ਕੋਰੋਨਾ 'ਚ ਵਿਆਹ ਕਰਵਾਉਣਾ ਪੈ ਗਿਆ ਮਹਿੰਗਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 28 2020 13:48
Reading time: 0 mins, 59 secs

ਬੇਸ਼ੱਕ ਕੋਰੋਨਾ ਦੌਰਾਨ ਵਿਆਹ ਕਰਵਾਉਣ ਵਾਲੇ ਕਈ ਲੋਕਾਂ ਨੂੰ ਫਾਇਦਾ ਹੋਇਆ ਹੈ ਪਰ ਜਿਸ ਮਾਮਲੇ ਦੀ ਗੱਲ ਅਸੀਂ ਕਰਨ ਜਾ ਰਹੇ ਹਨ ਉਸ ਵਿੱਚ ਲਾੜੇ ਅਤੇ ਉਸਦੇ ਪਰਿਵਾਰ ਸਮੇਤ ਬਰਾਤੀਆਂ ਵਿੱਚੋਂ ਕੁਝ ਨੂੰ ਇਹ ਵਿਆਹ ਮਹਿੰਗਾ ਪੈ ਗਿਆ। ਲਾੜਾ ਕੋਰੋਨਾ ਦੀ ਚਪੇਟ 'ਚ ਆ ਗਿਆ ਅਤੇ ਉਸਦਾ ਦਾਦਾ ਤਾਂ ਮੌਤ ਦਾ ਸ਼ਿਕਾਰ ਹੋ ਗਿਆ, ਇੰਨਾ ਹੀ ਨਹੀਂ 127 ਬਰਾਤੀਆਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ, ਜਦਕਿ 15 ਜਣੇ ਕੋਰੋਨਾ ਪਾਜ਼ੀਟਿਵ ਆਏ ਹਨ।

ਇੱਥੇ ਦੱਸ ਦਈਏ ਕਿ ਮਾਮਲਾ ਭੀਲਵਾੜਾ ਦਾ ਹੈ ਜਿੱਥੇ ਇੱਕ ਵਿਆਹ ਸਮਾਰੋਹ ਹੋਇਆ ਜਿਸ ਵਿੱਚ 250 ਤੋਂ ਵੀ ਵੱਧ ਲੋਕਾਂ ਦੀ ਸ਼ਮੂਲੀਅਤ ਅਤੇ ਫੈਲੇ ਕੋਰੋਨਾ ਸੰਕਰਮਣ ਕਰਕੇ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਉਂਦੇ ਹੋਏ ਲਾੜੇ 'ਤੇ ਜੁਰਮਾਨਾ ਲਗਾਇਆ ਹੈ। ਲਾੜੇ ਸਣੇ 15 ਜਣੇ ਕੋਰੋਨਾ ਪਾਜ਼ੀਟਿਵ ਆਏ ਹਨ ਅਤੇ ਕਰੀਬ 127 ਬਰਾਤੀਆਂ ਨੂੰ ਕੁਆਰਨਟਾਈਨ ਕੀਤਾ ਜਾ ਚੁੱਕਿਆ ਹੈ ਅਤੇ ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਦੇ ਇਲਾਜ 'ਤੇ ਆਉਣ ਵਾਲਾ ਸਾਰਾ ਖਰਚਾ ਲਾੜੇ ਸਿਰ ਪਾਇਆ ਹੈ।

ਹੁਣ ਤੱਕ ਕਰੀਬ 6 ਲੱਖ ਤੋਂ ਵੱਧ ਦਾ ਖਰਚਾ ਆ ਚੁੱਕਿਆ ਹੈ ਅਤੇ ਜੋ ਪ੍ਰਸ਼ਾਸਨ ਵੱਲੋਂ ਲਾੜੇ ਤੋਂ ਵਸੂਲੇ ਜਾਣ ਦੀ ਕਾਰਵਾਈ ਅਰੰਭੀ ਗਈ ਹੈ। ਇਹੀ ਨਹੀਂ ਹੱਲੇ ਤਾਂ ਹੋਰ ਖਰਚਾ ਆਉਣਾ ਹੈ ਅਤੇ ਉਹ ਵੀ ਲਾੜੇ ਦੀ ਜੇਬ 'ਚੋਂ ਹੀ ਕੱਢਿਆ ਜਾਵੇਗਾ। ਵਿਆਹ 'ਚ 50 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ।