ਹ ਵਿਖੇ ਸੀ.ਪੀ.ਐਸ.ਸੀ.ਐਮ ਦੀ ਚੇਅਰਮੈਨਸ਼ਿਪ ਹੇਠਾਂ ਹੋਵੇਗੀ। ਮੁੱਖਮੰਤਰੀ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰਨ ਲਈ ਕਿਹਾ ਗਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਬੋਹਰ ਨੂੰ ਨਵਾਂ ਰੂਪ ਦੇਣ ਲਈ ਇਸ ਤੇ ਕੰਮ ਕਰ ਰਹੇ ਹਨ ਅਤੇ ਅਬੋਹਰ ਕਾਂਗਰਸ ਦੇ ਵਿਕਾਸ ਪ੍ਰਭਾਰੀ ਸੰਦੀਪ ਜਾਖੜ ਦੀ ਅਣਥੱਕ ਮਿਹਨਤ ਅਤੇ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਦੀ ਲਗਨ ਵਾਕਿਆ ਹੀ ਸ਼ਲਾਘਾਯੋਗ ਕਦਮ ਹੈ ਜੋ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ਼ ਸ਼ਹਿਰ ਦੇ ਵਿਕਾਸ, ਨਗਰ ਨਿਗਮ ਦੀ ਕਮਾਈ 'ਚ ਵਾਧਾ ਅਤੇ ਸ਼ਹਿਰ ਦੇ ਲੋਕਾਂ ਨੂੰ ਸਹੂਲੀਅਤ ਮਿਲੇ ਇਸਦੇ ਲਈ ਕੰਮ ਕੀਤਾ ਜਾ ਰਿਹਾ ਹੈ।

ਜਾਖੜ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੀ ਰੂਪ ਰੇਖਾ ਤਿਆਰ ਕੀਤੀ ਹੈ, ਹੁਣ ਪਾਠਕਾਂ ਨੂੰ ਉਸਦੇ ਬਾਰੇ ਜਾਣੂ ਕਰਵਾਉਣੇ ਹਾਂ। ਸਭ ਤੋਂ ਪਹਿਲਾਂ ਤਾਂ ਅਬੋਹਰ ਇਲਾਕੇ 'ਚ ਵੈਟਨਰੀ ਕਾਲਜ ਬਣਾਉਣ ਦੀ ਤਜਵੀਜ਼ ਹੈ ਅਤੇ ਸ਼੍ਰੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋਂ ਦੋ ਥਾਵਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਪਿੰਡ ਸੱਪਾਂਵਾਲੀ ਦੀ 13 ਏਕੜ ਜ਼ਮੀਨ ਹੈ ਅਤੇ ਦੂਸਰਾ ਪਿੰਡ ਦੌਲਤਪੂਰਾ ਦੀ ਪੰਚਾਇਤੀ 38 ਏਕੜ ਜ਼ਮੀਨ ਹੈ, ਜਿਸ ਨੂੰ ਪੰਚਾਇਤਾਂ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਪਿੰਡ ਦੀਵਾਨ ਖੇੜਾ ਦੇ ਸਰਕਾਰੀ ਹਾਈ ਸਕੂਲ ਸਣੇ ਸਰਕਾਰੀ ਬੇਸਿਕ ਹਾਈ ਸਕੂਲ, ਮਿਡਲ ਸਕੂਲ ਭੰਗਰਖੇੜਾ, ਮਿਡਲ ਸਕੂਲ ਕਿੱਲਿਆਵਾਲੀ, ਮਿਡਲ ਸਕੂਲ ਪੱਟੀ ਬਿੱਲਾ, ਮਿਡਲ ਸਕੂਲ ਢਾਣੀ ਕਰਨੈਲ, ਮਿਡਲ ਸਕੂਲ ਪੰਨੀਵਾਲਾ ਮਾਹਲਾਂ, ਮਿਡਲ ਸਕੂਲ ਤੂਤ ਵਾਲਾ ਅਤੇ ਮਿਡਲ ਸਕੂਲ ਅਜੀਮਗੜ੍ਹ ਨੂੰ ਅਪਗ੍ਰੇਡ ਕਰਵਾਉਣ ਦੀ ਪ੍ਰੋਪੋਜਲ ਬਣਾਈ ਗਈ ਹੈ।

