ਕੀ, ਕਦੇ ਸਾਡੀ ਪੁਲਿਸ ਤੇ ਫ਼ੌਜ ਵੀ ਸਿਆਸਤਦਾਨਾਂ ਨਾਲੋਂ ਦੇਸ਼ ਦੇ ਸੰਵਿਧਾਨ ਨੂੰ ਦੇਵੇਗੀ ਵੱਧ ਤਰਜ਼ੀਹ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 06 2020 16:45
Reading time: 1 min, 52 secs

ਬਿਨਾਂ ਸ਼ੱਕ ਸਾਡੀ ਪੁਲਿਸ ਤੇ ਫ਼ੌਜ ਦੇਸ਼ ਦੇ ਸੰਵਿਧਾਨ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੀ ਹੈ ਪਰ, ਇਹ ਗੱਲ ਵੀ ਪੂਰੇ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਕਿ, ਸਾਡੇ ਦੇਸ਼ ਵਿੱਚ ਸੰਵਿਧਾਨ ਨੂੰ ਸਿਆਸੀ ਲੀਡਰਾਂ ਨਾਲੋਂ ਵੱਧ ਸਤਿਕਾਰ ਮਿਲਦਾ ਹੋਵੇਗਾ। ਗ਼ਲਤ ਹਨ ਜਾਂ ਸਹੀ, ਇਹ ਇੱਕ ਵੱਖਰਾ ਵਿਸ਼ਾ ਹੈ ਪਰ, ਸਾਡੀ ਪੁਲਿਸ ਅਤੇ ਫ਼ੌਜ ਤੇ ਅਕਸਰ ਹੀ ਸਿਆਸੀ ਲੀਡਰਾਂ ਦੇ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ।

ਦੋਸਤੋ, ਗੱਲ ਕਰੀਏ ਜੇਕਰ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹੋਈਆਂ ਹਿੰਸਕ ਵਾਰਦਾਤਾਂ ਦੀ ਤਾਂ ਇਹਨਾਂ ਵਾਰਦਾਤਾਂ ਨੇ ਸਮੁੱਚੀ ਅਮਰੀਕਨ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਗਰ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਚੱਲੀਆਂ ਖ਼ਬਰਾਂ ਨੂੰ ਸਹੀ ਮੰਨ ਲਿਆ ਜਾਵੇ ਤਾਂ, ਜੌਰਜ ਫ਼ਲਾਇਡ ਦੀ ਮੌਤ ਦੇ ਬਾਅਦ ਵਾਪਰੀਆਂ ਹਿੰਸਕ ਵਾਰਦਾਤਾਂ ਨੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇੰਨਾ ਕੁ ਹਿਲਾ ਕੇ ਰੱਖ ਦਿੱਤਾ ਸੀ ਕਿ, ਪ੍ਰਦਰਸ਼ਨਕਾਰੀਆਂ ਦੇ ਸੰਘਰਸ਼ ਨੂੰ ਸਖ਼ਤੀ ਨਾਲ ਕੁਚਲ ਦੇਣ ਤੱਕ ਦੀ ਧਮਕੀ ਦੇ ਦਿੱਤੀ।

