ਔਰਤ ਰੋਗਾਂ ਲਈ ਸਰਕਾਰੀ ਹਸਪਤਾਲ ਦੇ ਮਾਹਿਰ ਡਾਕਟਰਾਂ ਤੋਂ ਮਰੀਜ਼ ਸੇਵਾਵਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੈ ਸਕਦੇ ਹਨ- ਚੇਅਰਮੈਨ ਚੀਮਾ

Last Updated: Jun 03 2020 15:33
Reading time: 1 min, 48 secs

ਕੋਵਿਡ-19 ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਭੀੜ ਨਾ ਹੋਣ ਦੇਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਈ-ਸੰਜੀਵਨੀ ਓ.ਪੀ.ਡੀ. ਸ਼ੁਰੂ ਕੀਤੀ ਗਈ ਹੈ। ਇਸ ਈ-ਸੰਜੀਵਨੀ ਓ.ਪੀ.ਡੀ. ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਹਿਮ ਉੱਦਮ ਸਦਕਾ ਹੁਣ ਲੋੜਵੰਦ ਲੋਕ ਘਰ ਬੈਠੇ ਹੀ ਡਾਕਟਰੀ ਸਲਾਹ ਲੈ ਸਕਦੇ ਹਨ। ਸ. ਚੀਮਾ ਨੇ ਦੱਸਿਆ ਕਿ ਸਿਹਤ ਵਿਭਾਗ ਹੁਣ ਈ-ਸੰਜੀਵਨੀ ਸਕੀਮ ਰਾਹੀਂ ਆਮ ਬਿਮਾਰੀਆਂ ਤੋਂ ਇਲਾਵਾ ਜੱਚਾ-ਬੱਚਾ ਸਿਹਤ ਸੰਭਾਲ ਸੇਵਾਵਾਂ (ਐਮ.ਸੀ.ਐਚ.) ਨੂੰ ਯਕੀਨੀ ਬਣਾਉਣ ਲਈ ਗਾਇਨਾਕੌਲੋਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।

ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤੱਕ ਹਸਪਤਾਲ ਤੋਂ ਲਾਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਵਿੱਚ ਗਰਭਵਤੀ ਔਰਤਾਂ ਦੇ ਪ੍ਰਬੰਧਨ ਲਈ ਇਹ ਸੇਵਾਵਾਂ ਬਹੁਤ ਮਦਦਗਾਰ ਸਾਬਿਤ ਹੋਣਗੀਆਂ। ਜਿਸ ਅਧੀਨ ਦਵਾਈ, ਖੁਰਾਕ ਅਤੇ ਆਮ ਦੇਖਭਾਲ ਦੀ ਸਲਾਹ ਦਿੱਤੀ ਜਾਵੇਗੀ। ਇਹ ਗਾਇਨਾਕੌਲੋਜੀ ਸੇਵਾਵਾਂ ਮਾਹਿਰ ਡਾਕਟਰਾਂ ਵੱਲੋਂ ਹਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਵਜੇ ਤੋਂ ਸਵੇਰੇ 9:30 ਵਜੇ ਤੱਕ ਉਪਲਬਧ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਬੈਠੇ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ।

ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਸਰਕਾਰੀ ਹਸਪਤਾਲਾਂ ਵਿੱਚ ਭੀੜ ਹੋਣ ਤੋਂ ਰੋਕਣ ਲਈ, ਟੈਲੀਮੈਡੀਸਨ ਪ੍ਰੋਗਰਾਮ ਰਾਜ ਭਰ ਦੇ ਮਰੀਜ਼ਾਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਡਾਕਟਰੀ ਸਲਾਹ ਦੀ ਜ਼ਰੂਰਤ ਹੁੰਦੀ ਹੈ। ਇਹ ਸਕੀਮ ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਨਾਲ ਗ੍ਰਸਿਤ ਵਿਅਕਤੀਆਂ ਲਈ ਵਰਦਾਨ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਮਾਹਿਰ ਡਾਕਟਰਾਂ ਤੋਂ ਮਰੀਜ਼ ਇਹ ਸੇਵਾਵਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਐਨਰਾਇਡ ਫ਼ੋਨ ਦੀ ਕੋਵਾ ਐਪ 'ਤੇ ਜਾ ਕੇ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।

ਇਸ ਸੇਵਾ ਦਾ ਲਾਭ ਲੈਣ ਲਈ ਈ-ਸੰਜੀਵਨੀ ਓਪੀਡੀ ਡਾਟ-ਇਨ 'ਤੇ ਲਾਗ-ਇਨ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਮੋਬਾਈਲ, ਲੈਪਟਾਪ, ਆਈਪੈਡ ਰਾਹੀਂ ਮੋਬਾਈਲ ਨੰਬਰ ਤਸਦੀਕ ਹੋਣ ਤੋਂ ਬਾਅਦ ਨਵੇਂ ਮਰੀਜ਼ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਟੋਕਨ ਜਨਰੇਟ ਹੁੰਦਾ ਹੈ। ਉਸ ਤੋਂ ਬਾਅਦ ਨੋਟੀਫਿਕੇਸ਼ਨ ਪ੍ਰਾਪਤ ਹੋਣ ਤੋਂ ਬਾਅਦ ਲਾਗ-ਇਨ ਕਰਕੇ ਆਪਣੀ ਵਾਰੀ ਸਿਰ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ ਅਤੇ ਇਸ ਉਪਰੰਤ ਪਰਚੀ ਡਾਊਨਲੋਡ ਕਰਕੇ ਮੈਡੀਕਲ ਸਟੋਰ ਤੋਂ ਦਵਾਈ ਲਈ ਜਾ ਸਕਦੀ ਹੈ।