ਮੱਛੀ ਪਾਲਣ ਧੰਦੇ ਨੂੰ ਬੁਲੰਦੀਆਂ ਤੇ ਲਿਜਾ ਰਿਹੈ ਸੂਬੇ ਦਾ ਸਭ ਤੋਂ ਵੱਡਾ ਸਰਕਾਰੀ ਮੱਛੀ ਪੂੰਗ ਫਾਰਮ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 03 2020 14:06
Reading time: 3 mins, 37 secs

ਸੂਬਾ ਪੰਜਾਬ ਅੰਦਰ ਵਰਤਮਾਨ ਸਮੇਂ ਦੌਰਾਨ ਕਿਸਾਨਾਂ ਲਈ ਆਰਥਿਕ ਘਾਟੇ ਦਾ ਧੰਦਾ ਬਣਦੀ ਜਾ ਰਹੀ ਕਣਕ-ਝੋਨੇ ਦੀ ਫਸਲਾਂ ਦੀ ਰਵਾਇਤੀ ਖੇਤੀਬਾੜੀ ਦੇ ਬਦਲ ਵਜੋਂ ਹੁਣ ਮੱਛੀ ਪਾਲਣ ਦਾ ਧੰਦਾ ਕਿਸਾਨਾਂ ਲਈ ਵੱਡਾ ਫਾਇਦੇਮੰਦ ਕਿੱਤਾ ਬਣਦਾ ਜਾ ਰਿਹਾ ਹੈ। ਸੂਬੇ ਦੇ ਮੱਛੀ ਪਾਲਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਫਾਇਦਾ ਚੁੱਕ ਕੇ ਖੇਤੀਬਾੜੀ ਸਬੰਧੀ ਘਾਟੇ 'ਚ ਚੱਲ ਰਹੇ ਛੋਟੇ ਕਿਸਾਨ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਆਪਣੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ। ਇਸ ਤਰ੍ਹਾਂ ਕਿਸਾਨ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਆਪਣੀ ਆਰਥਿਕਤਾ 'ਚ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦੇ ਹਨ। ਪਿੰਡ ਬਾਗੜੀਆਂ ਸਥਿਤ ਸਰਕਾਰੀ ਮੱਛੀ ਪੂੰਗ ਫਾਰਮ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਲਈ ਮੱਛੀ ਪਾਲਣ ਦਾ ਧੰਦਾ ਅਪਣਾਉਣ ਦੀ ਦਿਸ਼ਾ 'ਚ ਅਹਿਮ ਯੋਗਦਾਨ ਪਾ ਰਿਹਾ ਹੈ।

32 ਏਕੜ 'ਚ ਫੈਲਿਆ ਸੂਬੇ ਦਾ ਸਭ ਤੋਂ ਵੱਡਾ ਮੱਛੀ ਪੂੰਗ ਫਾਰਮ

ਦੱਸਣਯੋਗ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਬਾਗੜੀਆਂ 'ਚ ਪੈਂਦੇ ਸਰਕਾਰੀ ਮੱਛੀ ਪੂੰਗ ਫਾਰਮ ਦੀ ਸਥਾਪਨਾ ਨੈਸ਼ਨਲ ਫਿਸ਼ ਸੀਡ ਫਾਰਮ ਵਜੋਂ ਕੀਤੀ ਗਈ ਸੀ। ਇਹ ਸਰਕਾਰੀ ਮੱਛੀ ਪੂਗ ਫਾਰਮ ਕਰੀਬ 32 ਏਕੜ 'ਚ ਫੈਲਿਆ ਹੋਇਆ ਹੈ ਅਤੇ ਇਸ ਫਾਰਮ ਨੂੰ ਪੰਜਾਬ ਸੂਬੇ ਦੇ ਸਭ ਤੋਂ ਵੱਡੇ ਮੱਛੀ ਪੂੰਗ ਫਾਰਮ ਦਾ ਦਰਜਾ ਹਾਸਲ ਹੈ। ਮੌਜੂਦਾ ਸਮੇਂ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਕਰੀਬ 1300 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਮੱਛੀ ਪਾਲਣ ਦੇ ਕਿੱਤੇ 'ਚ ਸਭ ਤੋਂ ਅਹਿਮ ਭੂਮਿਕਾ ਮਿਆਰੀ ਸੀਡ (ਮੱਛੀ ਪੂੰਗ) ਦੀ ਹੁੰਦੀ ਹੈ ਅਤੇ ਇਸ ਦਿਸ਼ਾ 'ਚ ਇਹ ਮੱਛੀ ਪੂੰਗ ਫਾਰਮ ਅਹਿਮ ਰੋਲ ਨਿਭਾ ਰਿਹਾ ਹੈ।

ਕਿਹੜੀ-ਕਿਹੜੀ ਮੱਛੀ ਦੀ ਬ੍ਰੀਡ ਦਾ ਹੁੰਦੈ ਪੂੰਗ ਉਤਪਾਦਨ

ਦੱਸ ਦਈਏ ਕਿ ਇਸ ਮੱਛੀ ਪੂੰਗ ਫਾਰਮ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਫਾਰਮ 'ਚੋਂ ਨਾ ਸਿਰਫ਼ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਲਕਿ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਮੱਛੀ ਪਾਲਕਾਂ ਨੂੰ ਵੀ ਮੱਛੀ ਪੂੰਗ ਮੁਹੱਈਆ ਕਰਵਾਈ ਜਾਂਦੀ ਹੈ। ਇਸ ਫਾਰਮ ਵਿੱਚ ਮੁੱਖ ਤੌਰ ਤੇ ਰੋਹੂ, ਕਤਲਾ, ਮੁਰਾਖ, ਸਿਲਵਰ ਕਾਰਪ, ਗਰਾਸ ਕਾਰਪ ਅਤੇ ਕਾਮਨ ਕਾਰਪ ਨੂੰ ਬ੍ਰੀਡ ਕਰਵਾ ਕੇ ਪੂੰਗ ਉਤਪਾਦਨ ਕੀਤਾ ਜਾਂਦਾ ਹੈ। ਇੱਥੇ ਫਰਵਰੀ-ਮਾਰਚ ਵਿੱਚ ਕਾਮਨ ਕਾਰਪ, ਅਪ੍ਰੈਲ-ਮਈ ਵਿੱਚ ਗਰਾਸ ਕਾਰਪ ਤੇ ਸਿਲਵਰ ਕਾਰਪ, ਜੂਨ-ਜੁਲਾਈ ਵਿੱਚ ਰੋਹੂ, ਮੁਰਾਖ ਤੇ ਕਤਲਾ ਬ੍ਰੀਡ ਕਰਵਾਈ ਜਾਂਦੀ ਹੈ। ਹਰ ਸਾਲ ਫਰਵਰੀ ਤੋਂ ਲੈ ਕੇ ਅਗਸਤ ਮਹੀਨੇ ਤੱਕ ਮੱਛੀ ਪਾਲਕਾਂ ਨੂੰ 100 ਰੁਪਏ ਪ੍ਰਤੀ 1000 ਦੇ ਹਿਸਾਬ ਨਾਲ ਸਸਤੇ ਭਾਅ ਤੇ ਪੂੰਗ ਸਪਲਾਈ ਕੀਤਾ ਜਾਂਦਾ ਹੈ।

ਮੱਛੀ ਪੂੰਗ ਫਾਰਮ ਦੀ ਹੈ 1 ਕਰੋੜ ਉਤਪਾਦਨ ਸਮਰੱਥਾ

ਮੌਜੂਦਾ ਸਮੇਂ 'ਚ ਬਾਗੜੀਆਂ ਮੱਛੀ ਪੂੰਗ ਫਾਰਮ ਦੀ ਉਤਪਾਦਨ ਸਮਰੱਥਾ ਕਰੀਬ 01 ਕਰੋੜ ਹੈ। ਸਾਲ 2017-18 'ਚ ਇਸ ਫਾਰਮ 'ਚ ਫਿਸ਼ ਫੀਡ ਮਿੱਲ ਅਤੇ ਐਕੁਐਟਿਕ ਐਨੀਮਲ ਹੈਲਥ ਤੇ ਇਨਵਾਇਰਨਮੈਂਟ ਐਂਡ ਮੈਨੇਜਮੈਂਟ ਲੈਬਾਰਟਰੀ ਦੀ ਸਥਾਪਨਾ ਕੀਤੀ ਗਈ ਸੀ। ਜਿਸਦੇ ਸਦਕਾ ਮੱਛੀ ਪਾਲਕਾਂ ਨੂੰ ਮੱਛੀਆਂ ਦੀ ਫੀਡ, ਤਲਾਬ ਦੀ ਮਿੱਟੀ ਅਤੇ ਪਾਣੀ ਸਬੰਧੀ ਮਾਪਦੰਡਾਂ ਦੀ ਜਾਂਚ ਕਰਨ ਤੋਂ ਇਲਾਵਾ ਮੱਛੀਆਂ ਦੀ ਬਿਮਾਰੀਆਂ ਦੀ ਜਾਂਚ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਦੂਜੇ ਪਾਸੇ ਹਰੇਕ ਮਹੀਨੇ ਮੱਛੀ ਫਾਰਮ 'ਚ ਪੜੇ ਲਿਖੇ ਬੇਰੋਜ਼ਗਾਰਾਂ, ਕਿਸਾਨਾਂ ਅਤੇ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਦੇ ਇਛੁੱਕਾਂ ਨੂੰ ਮੱਛੀ ਪਾਲਣ ਦੀ ਮੁੱਢਲੀ ਪੰਜ ਦਿਨਾਂ ਦੀ ਟ੍ਰੇਨਿੰਗ ਮੁਫ਼ਤ ਕਰਵਾਈ ਜਾਂਦੀ ਹੈ।

ਕੀ ਕਹਿੰਦੇ ਹਨ ਮੱਛੀ ਪਾਲਕ ਵਿਕਾਸ ਏਜੰਸੀ ਦੇ ਸੀਈਓ?

