ਸਿੱਧੂ ਦੀ ਘਰ ਵਾਪਸੀ ਲਈ ਵਧਦੀ ਜਾ ਰਹੀ ਹੈ ਕੈਪਟਨ ਦੀ ਬੇਕਰਾਰੀ !!! (ਵਿਅੰਗ)

Last Updated: Jun 06 2020 13:33
Reading time: 2 mins, 12 secs

ਅਮਰਿੰਦਰ, ਭਾਵੇਂ ਮੰਨਣ ਜਾਂ ਨਾ ਮੰਨਣ ਪਰ, ਇਸ ਵੇਲੇ ਉਹ ਸਿੱਧੂ ਦੀ ਘਰ ਵਾਪਸੀ ਲਈ ਪੂਰੀ ਤਰ੍ਹਾਂ ਨਾਲ ਬੇਕਰਾਰ ਨਜ਼ਰ ਆ ਹਨ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ ਤਾਜ਼ਾ ਬਿਆਨ ਨਾਲ ਸੂਬੇ ਦੀ ਅਵਾਮ ਵਿੱਚ ਇਹੋ ਸੰਦੇਸ਼ ਗਿਆ ਹੈ ਕਿ, ਇਸ ਵੇਲੇ ਕੈਪਟਨ ਨੂੰ ਸਿੱਧੂ ਦੀ ਗੈਰ ਮੌਜੂਦਗੀ ਬੁਰੀ ਤਰ੍ਹਾਂ ਨਾਲ ਖ਼ਟਕ ਰਹੀ ਹੈ। ਸਿਆਸੀ ਗੱਲਾਂ ਦੇ ਚਟਕੋਰਿਆਂ ਦਾ ਮੰਨਣਾ ਹੈ ਕਿ, ਪਿਛਲੇ ਸਮੇਂ ਦੇ ਦੌਰਾਨ ਪੰਜਾਬ ਕਾਂਗਰਸ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਦੇ ਬਾਅਦ ਰਾਜਾ ਜੀ ਨੂੰ ਸ਼ਾਇਦ ਇਸ ਗੱਲ ਦਾ ਆਤਮਿਕ ਗਿਆਨ ਹੋ ਚੁੱਕਾ ਹੈ ਕਿ, ਜੇਕਰ ਨਵਜੋਤ ਉਨ੍ਹਾਂ ਦੇ ਨਾਲ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੀ ਮੁੱਛ ਨੂੰ ਫ਼ਿਕਸੋ ਦੀ ਲੋੜ ਨਹੀਂ ਸੀ ਪੈਣੀ।

ਸਿਆਸੀ ਚੂੰਢੀਮਾਰਾਂ ਅਨੁਸਾਰ, ਭਾਵੇਂ ਕੈਪਟਨ ਜਨਤਕ ਤੌਰ ਤੇ ਇਹ ਗੱਲ ਕਦੇ ਵੀ ਕਬੂਲਣ ਨੂੰ ਤਿਆਰ ਨਹੀਂ ਹੋਣਗੇ ਪਰ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਕੈਪਟਨ ਦੇ ਦਿਲ ਵਿੱਚ ਸਿੱਧੂ ਪ੍ਰਤੀ ਮੋਹ ਅਜੇ ਵੀ ਲਬਾ ਲਬ ਨਹੀਂ ਭਰਿਆ ਪਿਆ ਅਤੇ ਨਾ ਹੀ ਯਕੀਨ ਨਾਲ ਇਸ ਗੱਲ ਤੋਂ ਹੀ ਇਨਕਾਰ ਕੀਤਾ ਜਾ ਸਕਦਾ ਹੈ ਕਿ, ਉਹ ਸਿੱਧੂ ਦੀ ਘਰ ਵਾਪਸੀ ਲਈ ਬੇਕਰਾਰ ਨਹੀਂ ਹਨ।

