ਹੋਰ ਲਓ ਨਿਜ਼ਾਮ ਨਾਲ ਪੰਗਾ !!! (ਵਿਅੰਗ)

Last Updated: Jun 03 2020 14:36
Reading time: 1 min, 37 secs

ਇਸ ਨੂੰ ਸੋਸ਼ਲ ਡਿਸਟੈਂਸਿੰਗ ਦੇ ਉਲੰਘਣ ਦਾ ਨਾਮ ਦੇ ਦਿਓ ਜਾਂ ਫ਼ਿਰ ਡਿਜ਼ਾਸਟਰ ਐਕਟ ਦੇ ਉਲੰਘਣ ਦਾ, ਪਰ ਪਟਿਆਲਾ ਪੁਲਿਸ ਵੱਲੋਂ ਦੋ ਦਰਜਨ ਤੋਂ ਵੱਧ, ਉਨ੍ਹਾਂ ਸ਼ਹਿਰੀਆਂ ਨੂੰ ਫ਼ੜ ਕੇ ਸਲਾਖ਼ਾਂ ਪਿੱਛੇ ਤੁੰਨ ਦੇਣ ਦੀ ਖ਼ਬਰ ਮਿਲੀ ਹੈ, ਜਿਹੜੇ ਕਿ ਰਾਜਪੁਰਾ ਕੋਲ ਸਥਿਤ ਸ਼ਰਾਬ ਦੀ ਚੱਲ ਰਹੀ ਇੱਕ ਨਜਾਇਜ਼ ਫ਼ੈਕਟਰੀ ਦੇ ਬਰ-ਖ਼ਿਲਾਫ਼ ਕਸਬਾ ਭੁਨਰਹੇੜੀ ਵਿੱਚ ਧਰਨਾ ਪ੍ਰਦਰਸ਼ਨ ਕਰਨ ਲਈ ਇਕੱਤਰ ਹੋਏ ਸਨ। ਆਪ ਵਾਲਿਆਂ ਦਾ ਇਲਜ਼ਾਮ ਹੈ ਕਿ, ਲਾਕਡਾਊਨ ਦੇ ਦੌਰਾਨ ਜਦੋਂ ਆਮ ਜਨਤਾ ਦੋ ਡੰਗ ਦੀ ਰੋਟੀ ਲਈ ਹੱਥ ਟੱਡੀ ਫਿਰ ਰਹੀ ਸੀ, ਸਿਆਸੀ ਥਾਪੜਾ ਹਾਸਲ ਕੁਝ ਅਸਾਰ ਰਸੂਖ਼ ਵਾਲੇ ਬੰਦੇ ਸ਼ਰਾਬ ਦੇ ਨਜਾਇਜ਼ ਧੰਦੇ ਰਾਹੀਂ ਮਾਲਾ ਮਾਲਾ ਹੋ ਰਹੇ ਸਨ।

ਦੱਸਿਆ ਜਾ ਰਿਹੈ ਕਿ, ਆਮ ਆਦਮੀ ਪਾਰਟੀ ਨਾਲ ਸਬੰਧਤ ਲਗਭਗ ਪੰਜ ਕੁ ਸੌ ਵਲੰਟੀਅਰ ਘਨੌਰ ਹਲਕੇ ਦੇ ਵਿਧਾਇਕ ਠੇਕੇਦਾਰ ਮਦਨ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨਾ ਚਾਹੁੰਦੇ ਸਨ। ਦੱਸਿਆ ਜਾ ਰਿਹਾ ਹੈ ਕਿ, ਆਪ ਵਲੰਟੀਅਰ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ, ਜਿਹੜੀ ਕਿ ਪੁਲਿਸ ਤੋਂ ਸ਼ਾਇਦ ਬਰਦਾਸ਼ਤ ਨਹੀਂ ਹੋਈ, ਲਿਹਾਜ਼ਾ ਪੁਲਿਸ ਨੇ ਦੋ ਦਰਜਨ ਬੰਦਿਆਂ ਨੂੰ ਚੁੱਕ ਕੇ ਭੁਨਰਹੇੜੀ ਪੁਲਿਸ ਚੌਂਕੀ ਵਿੱਚ ਡੱਕ ਦਿੱਤਾ। ਦੱਸਿਆ ਜਾ ਰਿਹੈ ਕਿ, ਇਸ ਮੌਕੇ ਤੇ ਪੁਲਿਸ ਨੇ ਸੋਸ਼ਲ ਡਿਸਟੈਂਸਿੰਗ ਵੀ ਪੂਰੀ ਮੇਨਟੇਨ ਰੱਖ਼ੀ ਅਤੇ ਨਾਲ ਹੀ ਚੁੱਕੇ ਵਲੰਟੀਅਰਾਂ ਦੇ ਸੈਨੇਟਾਈਜ਼ਰ ਨਾਲ ਹੱਥ ਧੁਆਏ ਤੇ ਉਨ੍ਹਾਂ ਨੂੰ ਮਾਸਕ ਵੀ ਪੁਆਏ।

