'ਨਮਸਤੇ ਟਰੰਪ' ਫੈਲਾ ਗਿਆ ਭਾਰਤ 'ਚ ਕੋਰੋਨਾਵਾਇਰਸ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 05 2020 14:51
Reading time: 3 mins, 46 secs

ਭਾਰਤ ਦੇ ਅੰਦਰ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਸਮੇਤ ਦੌਰੇ 'ਤੇ ਆਇਆ ਸੀ ਤਾਂ ਉਦੋਂ ਭਾਰਤ ਦੇ ਅੰਦਰ ਇੱਕਾ-ਦੁੱਕਾ ਕੋਰੋਨਾ ਕੇਸ ਸਾਹਮਣੇ ਆ ਚੁੱਕੇ ਸਨ। ਟਰੰਪ ਜਦੋਂ ਭਾਰਤ ਦੇ ਦੌਰੇ 'ਤੇ ਸੀ ਤਾਂ ਉਸ ਵੇਲੇ ਭਾਰਤ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਅਤੇ ਐਨਪੀਆਰ ਦੇ ਵਿਰੁੱਧ ਲੋਕ ਮੁਜ਼ਾਹਰੇ ਕਰ ਰਹੇ ਸਨ। ਉਸ ਵਕਤ ਬੇਸ਼ੱਕ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰੇ ਕਰਨ ਤੋਂ ਰੋਕਿਆ ਜਾ ਰਿਹਾ ਸੀ।

ਪਰ ਟਰੰਪ ਦੀ ਨਮਸਤੇ ਯਾਤਰਾ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ ਸੀ। ਟਰੰਪ ਜਦੋਂ ਪਰਿਵਾਰ ਸਮੇਤ ਦਿੱਲੀ ਪਹੁੰਚਿਆ ਤਾਂ, ਉਦੋਂ ਦਿੱਲੀ ਦੇ ਅੰਦਰ ਦੰਗੇ ਸ਼ੁਰੂ ਹੋ ਗਏ। ਪਰ ਟਰੰਪ ਨੂੰ ਇਨ੍ਹਾਂ ਦੰਗਿਆਂ ਤੋਂ ਮੋਦੀ ਹਕੂਮਤ ਦੇ ਵੱਲੋਂ ਦੂਰ ਰੱਖਿਆ ਗਿਆ। ਆਪਣੇ ਭਾਸ਼ਣ ਵਿੱਚ ਵਪਾਰ ਦੀਆਂ ਗੱਲਾਂ ਅਤੇ ਮੋਦੀ ਦੇ ਨਾਲ ਲਾਈ ਯਾਰੀ ਦੇ ਬਾਰੇ ਵਿੱਚ ਦੱਸ ਕੇ ਟਰੰਪ ਦੋ-ਤਿੰਨ ਦਿਨਾਂ ਬਾਅਦ ਆਪਣੇ ਵਤਨ ਵਾਪਸ ਪਰਤ ਗਿਆ। ਟਰੰਪ ਦੀ ਯਾਤਰਾ ਵੇਲੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ।

'ਨਮਸਤੇ ਟਰੰਪ' ਉੱਤੇ ਭਾਰਤ ਸਰਕਾਰ ਦੇ ਵੱਲੋਂ ਕਰੋੜਾਂ ਰੁਪਇਆ ਵੀ ਖ਼ਰਚਿਆ ਗਿਆ ਸੀ, ਪਰ ਇਹ ਪੈਸਾ ਉਸ ਵੇਲੇ ਬੇਕਾਰ ਹੋ ਗਿਆ, ਜਦੋਂ ਅਨੇਕਾਂ ਹੀ ਝੁੱਗੀਆਂ ਨੂੰ ਮੋਦੀ ਹਕੂਮਤ ਦੇ ਫ਼ੀਲਿਆਂ ਵੱਲੋਂ ਕੰਧ ਦੇ ਨਾਲ ਢੱਕ ਦਿੱਤਾ ਗਿਆ ਤਾਂ ਜੋ ਟਰੰਪ ਜੀ ਨੂੰ ਸਭ ਅੱਛਾ-ਅੱਛਾ ਲੱਗੇ। ਟਰੰਪ ਵੀ ਵੈਸੇ ਤਾਂ ਭਾਰਤ ਦੀ ਹਾਲਤ ਤੋਂ ਚੰਗੀ ਤਰ੍ਹਾਂ ਵਾਕਫ਼ ਹੈ, ਉਹ ਨੂੰ ਕਿਹੜਾ ਭੁੱਲਿਆ ਹੈ ਕਿ ਭਾਰਤ ਦੇ ਅੰਦਰ ਕੀ ਕੁਝ ਚੱਲ ਰਿਹਾ ਹੈ। ਸਭ ਕੁਝ ਟਰੰਪ ਜਾਣਦਾ ਹੈ, ਪਰ ਮੋਦੀ ਨੇ ਅੱਛਾ ਪੀਐਮ ਬਣਨ ਦੇ ਚੱਕਰ ਵਿੱਚ ਦੇਸ਼ ਦਾ ਝੁੱਗਾ ਚੌੜ ਕਰਕੇ ਰੱਖ ਦਿੱਤਾ।