ਸੰਦੀਪ ਜਾਖੜ ਨੇ ਦੱਸਿਆ ਕਿ 7 ਪਿੰਡਾਂ ਅਤੇ ਢਾਣੀਆਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਪਾਣੀ ਵਾਲੇ ਟੈਂਕ ਬਣਾਉਣ ਲਈ ਜ਼ਮੀਨ ਦੀ ਖ਼ਰੀਦ, ਪਿੰਡ ਅਤੇ ਢਾਣੀਆਂ 'ਚ ਕਰੀਬ 20 ਕਰੋੜ ਦੀ ਲਾਗਤ ਨਾਲ 210 ਕਿੱਲੋਮੀਟਰ ਖੜਵੰਜਾ, ਅਬੋਹਰ-ਹਿੰਦੂਮਲਕੋਟ ਤੋਂ ਜੋਹੜੀ ਮੰਦਿਰ ਤੱਕ ਸੜਕ ਦੀ ਮੁਰੰਮਤ, ਲੱਕੜ ਮੰਦੀ ਨੂੰ ਨਵੀਂ ਅਨਾਜ ਮੰਦੀ ਵਾਲੇ ਪਾਸੇ ਸ਼ਿਫ਼ਟ ਕਰਨਾ, ਕਈ ਨਹਿਰਾਂ ਅਤੇ ਸਬ ਮਾਈਨਰ ਦੀ ਮੁੜ ਉਸਾਰੀ ਸਮੇਤ ਇਲਾਕੇ 'ਚ ਬਿਜਲੀ ਦੀ ਸਮੱਸਿਆ ਨਾ ਹੋਵੇ ਇਸਦੇ ਲਈ 100 ਟਰਾਂਸਫ਼ਾਰਮਰ ਦੀ ਮੰਗ, ਅਬੋਹਰ 'ਚ ਸੀਵਰੇਜ ਦੇ ਕੰਮ ਲਈ ਫ਼ੰਡ ਦੀ ਮੰਗ, ਹਨੂਮਾਨਗੜ੍ਹ ਰੋਡ 'ਤੇ ਉਸਾਰੇ ਜਾ ਰਹੇ ਨਵੇਂ ਵਾਟਰ ਵਰਕਸ ਦੇ ਕੰਮ ਨੂੰ ਪੂਰਾ ਕਰਨ ਲਈ ਫ਼ੰਡ ਦੀ ਮੰਗ ਦੇ ਨਾਲ ਅਬੋਹਰ ਸ਼ਹਿਰ ਲਈ 15 ਕਰੋੜ ਰੁਪਏ, ਪਿੰਡਾਂ ਲਈ 10 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਵੀ ਇਸ ਪ੍ਰੋਪੋਜਲ ਵਿੱਚ ਹੈ। ਹਨੂਮਾਨਗੜ੍ਹ ਰੋਡ ਵਾਲੇ ਤਿਆਰ ਹੋ ਰਹੇ ਵਾਟਰ ਵਰਕਸ ਦੇ ਚਾਲੂ ਹੋਣ ਤੋਂ ਬਾਅਦ ਬੱਸ ਅੱਡੇ ਦੇ ਸਾਹਮਣੇ ਵਾਟਰ ਵਰਕਸ ਵਾਲੀ ਥਾਂ ਨੂੰ ਨਗਰ ਨਿਗਮ ਦੀ ਆਮਦਨ 'ਚ ਵਾਧੇ ਲਈ ਵਰਤਿਆ ਜਾਵੇਗਾ ਅਤੇ ਮਾਰਕੀਟ ਸਮੇਤ ਹੋਰ ਸ਼ਾਪਿੰਗ ਕੰਪਲੈਕਸ ਬਣਾਏ ਜਾਣ ਦਾ ਵਿਚਾਰ ਹੈ ਜਿਸ ਨਾਲ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਹੋਵੇਗਾ ਉਸਦੇ ਨਾਲ ਹੀ ਨਗਰ ਨਿਗਮ ਦੀ ਆਮਦਨ 'ਚ ਵਾਧਾ ਹੋਵੇਗਾ।

ਇਸ ਤੋਂ ਇਲਾਵਾ ਜੋ ਅਹਿਮ ਹੈ ਉਹ ਬੱਸ ਅੱਡੇ ਨੂੰ ਸੁੰਦਰ ਅਤੇ ਹੋਰ ਖੁੱਲ੍ਹਾ ਬਣਾਉਣਾ ਹੈ ਜਿਸਦੇ ਲਈ ਅਬੋਹਰ ਦੇ ਨਹਿਰੂ ਸਟੇਡੀਅਮ ਨੂੰ ਸਰਕਾਰੀ ਕਾਲਜ ਬਣਾਏ ਜਾਣ ਵਾਲੀ ਨਹਿਰੀ ਵਿਭਾਗ ਦੇ ਦਫ਼ਤਰ ਵਾਲੀ ਜਗ੍ਹਾ ਦੇ ਨਾਲ ਹੀ ਸ਼ਿਫ਼ਟ ਕਰਨਾ ਹੈ ਤਾਂ ਜੋ ਨਹਿਰੂ ਸਟੇਡੀਅਮ ਵਾਲੀ ਜਗ੍ਹਾ ਨੂੰ ਬੱਸ ਅੱਡੇ ਦੇ ਨਾਲ ਰਲੇਵਾ ਕਰਕੇ ਦੁਕਾਨਾਂ ਦੀ ਉਸਾਰੀ ਕੀਤੀ ਜਾਵੇ ਜਿਸ ਨਾਲ ਨਗਰ ਨਿਗਮ ਨੂੰ ਇੱਕ ਫਿਕਸ ਕਮਾਈ ਆਉਂਦੇ ਸਾਲਾਂ ਤੱਕ ਜਾਰੀ ਰਹੇ। ਇਸਦੇ ਨਾਲ ਹੀ ਐਸਡੀਐਮ ਰਿਹਾਇਸ਼ ਨੂੰ ਵੀ ਇੱਥੋਂ ਬਦਲਣ ਦੀ ਤਜਵੀਜ਼ ਹੈ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਸੈਰ ਕਰਨ, ਬੱਚਿਆਂ ਦੇ ਪਾਰਕ 'ਚ ਖੇਡਣ ਲਈ ਨਹਿਰੂ ਪਾਰਕ ਨੂੰ ਐਸਡੀਐਮ ਰਿਹਾਇਸ਼ ਵੱਲ ਨੂੰ ਵਧਾਇਆ ਜਾਵੇ ਅਤੇ ਨਾਲ ਹੀ ਉਸਦੇ ਕੁੜੀਆਂ ਵਾਲੇ ਸਕੂਲ ਦੇ ਨਾਲ ਲਗਦੀ ਥਾਂ ਸਕੂਲ ਵਿੱਚ ਮਿਲਾ ਕੇ ਸਕੂਲ ਕੈਂਪਸ ਨੂੰ ਵਧਾਇਆ ਜਾ ਸਕੇ। ਕਰੋੜਾਂ ਰੁਪਏ ਦੀ ਲਾਗਤ ਨਾਲ ਖਾਲੇ ਬਣਾਏ ਜਾਣ ਦੀ ਤਜਵੀਜ਼ ਵੀ ਰੱਖੀ ਗਈ ਹੈ।

ਸੰਦੀਪ ਜਾਖੜ ਦਾ ਕਹਿਣਾ ਹੈ ਕਿ ਜੇ ਇਸ ਤਜਵੀਜ਼ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਬੋਹਰ ਸ਼ਹਿਰ ਅਤੇ ਇਲਾਕੇ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਇਸ ਗੱਲ 'ਤੇ ਗਿਲਾ ਵੀ ਕੀਤਾ ਕਿ ਇਸ ਸਾਂਝੇ ਕੰਮ 'ਚ ਨਾ ਹੀ ਅਕਾਲੀ ਦਲ ਦੇ ਆਗੂਆਂ ਨੇ ਕੋਈ ਦਿਲਚਸਪੀ ਵਿਖਾਈ ਅਤੇ ਨਾ ਹੀ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੇ, ਜਿਨ੍ਹਾਂ ਦਾ ਕੰਮ ਸਿਰਫ਼ ਸੂਬਾ ਸਰਕਾਰ ਨੂੰ ਭੰਡਣਾ ਹੀ ਰਿਹਾ ਹੈ, ਜਦੋਂਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਇਨ੍ਹਾਂ ਨੇ ਸ਼ਹਿਰ ਲਈ ਕੋਈ ਪੈਕੇਜ ਦੀ ਨਾ ਹੀ ਮੰਗ ਕੀਤੀ ਅਤੇ ਨਾ ਹੀ ਕੋਸ਼ਿਸ਼ ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਨ੍ਹਾਂ ਦਾ ਸ਼ਹਿਰ ਵਾਸੀਆਂ ਅਤੇ ਸ਼ਹਿਰ ਨਾਲ ਕੋਈ ਲਗਾਵ ਨਹੀਂ ਬਸ ਸਿਆਸਤ ਕਰਨਾ ਹੀ ਕੰਮ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਉਨ੍ਹਾਂ ਦੀ ਇਹੀ ਸੋਚ ਹੈ ਕਿ ਸ਼ਹਿਰ ਲਈ ਅਜਿਹਾ ਕੁਝ ਕੀਤਾ ਜਾਵੇ ਜਿਸ ਨਾਲ ਸ਼ਹਿਰ ਦੇ ਵਿਕਾਸ, ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਹੋਰ ਕੰਮਾਂ 'ਚ ਪੈਸੇ ਦੀ ਕਮੀ ਕਰਕੇ ਪੈਂਦੀ ਅੜਚਨ ਨੂੰ ਹਮੇਸ਼ਾ ਲਈ ਦੁਰ ਕੀਤਾ ਜਾਵੇ ਅਤੇ ਨਗਰ ਨਿਗਮ ਦੀ ਆਮਦਨ ਲਈ ਅਜਿਹੇ ਸਾਧਨਾਂ, ਅਜਿਹੇ ਸਰੋਤਾਂ ਨੂੰ ਪੈਦਾ ਕੀਤਾ ਜਾਵੇ ਜਿਸ ਨਾਲ ਨਗਰ ਨਿਗਮ ਨੂੰ ਪੈਸੇ ਦੀ ਕਮੀ ਨਾ ਆਵੇ। ਹੁਣ ਅਸੀਂ ਤਾਂ ਇਹੀ ਕਹਾਂਗੇ ਕਿ ਅਬੋਹਰ ਦੇ ਅੱਛੇ ਦਿਨ ਆਉਣ ਵਾਲੇ ਹਨ ਜੇ ਇਸ ਪ੍ਰੋਪੋਜਲ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ!