ਕੋਰੋਨਾ ਵਾਇਰਸ ਉੱਤੇ ਫ਼ਤਿਹ ਪਾਉਣੀ ਹੈ ਤਾਂ ਮਾਸਕ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲੋ- ਚੇਅਰਮੈਨ ਰਵੀਨੰਦਨ ਬਾਜਵਾ

Last Updated: Jun 06 2020 14:32
Reading time: 1 min, 18 secs

ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੇ ਖਾਤਮੇ ਲਈ ਜਨਤਕ ਥਾਵਾਂ ਉੱਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਅਤੇ ਘਰ ਤੋਂ ਬਾਹਰ ਆਉਂਦਾ ਹਰੇਕ ਵਿਅਕਤੀ ਮਾਸਕ ਪਾ ਕੇ ਨਿਕਲੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਕੋਵਿਡ ਉੱਤੇ ਫ਼ਤਿਹ ਪਾਉਣੀ ਹੈ ਤਾਂ ਜ਼ਰੂਰੀ ਹੈ ਕਿ ਅਸੀਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੰਨੀਏ।

ਚੇਅਰਮੈਨ ਬਾਜਵਾ ਨੇ ਕਿਹਾ ਕਿ ਮਾਸਕ ਪਾਉਣਾ, ਆਪਸੀ ਦੂਰੀ ਬਣਾ ਕੇ ਰੱਖਣਾ ਅਤੇ ਹੱਥਾਂ ਦੀ ਸਫ਼ਾਈ ਰੱਖਣੀ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਮੁੱਖ ਨੁਕਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਜੋ ਵਿਅਕਤੀ ਮਾਸਕ ਨਹੀਂ ਪਾਉਂਦਾ ਉਸਦਾ ਚਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਜਨਤਕ ਸਥਾਨ ਜਿਨ੍ਹਾਂ ਵਿੱਚ ਸੜਕਾਂ, ਗਲੀਆਂ, ਹਸਪਤਾਲ, ਦਫਤਰ, ਬਾਜ਼ਾਰ ਆਦਿ ਸ਼ਾਮਿਲ ਹਨ, ਵਿੱਚ ਜਾਂਦੇ ਵਕਤ ਮਾਸਕ ਜ਼ਰੂਰ ਪਾਓ। ਚੇਅਰਮੈਨ ਬਾਜਵਾ ਨੇ ਕਿਹਾ ਕਿ ਮਾਸਕ ਸਧਾਰਨ ਕੱਪੜੇ ਦਾ ਘਰ ਦਾ ਬਣਿਆ ਵੀ ਹੋ ਸਕਦਾ ਹੈ, ਜੋ ਕਿ ਧੋਣ ਯੋਗ ਹੋਵੇ।

ਇਸ ਤੋਂ ਇਲਾਵਾ ਮਾਸਕ ਨਾ ਹੋਣ ਦੀ ਸੂਰਤ ਵਿੱਚ ਰੁਮਾਲ, ਦੁਪੱਟਾ, ਸਟੋਲ ਆਦਿ ਦੀ ਵਰਤੋਂ ਵੀ ਮੂੰਹ ਢੱਕਣ ਲਈ ਕੀਤੀ ਜਾ ਸਕਦੀ ਹੈ, ਪਰ ਇਹ ਕੱਪੜਾ ਮੂੰਹ ਅਤੇ ਨੱਕ ਢੱਕਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਅਤੇ ਮਾਨਸਿਕ ਤੌਰ ਉੱਤੇ ਤਕੜਾ ਕਰਨ ਲਈ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਕੋਵਿਡ ਵਿਰੁੱਧ ਜੰਗ ਜਿੱਤਣ ਦਾ ਸੂਚਕ ਹੈ, ਪਰ ਇਹ ਜੰਗ ਤਾਂ ਹੀ ਜਿੱਤੀ ਜਾਣੀ ਹੈ ਜੇਕਰ ਲੋਕ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਜੰਗ ਸਾਡੀ ਸਾਰਿਆਂ ਦੀ ਸਾਂਝੀ ਜੰਗ ਹੈ ਅਤੇ ਅਸੀਂ ਸਾਰੇ ਮਿਲ ਕੇ ਇਸ ਜੰਗ ਨੂੰ ਜ਼ਰੂਰ ਜਿੱਤਾਂਗੇ।