ਦੋਸਤੋ, ਅਮਰੀਕਾ ਵਿੱਚ ਕੀ ਅਤੇ ਕਿਉਂ ਹੋਇਆ, ਇਹਨਾਂ ਸਵਾਲਾਂ ਨੂੰ ਇੱਕ ਪਾਸੇ ਰੱਖ ਕੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦੇ ਹਾਂ ਤੇ ਮੁੱਦਾ ਹੈ, ਉੱਥੋਂ ਦੇ ਪੁਲਿਸ ਮੁਖੀ ਆਰਟ ਏਸੇਵੇਡੋ ਵੱਲੋਂ ਦੇਸ਼ ਦੇ ਹੋਰਨਾਂ ਸੂਬਿਆਂ ਦੇ ਪੁਲਿਸ ਮੁਖੀਆਂ ਦੇ ਹਵਾਲੇ ਨਾਲ ਇੱਕ ਵੱਡੇ ਚੈਨਲ ਦੇ ਜ਼ਰੀਏ ਰਾਹੀਂ ਡੋਨਲਡ ਟਰੰਪ ਨੂੰ ਦਿੱਤੇ ਮਸ਼ਵਰੇ ਦਾ। ਜੇਕਰ ਉਕਤ ਚੈਨਲ ਵੱਲੋਂ ਕੀਤੇ ਗਏ ਟਵੀਟ ਨੂੰ ਸਹੀ ਮੰਨ ਲਿਆ ਜਾਵੇ ਤਾਂ ਪੁਲਿਸ ਚੀਫ਼ ਨੇ ਅਮਰੀਕਨ ਰਾਸ਼ਟਰਪਤੀ ਨੂੰ ਆਪਣਾ ਮੂੰਹ ਬੰਦ ਰੱਖਣ ਤੱਕ ਦੀ ਵਾਰਨਿੰਗ ਦੇ ਦਿੱਤੀ ਸੀ।

ਦੋਸਤੋ, ਆਰਟ ਏਸੇਵੇਡੋ ਵੱਲੋਂ ਟਰੰਪ ਨੂੰ ਜਿਸ ਤਰੀਕੇ ਨਾਲ ਸਿੱਧੇ ਸ਼ਬਦਾਂ ਵਿੱਚ ਮੂੰਹ ਬੰਦ ਰੱਖਣ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ, ਉਹ ਉਨ੍ਹਾਂ ਦੇਸ਼ਾਂ ਦੇ ਪੁਲਿਸ ਅਫ਼ਸਰਾਂ ਲਈ ਇੱਕ ਮਿਸਾਲ ਹੈ, ਜਿਹੜੇ ਸਿਆਸੀ ਲੋਕਾਂ ਝੋਲੀ ਚੁੱਕ ਹੋਣ ਦੇ ਇਲਜ਼ਾਮਾਂ ਦੇ ਬੋਝ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹਨ। ਇੱਥੇ ਹੀ ਬੱਸ ਨਹੀਂ ਅਮਰੀਕਨ ਫ਼ੌਜ ਦੇ ਚੀਫ਼ ਦੇ ਮੁਖੀ ਨੇ ਵੀ ਫ਼ੌਜ ਦੇ ਨਾਮ ਸੰਦੇਸ਼ ਵਿੱਚ ਇੱਥੋਂ ਤੱਕ ਆਖ ਦਿੱਤਾ ਸੀ ਕਿ, ਉਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੀ ਰਖਵਾਲੀ ਲਈ ਸਹੁੰ ਖਾਧੀ ਹੈ ਨਾ ਕਿ, ਟਰੰਪ ਲਈ।

ਅਲੋਚਕਾਂ ਦਾ ਸਵਾਲ ਹੈ ਕਿ, ਹੈ ਇੰਨੀ ਹਿੰਮਤ ਸਾਡੇ ਦੇਸ਼ ਦੇ ਕਿਸੇ ਪੁਲਿਸ ਤੇ ਫ਼ੌਜ ਮੁਖੀ ਵਿੱਚ ਕਿ, ਉਹ ਲੋੜ ਪੈਣ ਤੇ ਕਿਸੇ ਸੱਤਾਧਾਰੀ ਦੀ ਇਸ ਤਰ੍ਹਾਂ ਨਾਲ ਮੁਖ਼ਾਲਫ਼ਤ ਕਰ ਸਕੇ? ਸਵਾਲ ਇਹ ਵੀ ਬਣਦਾ ਹੈ ਕਿ, ਕੀ ਕਦੇ ਸਾਡੀ ਪੁਲਿਸ ਤੇ ਫ਼ੌਜ ਵੀ, ਸਿਆਸਤਦਾਨਾਂ ਨਾਲੋਂ, ਦੇਸ਼ ਦੇ ਸੰਵਿਧਾਨ ਨੂੰ ਵੱਧ ਤਰਜ਼ੀਹ ਦੇਵੇਗੀ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।