...ਲਗਾ ਲਓ ਕਰਫ਼ਿਊ ਅਤੇ ਲਾਕਡਾਊਨ, ਹਾਲੇ ਵੀ ਹੋ ਰਹੀ ਸੂਬੇ 'ਚ ਹੈਰੋਇਨ ਦੀ ਸਪਲਾਈ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 03 2020 13:39
Reading time: 2 mins, 27 secs

ਇੱਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਸੂਬੇ ਦੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਦੂਜੇ ਪਾਸੇ, ਨਸ਼ਿਆਂ ਦਾ ਕਾਲਾ ਧੰਦਾ ਕਰਨ ਵਾਲੇ ਸਮਗਲਰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਵੀ ਬਾਹਰੀ ਸੂਬਿਆਂ ਚੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਕੇ ਪੰਜਾਬ ਅੰਦਰ ਸਪਲਾਈ ਕਰਨ 'ਚ ਜੁਟੇ ਹੋਏ ਹਨ। ਨਸ਼ਿਆਂ ਦਾ ਧੰਦਾ ਉਹ ਵੀ ਉਦੋਂ ਹੋ ਰਿਹਾ ਹੈ, ਜਦੋਂ ਦੇਸ਼ ਦੇ ਸੂਬਿਆਂ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਆਪੋ-ਆਪਣੇ ਬਾਰਡਰ ਸੀਲ ਕੀਤੇ ਹੋਏ ਹਨ। ਅਜਿਹੇ ਹਾਲਾਤਾਂ 'ਚ ਹੈਰੋਇਨ ਦੀ ਹੋ ਰਹੀ ਸਮਗਲਿੰਗ ਦੇ ਚੱਲਦੇ ਸਵਾਲ ਉੱਠਦਾ ਹੈ ਕਿ ਕੀ ਖਾਕੀ ਦੀ ਮਿਲੀਭੁਗਤ ਨਾਲ ਬਾਰਡਰ ਕਰਾਸ ਹੋ ਰਹੇ ਹਨ?

ਪਿਛਲੇ ਕਾਫ਼ੀ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਡਰੱਗ ਸਮਗਲਰਾਂ ਤੇ ਲਗਾਮ ਕੱਸਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਖੰਨਾ ਪੁਲਿਸ ਵੱਲੋਂ ਮੁਹਿੰਮ ਵਿੱਢੀ ਹੋਈ ਹੈ। ਇਸਦੇ ਤਹਿਤ ਪੁਲਿਸ ਵੱਲੋਂ ਕਈ ਡਰੱਗ ਸਮਗਲਰਾਂ ਨੂੰ ਬਾਹਰੀ ਸੂਬਿਆਂ ਚੋਂ ਨਸ਼ੀਲੇ ਪਦਾਰਥ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਦੇ ਦੋਸ਼ 'ਚ ਕਾਬੂ ਕਰਕੇ ਜੇਲ੍ਹ 'ਚ ਡੱਕਿਆ ਜਾ ਚੁੱਕਾ ਹੈ। ਬਾਵਜੂਦ, ਇਸਦੇ ਹਾਲੇ ਵੀ ਡਰੱਗ ਸਮਗਲਰਾਂ ਹੈਰੋਇਨ ਨੂੰ ਸਪਲਾਈ ਕਰਨ ਲਈ ਲਿਆਂਦਾ ਜਾ ਰਿਹਾ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਹਾਲੇ ਵੀ ਸੂਬੇ 'ਚ ਨਸ਼ਿਆਂ ਦੀ ਡਿਮਾਂਡ ਨਿਰੰਤਰ ਬਣੀ ਹੋਈ ਹੈ, ਤਦ ਹੀ ਤਾਂ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ 'ਚ ਲੱਗੇ ਰਾਤ ਦੇ ਕਰਫ਼ਿਊ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਖ਼ਤੀ ਦੇ ਬਾਵਜੂਦ ਹੈਰੋਇਨ ਵਰਗੇ ਨਸ਼ੇ ਦੀ ਸਪਲਾਈ ਆ ਰਹੀ ਹੈ। ਹਾਲਾਂਕਿ, ਪਹਿਲਾਂ ਦੇ ਮੁਕਾਬਲੇ ਦੂਸਰੇ ਸੂਬਿਆਂ 'ਚੋਂ ਹੈਰੋਇਨ ਲਿਆਏ ਜਾਣ ਦੀ ਮਾਤਰਾ 'ਚ ਕੁਝ ਕਮੀ ਆਈ ਹੈ।

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਤਸਕਰਾਂ ਅਤੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਹੀ ਖੰਨਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਕਾਰ ਸਵਾਰ ਇੱਕ ਮਹਿਲਾ ਸਣੇ ਤਿੰਨ ਵਿਅਕਤੀਆਂ ਨੂੰ 280 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਤਿੰਨਾਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਥਾਣਾ ਸਿਟੀ-2 ਖੰਨਾ 'ਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਦੇ ਦੋਸ਼ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕਿਟ 'ਚ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਹੈਰੋਇਨ ਬਰਾਮਦਗੀ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦਾਅਵਾ ਕਰਦੇ ਦੱਸਿਆ ਕਿ ਐਸ.ਪੀ (ਆਈ) ਜਗਵਿੰਦਰ ਸਿੰਘ ਚੀਮਾ ਅਤੇ ਸੀਆਈਏ ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਨਿਗਰਾਨੀ 'ਚ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਵੱਲੋਂ ਪੁਲਿਸ ਪਾਰਟੀ ਨਾਲ ਜੀ.ਟੀ ਰੋਡ ਸਥਿਤ ਪਿੰਡ ਅਲੌੜ ਦੇ ਪ੍ਰਿਸਟੀਨ ਮਾਲ ਸਾਹਮਣੇ ਲਗਾਏ ਨਾਕੇ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੰਡੀ ਗੋਬਿੰਦਗੜ੍ਹ ਵਾਲੀ ਸਾਈਡ ਤੋਂ ਆ ਰਹੀ ਇੱਕ ਸਵਿਫ਼ਟ ਡਜ਼ਾਇਰ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕਿੰਗ ਕੀਤੀ ਗਈ।

ਐਸਐਸਪੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਕਾਰ ਸਵਾਰ ਇੱਕ ਮਹਿਲਾ ਅਤੇ ਦੋ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਦੇ ਕਬਜ਼ੇ ਚੋਂ ਪਾਲੀਥੀਨ ਲਿਫ਼ਾਫ਼ੇ 'ਚ ਲਪੇਟ ਕੇ ਰੱਖੀ ਹੋਈ 280 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਤਿੰਨਾਂ ਕਾਰ ਸਵਾਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਪਹਿਚਾਣ ਵਿਜੇਂਦਰ ਵਾਸੀ ਪਿੰਡ ਕਾਠਾ (ਯੂ.ਪੀ),  ਸਚਿਨ ਕਸ਼ਯਪ ਵਾਸੀ  ਭਾਗਵਤ (ਯੂ.ਪੀ) ਅਤੇ ਮਹਿਲਾ ਨਿੰਦਰ ਵਾਸੀ ਧੱਕਾ ਕਲੋਨੀ, ਜਲੰਧਰ ਦੇ ਤੌਰ ਤੇ ਹੋਈ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।