ਮੱਕੀ ਦੀ ਫਸਲ ਤੇ ਕੀੜੇ ਦੇ ਹਮਲੇ ਤੋਂ ਬਚਾਅ ਲਈ ਖੇਤੀਬਾੜੀ ਅਧਿਕਾਰੀਆਂ ਨੇ ਕੀਤਾ ਪਿੰਡਾਂ ਦਾ ਦੌਰਾ

Last Updated: Jun 28 2020 12:32
Reading time: 2 mins, 2 secs

ਰਵਾਇਤੀ ਖੇਤੀਬਾੜੀ ਕਿਸਾਨਾਂ ਲਈ ਆਰਥਿਕ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ। ਫਸਲੀ ਵਿਭਿੰਨਤਾ ਅਪਣਾ ਕੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨਾ-ਕਣਕ ਦੀ ਖੇਤੀ ਕਰਨ ਦੀ ਥਾਂ ਹੋਰ ਫਾਇਦੇਮੰਦ ਫਸਲਾਂ ਦੀ ਬਿਜਾਈ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਫਸਲੀ ਵਿਭਿੰਨਤਾ ਦੇ ਤਹਿਤ ਕਿਸਾਨਾਂ ਨੂੰ ਰਵਾਇਤੀ ਖੇਤੀ ਦੀ ਥਾਂ ਮੱਕੀ ਦੀ ਫਸਲ ਬੀਜਣ ਦੀ ਤਰਜੀਹ ਦਿੱਤੀ ਜਾਂਦੀ ਹੈ। ਸੂਬੇ ਦੇ ਕਾਫੀ ਕਿਸਾਨ ਰਵਾਇਤੀ ਖੇਤੀ ਦੀ ਥਾਂ ਫਸਲੀ ਵਿਭਿੰਨਤਾ ਤਹਿਤ ਮੱਕੀ ਦੀ ਫਸਲ ਬੀਜਣ ਵੱਲ ਆਕਰਸ਼ਿਤ ਹੋ ਰਹੇ ਹਨ। ਪਰ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਫਸਲ ਉੱਤੇ ਫਾਲ ਆਰਮੀਵਾਰਮ ਨਾਮਕ ਕੀੜੇ ਦੇ ਹਮਲੇ ਕਾਰਨ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੱਕੀ ਦੀ ਫਸਲ ਤੇ ਫਾਲ ਆਰਮੀਵਾਰਮ ਕੀੜੇ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਮੱਕੀ ਦੀ ਫਸਲ ਤੇ ਫਾਲ ਆਰਮੀਵਾਰਮ ਕੀੜੇ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਜ਼ਰੂਰੀ ਹੈ। ਮੱਕੀ ਦੀ ਫਸਲ ਲਈ ਫਾਲ ਆਰਮੀਵਾਰਮ ਕੀੜਾ ਵਿਨਾਸ਼ਕਾਰੀ ਹੈ। ਇਹ ਕੀੜਾ ਆਮ ਤੌਰ 'ਤੇ ਮੱਕੀ ਦੀ 10 ਤੋਂ 40 ਦਿਨਾਂ ਤੱਕ ਦੀ ਫਸਲ 'ਤੇ ਜ਼ਿਆਦਾ ਹਮਲਾ ਕਰਦਾ ਹੈ। ਜੇਕਰ ਸਮੇਂ ਸਿਰ ਇਸ ਕੀੜੇ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਗੋਭ ਦਾ ਬਹੁਤ ਨੁਕਸਾਨ ਕਰਦਾ ਹੈ ਅਤੇ ਫਸਲ ਖਰਾਬ ਹੋਣ ਕਾਰਨ ਕਿਸਾਨ ਨੂੰ ਆਰਥਿਕ ਤੌਰ ਤੇ ਕਾਫੀ ਨੁਕਸਾਨ ਕਰਦਾ ਹੈ।

ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਪਾਲ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਫਾਲ ਆਰਮੀਵਾਰਮ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤੇ ਦੀ ਸਤਹਾ ਨੂੰ ਖੁਰਚ ਕੇ ਖਾਂਦੀਆਂ ਹਨ। ਜਦਕਿ ਵੱਡੀਆਂ ਸੁੰਡੀਆਂ ਮੱਕੀ ਦੀ ਫਸਲ ਦੀ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ ਲਗਭਗ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਹਮਲੇ ਪ੍ਰਤੀ ਸੁਚੇਤ ਰਹਿ ਕੇ ਕੀੜੇ ਦੀ ਰੋਕਥਾਮ ਲਈ ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰੱਖਣੀ ਚਾਹੀਦੀ ਹੈ।

ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ (ਇਨਫੋ) ਡਾ. ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਕੀੜੇ ਦੀ ਰੋਕਥਾਮ ਲਈ 0.4 ਮਿ.ਲੀ. ਕਲੋਰੈਂਟਰਾਨਿਲੀਪਰੋਲ 18.5 ਫੀਸਦੀ ਐਸ.ਸੀ. ਜਾਂ 0.5 ਮਿ.ਲੀ. ਸਪਾਈਨਟੋਰਮ 11.7 ਫੀਸਦੀ ਐਸ.ਸੀ ਜਾਂ 0.4 ਗ੍ਰਾਮ ਐਮਾਮੈਕਟਿਨ ਬੈਂਜੋਏਟ 5 ਫੀਸਦੀ ਐਸ.ਸੀ ਪ੍ਰਤੀ ਲੀਟਰ ਪਾਣੀ, 20 ਦਿਨਾਂ ਦੀ ਫਸਲ ਲਈ 120 ਲੀਟਰ ਪਾਣੀ ਅਤੇ ਇਸ ਤੋਂ ਵੱਡੀ ਫਸਲ ਤੇ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ। ਜਦਕਿ ਚਾਰੇ ਵਾਲੀ ਫਸਲ 'ਤੇ 0.4 ਮਿ.ਲੀ. ਕਲੋਰੈਂਟਰਾਨਿਲੀਪਰੋਲ 18.5 ਫੀਸਦੀ ਐਸ.ਸੀ.ਪ੍ਰਤੀ ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕੀਤਾ ਜਾਵੇ। ਛਿੜਕਾਅ ਤੋਂ ਵਾਢੀ ਦਰਮਿਆਨ ਸਮਾਂ ਘੱਟੋ ਘੱਟ 21 ਦਿਨਾਂ ਦਾ ਹੋਣਾ ਚਾਹੀਦਾ ਹੈ ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਪਸ਼ੂਆਂ ਤੇ ਬੁਰਾ ਪ੍ਰਭਾਵ ਨਾ ਪਵੇ।