ਹਰਿਆਣਾ ਸਿਹਤ ਵਿਭਾਗ ਅਤੇ ਪੁਲਿਸ ਨੇ ਕੀਤਾ ਬਠਿੰਡਾ 'ਚ ਲਿੰਗ ਜਾਂਚ ਦਾ ਪਰਦਾਫਾਸ਼

Last Updated: Jun 06 2020 15:30
Reading time: 0 mins, 59 secs

ਹਰਿਆਣਾ ਸਿਹਤ ਵਿਭਾਗ ਅਤੇ ਪੁਲਿਸ ਦੇ ਵੱਲੋਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿੰਗ ਜਾਂਚ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਜ਼ਿਲ੍ਹਾ ਸਿਰਸਾ ਨੂੰ ਸੂਚਨਾ ਮਿਲੀ ਸੀ ਕਿ ਉੱਥੋਂ ਦੇ ਲੋਕ ਪੰਜਾਬ ਜਾ ਕੇ ਲਿੰਗ ਜਾਂਚ ਕਰਵਾਉਂਦੇ ਹਨ। ਇਸ ਆਧਾਰ ਤੇ ਜ਼ਿਲ੍ਹਾ ਸਿਹਤ ਵਿਭਾਗ ਸਿਰਸਾ ਅਤੇ ਪੁਲਿਸ ਦੀ ਟੀਮ ਵੱਲੋਂ ਇੱਕ ਯੋਜਨਾ ਬਣਾ ਕੇ ਇੱਕ ਵਿਅਕਤੀ ਨੂੰ ਕੁਝ ਦਲਾਲਾਂ ਦੇ ਸੰਪਰਕ ਵਿੱਚ ਲਿਆਂਦਾ ਗਿਆ ਜੋ ਕਿ 42 ਹਜ਼ਾਰ ਰੁਪਏ ਵਿੱਚ ਸੌਦਾ ਕਰਕੇ ਉਨ੍ਹਾਂ ਨੂੰ ਜਾਂਚ ਲਈ ਬਠਿੰਡਾ ਸ਼ਹਿਰ ਦੀ ਨਾਮਦੇਵ ਰੋਡ ਸਥਿਤ ਇੱਕ ਨਿੱਜੀ ਇੰਦਰਾਣੀ ਹਸਪਤਾਲ ਵਿੱਚ ਲੈ ਕੇ ਆਏ ਜਿੱਥੇ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ।

ਇਸ ਮਾਮਲੇ ਵਿੱਚ ਫੜੇ ਗਏ ਲੋਕਾਂ ਦੀ ਪਹਿਚਾਣ ਰੁਪਿੰਦਰ ਕੌਰ ਵਾਸੀ ਰਤੀਆ (ਹਰਿਆਣਾ), ਗੁਰਜੀਤ ਸਿੰਘ ਵਾਸੀ ਫੂਸ ਮੰਡੀ (ਮਾਨਸਾ), ਜਗਤਾਰ ਸਿੰਘ ਵਾਸੀ ਬਠਿੰਡਾ ਅਤੇ ਆਰਐੱਮਪੀ ਡਾਕਟਰ ਬਜਰੰਗ ਲਾਲ ਵਾਸੀ ਬਠਿੰਡਾ ਵਜੋਂ ਹੋਈ ਦੱਸੀ ਜਾਂਦੀ ਹੈ। ਸਿਹਤ ਵਿਭਾਗ ਸਿਰਸਾ ਦੇ ਵੱਲੋਂ ਮਾਮਲੇ ਦੀ ਜਾਣਕਾਰੀ ਸਥਾਨਕ ਸਿਹਤ ਵਿਭਾਗ ਨੂੰ ਵੀ ਦਿੱਤੀ ਗਈ ਅਤੇ ਸਥਾਨਕ ਸਿਹਤ ਵਿਭਾਗ ਦੇ ਅਨੁਸਾਰ ਉਹ ਹਰਿਆਣਾ ਪੁਲਿਸ ਅਤੇ ਸਿਹਤ ਵਿਭਾਗ ਨੂੰ ਕਾਰਵਾਈ ਵਿੱਚ ਪੂਰਾ ਸਾਥ ਦੇਣਗੇ। ਦੂਜੇ ਪਾਸੇ ਇਸ ਹਸਪਤਾਲ ਦੇ ਮਾਲਕਾਂ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਮਾਮਲੇ ਵਿੱਚ ਹਸਪਤਾਲ ਦੀ ਕੋਈ ਵੀ ਭੂਮਿਕਾ ਨਹੀਂ ਹੋਣ ਦੀ ਗੱਲ ਕੀਤੀ ਗਈ ਹੈ।