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੱਛੀ ਪਾਲਕ ਵਿਕਾਸ ਏਜੰਸੀ ਦੇ ਮੁੱਖ ਕਾਰਜਕਾਰੀ ਅਫਸਰ (ਸੀਈਓ) ਕਰਮਜੀਤ ਸਿੰਘ ਬਾਗੜੀਆਂ ਮੱਛੀ ਪੂੰਗ ਫਾਰਮ ਅਤੇ ਮੱਛੀ ਪਾਲਣ ਦੇ ਧੰਦੇ ਸਬੰਧੀ ਕਹਿੰਦੇ ਹਨ ਕਿ ਜ਼ਿਲ੍ਹੇ ਦੇ ਕਿਸਾਨ ਅਤੇ ਬੇਰੋਜ਼ਗਾਰ ਨੌਜਵਾਨ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡਾਂ ਦੇ ਸਾਫ਼ ਹੋਏ ਟੋਭਿਆਂ ਨੂੰ ਠੇਕੇ ਤੇ ਲੈ ਕੇ ਵੀ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ, ਉਹ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨਾਲ ਸੰਪਰਕ ਕਰਕੇ ਮੱਛੀ ਪਾਲਣ ਲਈ 1 ਏਕੜ ਰਕਬੇ ਦਾ ਤਲਾਬ ਮਗਨਰੇਗਾ ਸਕੀਮ ਅਧੀਨ ਮੁਫ਼ਤ ਬਣਵਾ ਸਕਦੇ ਹਨ। ਇਸ ਸਬੰਧੀ ਪਿੰਡ ਦੇ ਗ੍ਰਾਮ ਰੋਜ਼ਗਾਰ ਸਹਾਇਕ (ਜੀ.ਆਰ.ਐਸ) ਕੋਲ ਸਬੰਧਿਤ ਵਿਅਕਤੀ ਵੱਲੋਂ ਆਪਣੀ ਦਰਖਾਸਤ ਦਿੱਤੀ ਜਾ ਸਕਦੀ ਹੈ। ਵੱਖ-ਵੱਖ ਸਕੀਮਾਂ ਤਹਿਤ ਮੱਛੀ ਪਾਲਣ ਲਈ ਲੋਨ ਅਤੇ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।

ਕੀ ਕਹਿਣਾ ਹੈ ਸਹਾਇਕ ਡਾਇਰੈਕਟਰ ਮੱਛੀ ਪਾਲਣ ਦਾ?

ਮੱਛੀ ਪਾਲਣ ਦੇ ਕਿੱਤੇ ਸਬੰਧੀ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਦਾ ਕਹਿਣਾ ਹੈ ਕਿ ਫਿਸ਼ਕੋਫੈਡ ਸਕੀਮ ਤਹਿਤ ਹਰ ਰਜਿਸਟਰਡ ਮੱਛੀ ਪਾਲਕ ਅਤੇ ਵਿਕਰੇਤਾ ਦਾ 2 ਲੱਖ ਰੁਪਏ ਤੱਕ ਦਾ ਬੀਮਾ ਕਰਵਾਇਆ ਜਾਂਦਾ ਹੈ। ਮੱਛੀ ਪਾਲਣ ਦਾ ਧੰਦਾ ਇੱਕ ਕੈਸ਼ ਕਰਾਪ ਹੈ ਅਤੇ ਮੱਛੀ ਛੇ ਮਹੀਨੇ ਤੋਂ ਬਾਅਦ ਵੇਚਣਯੋਗ ਹੋ ਜਾਂਦੀ ਹੈ। ਮੱਛੀ ਖਰੀਦਦਾਰ ਇਸਨੂੰ ਛੱਪੜ ਵਿੱਚੋਂ ਆਪ ਹੀ ਫੜਦੇ ਤੇ ਤੋਲਦੇ ਹਨ ਤੇ ਲੈ ਕੇ ਜਾਂਦੇ ਹਨ। ਮੱਛੀ ਪਾਲਕ ਵੱਲੋਂ ਸਿਰਫ ਵੇਚਣ ਦਾ ਰੇਟ ਨਿਰਧਾਰਿਤ ਕੀਤਾ ਜਾਂਦਾ ਹੈ। ਇਹ ਕਿੱਤਾ ਸ਼ੁਰੂ ਕਰਨ ਸਬੰਧੀ ਕਿਸਾਨਾਂ ਤੇ ਨੌਜਵਾਨਾਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ ਪੂਰੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਮੱਛੀ ਪਾਲਣ ਸਬੰਧੀ ਵੱਖ-ਵੱਖ ਸਰਕਾਰੀ ਸਕੀਮਾਂ ਦਾ ਫਾਇਦ ਚੁੱਕਦੇ ਹੋਏ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਵੱਲ ਵਿਸ਼ੇਸ਼ ਧਿਆਨ ਦੇਣ।