ਦੱਸ ਦੇਈਏ ਕਿ ਜਦੋਂ ਤੋਂ ਭਾਰਤ ਦੇ ਅੰਦਰ ਕੋਰੋਨਾਵਾਇਰਸ ਦਾਖ਼ਲ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਭਾਰਤ ਦੇ ਲੋਕ ਸਹਿਮੇ ਪਏ ਹਨ। ਭਾਵੇਂ ਹੀ ਇਸ ਕੋਰੋਨਾ ਨੇ ਆਮ ਲੋਕਾਂ ਨੂੰ ਹੀ ਆਪਣੀ ਲਪੇਟ ਦੇ ਵਿੱਚ ਲਿਆ ਹੈ, ਪਰ ਕੋਈ ਵੀ ਸਿਆਸਤਦਾਨ ਇਸ ਕੋਰੋਨਾ ਦੇ ਕਾਰਨ ਮੌਤ ਦੇ ਮੂੰਹ ਵਿੱਚ ਨਹੀਂ ਗਿਆ। ਲੋਕਾਂ ਦੇ ਮਨਾਂ ਅੰਦਰ ਸਵਾਲ ਹੈ ਕਿ ਆਮ ਲੋਕ ਤਾਂ ਕੋਰੋਨਾ ਦੇ ਕਾਰਨ ਮਰ ਰਹੇ ਹਨ, ਪਰ ਸਿਆਸੀ ਲੀਡਰ ਇਸ ਕੋਰੋਨਾ ਤੋਂ ਕਿਉਂ ਨਹੀਂ ਮਰ ਰਹੇ ਅਤੇ ਸਿਆਸੀ ਲੀਡਰਾਂ ਤਾਂ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਨਹੀਂ ਰੱਖ ਰਹੇ।

ਅਜਿਹਾ ਕੁਝ ਹੀ ਉਦੋਂ ਹੋਇਆ ਸੀ, ਜਦੋਂ ਭਾਰਤ ਦੇ ਅੰਦਰ ਟਰੰਪ ਆਇਆ ਸੀ। ਭਾਰਤ ਦੇ ਅੰਦਰ ਪਹਿਲਾ ਕੋਰੋਨਾ ਕੇਸ 30 ਜਨਵਰੀ 2020 ਦੇ ਆਸਪਾਸ ਆਇਆ ਅਤੇ ਟਰੰਪ ਭਾਰਤ ਦੇ ਅੰਦਰ ਫਰਵਰੀ 2020 ਦੇ ਤੀਜੇ ਹਫ਼ਤੇ ਦੇ ਆਖ਼ਰੀ ਦਿਨਾਂ ਵਿੱਚ ਆਇਆ। ਮਤਲਬ ਕਿ ਟਰੰਪ ਦੇ ਆਉਣ ਤੋਂ ਪਹਿਲਾਂ ਹੀ ਭਾਰਤ ਦੇ ਅੰਦਰ ਕੋਰੋਨਾ ਵਾਇਰਸ ਦਸਤਕ ਦੇ ਚੁੱਕਿਆ ਸੀ ਅਤੇ ਇਸ ਦਾ ਖ਼ੁਲਾਸਾ ਖ਼ੁਦ ਟਰੰਪ ਨੇ ਵੀ ਭਾਰਤੀ ਦੌਰੇ ਤੋਂ ਪਹਿਲੋਂ ਅਮਰੀਕਾ ਵਿੱਚ ਕੀਤਾ ਗਈ ਆਪਣੀ ਪ੍ਰੈਸ ਕਾਨਫ਼ਰੰਸ ਦੇ ਵਿੱਚ ਕੀਤਾ ਸੀ।

ਟਰੰਪ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਭਾਰਤ ਦੇ ਪੀਐਮ ਨੂੰ ਮਿਲੋਗੇ, ਤਾਂ ਉਨ੍ਹਾਂ ਕਿਹਾ ਕਿ ਅਸੀਂ ਹੱਥ ਜੋੜ ਕੇ ਮਿਲਾਂਗੇ। ਟਰੰਪ ਦੀ ਭਾਰਤੀ ਫੇਰੀ ਦੌਰਾਨ ਸੋਸ਼ਲ ਡਿਸਟੈਂਸ ਦੀਆਂ ਜਿੱਥੇ ਧੱਜੀਆਂ ਉੱਡੀਆਂ, ਉੱਥੇ ਹੀ ਕੋਰੋਨਾ ਵਾਇਰਸ ਦੀ ਪ੍ਰਵਾਹ ਕੀਤੇ ਬਿਨਾਂ ਹੀ ਟਰੰਪ ਅਤੇ ਮੋਦੀ ਤੋਂ ਇਲਾਵਾ ਲੱਖਾਂ ਦੀ ਗਿਣਤੀ ਲੋਕ ਆਪਸ ਵਿੱਚ ਮਿਲੇ ਗਿਲੇ। ਲੰਘੇ ਦਿਨੀਂ, ਟਰੰਪ ਦੀ ਭਾਰਤ ਫੇਰੀ 'ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਆਪਣਾ ਬਿਆਨ ਦਿੱਤਾ, ਜਿਸ ਤੋਂ ਬਾਅਦ ਹੁਣ ਮੋਦੀ ਵੀ ਥਰ-ਥਰ ਕੰਬ ਰਿਹਾ ਹੈ।