ਭਾਵੇਂਕਿ ਪੁਲਿਸ ਨੇ ਬਾਅਦ ਵਿੱਚ ਸਾਰਿਆਂ ਨੂੰ ਰਿਹਾ ਕਰ ਦਿੱਤਾ, ਪਰ ਸਵਾਲ ਫ਼ਿਰ ਉੱਥੇ ਦਾ ਉੱਥੇ ਹੀ ਬਿਜਲੀ ਵਾਲਿਆਂ ਦੇ ਖੰਬੇ ਵਾਂਗ ਖ਼ੜਿਆ ਨਜ਼ਰ ਆ ਰਿਹਾ ਹੈ ਕਿ, ਇਨ੍ਹਾਂ ਲੋਕਾਂ ਨੂੰ ਸ਼ਰਾਬ ਫ਼ੈਕਟਰੀ ਦੇ ਖ਼ਿਲਾਫ਼ ਅਵਾਜ਼ ਚੁੱਕਣ ਕਾਰਨ ਚੁੱਕਿਆ ਗਿਆ ਜਾਂ ਡਿਜ਼ਾਸਟਰ ਐਕਟ ਦੇ ਉਲੰਘਣ ਦੇ ਇਲਜ਼ਾਮਾਂ ਦੇ ਤਹਿਤ? ਇਨ੍ਹਾਂ ਸਵਾਲਾਂ ਦਾ ਜਵਾਬ ਤਾਂ ਖੁਦ ਪੁਲਿਸ ਹੀ ਦੇ ਸਕਦੀ ਹੈ। ਸਿਆਸੀ ਚੂੰਢੀਮਾਰਾਂ ਅਤੇ ਵਿਅੰਗਕਾਰਾਂ ਦਾ ਕਹਿਣਾ ਹੈ ਕਿ, ਜਦੋਂ ਇਸ ਮਾਮਲੇ ਤੇ ਖ਼ੁਦ ਪੰਜਾਬ ਸਰਕਾਰ ਹੀ ਚੁੱਪ ਹੈ, ਜਿਸਨੂੰ ਇਸ ਫ਼ੈਕਟਰੀ ਕਾਰਨ ਵਿੱਤੀ ਘਾਟਾ ਪਿਆ ਹੈ, ਫ਼ਿਰ ਤੁਸੀਂ ਕੀ ਅੰਬ ਲੈਣੇ ਆ। ਚੇਤੇ ਰੱਖ਼ੋ, ਇਹ ਪੰਜਾਬ ਹੈ, ਕਨੇਡਾ ਨਹੀਂ, ਜਿਹੜਾ ਨਿਜ਼ਾਮ, ਬੰਦੇ ਨੂੰ ਬੰਦਾ ਹੀ ਸਮਝੇਗਾ। ਹਰ ਸ਼ਾਖ਼ ਪੇ ਉੱਲੂ ਬੈਠਾ ਹੈ, ਅੰਜਾਮ-ਏ-ਗੁਲਿਸਤਾਨ ਕਿਆ ਹੋਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।