ਦੋਸਤੋ, ਆਪਣਾ ਸਿਆਸੀ ਚੂੰਢੀਮਾਰਾਂ ਅਤੇ ਚਟਕੋਰਿਆਂ ਦੀਆਂ ਉਕਤ ਸਾਰੀਆਂ ਗੱਲਾਂ ਨੂੰ ਝੂਠ ਅਤੇ ਗੱਪ ਵੀ ਮੰਨ ਲੈਂਦੇ ਪਰ ਸਿੱਧੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਤਾਜ਼ਾ ਬਿਆਨ ਆਇਆ ਹੈ, ਉਹ ਬੜੇ ਮਾਇਨੇ ਰੱਖਦਾ ਹੈ, ਉਹ ਵੀ ਉਸ ਵੇਲੇ ਜਦੋਂ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਬਾਰੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋਇਆ। ਮੁੱਖ ਮੰਤਰੀ ਦੇ ਕਰੀਬੀਆਂ 'ਚ ਹੁੰਦੀ ਘੁਸਰ-ਮੁਸਰ ਨੂੰ ਜੇਕਰ ਗ਼ਲਤ ਨਾ ਮੰਨੀਏ ਤਾਂ ਸਿੱਧੂ ਬਾਰੇ ਉੱਠੀ ਅਫ਼ਵਾਹ ਨੇ ਰਾਜਾ ਜੀ ਨੂੰ ਫ਼ਿਕਰਾਂ 'ਚ ਪਾ ਦਿੱਤਾ ਹੈ। ਲਿਹਾਜ਼ਾ ਉਨ੍ਹਾਂ ਨੇ ਝੱਟ ਬਿਆਨ ਦਾਗ ਦਿੱਤਾ ਕਿ, ਸਿੱਧੂ ਕਾਂਗਰਸ ਦਾ ਹੀ ਹਿੱਸਾ ਰਹਿਣਗੇ।

ਦੋਸਤੋ, ਸਿੱਧੂ ਪ੍ਰਤੀ ਕੈਪਟਨ ਦੀ ਬੇਕਰਾਰੀ ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਝਲਕਦੀ ਹੈ, ਜਿਸ ਵਿੱਚ ਉਨ੍ਹਾਂ ਨੇ ਖ਼ੁਦ ਮੰਨਿਆ ਹੈ ਕਿ, ਸਿੱਧੂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹਨ। "ਧੂੰਆਂ ਝੂਠ ਨਹੀਂ ਬੋਲਤਾ ਯਾਰੋ, ਬਸਤੀ ਮੇਂ ਘਰ ਤੋ ਕੋਈ ਜਲਾ ਹੋਗਾ" ਸ਼ਾਇਦ ਸਿਆਣਿਆਂ ਦਾ ਇਹ ਕਥਨ ਕੈਪਟਨ ਅਤੇ ਸਿੱਧੂ ਤੇ ਸਾਫ਼ ਅਤੇ ਸਪਸ਼ਟ ਢੁੱਕਦਾ ਨਜ਼ਰ ਆ ਰਿਹਾ ਹੈ। ਸਿਆਣੇ ਤਾਂ ਜੱਟਵਾਦ ਪ੍ਰਤੀ ਇਹ ਸੋਚ ਵੀ ਰੱਖਦੇ ਹਨ ਕਿ, ਜੱਟ ਜਿੰਨੇ ਮਰਜ਼ੀ ਧੌਣ 'ਚ ਸਰੀਏ ਫ਼ਸਾਈ ਫ਼ਿਰਨ ਪਰ, ਉਹ ਦਿਲ ਦੇ ਮਾੜੇ ਵੀ ਕਦੇ ਨਹੀਂ ਹੁੰਦੇ।

ਬਾਕੀ ਸੱਚਾਈ ਕੀ ਹੈ, ਇਹ ਤਾਂ ਰਾਜਾ ਸਾਹਿਬ ਹੀ ਦੱਸ ਸਕਦੇ ਹਨ, ਦਿਲ ਕਰਦਾ ਤਾਂ ਸਰੀਆ ਕੱਢ ਲੈਣ ਨਹੀਂ, ਸਰੀਆ ਤਾਂ ਅਗਲਾ ਵੀ ਫ਼ਸਾਈ ਫ਼ਿਰਦੈ। ਅਸੀਂ ਕਿਹੜਾ ਅੰਬ ਲੈਣੇ ਆਂ, ਅਸੀਂ ਤਾਂ ਸਿਆਸੀ ਗੱਲਾਂ ਦੇ ਚਟਕੋਰਿਆਂ ਅਤੇ ਚੂੰਢੀਮਾਰਾਂ ਦੇ ਮੂੰਹੋਂ ਜੋ ਕੁਝ ਸੁਣਿਆ ਉਹ ਲਿਖ ਦਿੱਤਾ। ਵੈਸੇ ਸੁਆਲ ਤਾਂ ਆਹ ਵੀ ਪੈਦਾ ਹੁੰਦਾ ਹੈ ਕਿ ਜੇਕਰ, ਰਾਜਾ ਜੀ ਸਿੱਧੂ ਦੀ ਘਰ ਵਾਪਸੀ ਲਈ ਬੇਕਰਾਰ ਨਾ ਹੁੰਦੇ ਤਾਂ ਉਹ ਸਿੱਧੂ ਨੂੰ ਲੈ ਕੇ ਕਦੇ ਨਾ ਬੋਲਦੇ, ਬਾਕੀ ਖ਼ੁਦਾ ਜਾਨੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।