ਰਾਉਤ ਨੇ ਭਾਰਤ ਵਿੱਚ ਕੋਰੋਨਵਾਇਰਸ ਫੈਲਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਦੱਸਿਆ। ਰਾਉਤ ਨੇ ਦੋਸ਼ ਲਾਇਆ ਹੈ ਕਿ ਗੁਜਰਾਤ, ਮੁੰਬਈ ਤੇ ਫਿਰ ਦਿੱਲੀ ਵਿੱਚ ਕੋਰੋਨਾਵਾਇਰਸ ਟਰੰਪ ਦੇ ਸਵਾਗਤ ਵਿੱਚ 'ਨਮਸਤੇ ਟਰੰਪ' ਪ੍ਰੋਗਰਾਮ ਕਾਰਨ ਫੈਲਿਆ ਹੈ। ਫਰਵਰੀ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਟਰੰਪ ਦੇ ਵਫ਼ਦ ਦੇ ਕੁਝ ਮੈਂਬਰਾਂ ਨੇ ਵੀ ਹਿੱਸਾ ਲਿਆ ਸੀ। ਰਾਉਤ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਇਕੱਠੀ ਹੋਈ ਭੀੜ ਕਾਰਨ ਗੁਜਰਾਤ ਵਿੱਚ ਕੋਰੋਨਾਵਾਇਰਸ ਫੈਲਿਆ।

ਕਿਉਂਕਿ ਟਰੰਪ ਦੇ ਨਾਲ ਆਏ ਵਫ਼ਦ ਦੇ ਕੁਝ ਮੈਂਬਰ ਮੁੰਬਈ, ਦਿੱਲੀ ਵੀ ਗਏ ਸਨ, ਜਿਸ ਨਾਲ ਵਾਇਰਸ ਫੈਲ ਗਿਆ। ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲਿਆ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੋਤੇਰਾ ਦੇ ਨਵੇਂ ਕ੍ਰਿਕਟ ਮੈਦਾਨ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਦੱਸ ਦੇਈਏ ਕਿ ਰਾਉਤ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਛਿੜ ਗਿਆ ਹੈ।

ਹਰ ਕੋਈ ਇਹ ਜਾਣਨ ਦੇ ਲਈ ਉਤਾਵਲਾ ਹੈ ਕਿ ਵਾਕਿਆ ਹੀ ਟਰੰਪ ਦੇ ਸਵਾਗਤ ਵੇਲੇ ਕੋਰੋਨਾਵਾਇਰਸ ਭਾਰਤ ਦੇ ਅੰਦਰ ਫੈਲਿਆ। ਭਾਵੇਂ ਕਿ ਇਸ ਦੀ ਜਾਂਚ ਹੋਣੀ ਹਾਲੇ ਬਾਕੀ ਹੈ, ਪਰ ਜੋ ਸਵਾਲ ਸ਼ਿਵ ਸੈਨਾ ਨੇ ਚੁੱਕਿਆ ਹੈ, ਉਸ ਦੇ ਪਿੱਛੇ ਸਚਾਈ ਤਾਂ ਜ਼ਰੂਰ ਹੈ ਹੀ, ਨਾਲ ਹੀ ਮੋਦੀ ਹਕੂਮਤ ਉੱਪਰ ਵੀ ਸਵਾਲਾਂ ਦੀ ਝੜੀ ਹੈ। ਤਰਕ ਦੇ ਮੁਤਾਬਿਕ ਜੇਕਰ ਵੇਖੀਏ ਤਾਂ ਭਾਰਤ ਦੇ ਅੰਦਰ 30 ਜਨਵਰੀ ਤੋਂ ਆਏ ਕੋਰੋਨਾ ਦੇ ਪਹਿਲੇ ਕੇਸ ਤੋਂ ਮਗਰੋਂ, ਭਾਰਤ ਦੇ ਅੰਦਰ ਟਰੰਪ ਦੀ ਫੇਰੀ, ਜਿਸ ਵਿੱਚ ਲੱਖਾਂ ਲੋਕ ਪਹੁੰਚੇ ਸਨ, ਨੇ ਕੇਸਾਂ ਵਿੱਚ ਹੋਰ ਵਾਧਾ ਕੀਤਾ ਹੋਵੇਗਾ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।