ਰੰਗ ਦਾ ਕਾਲਾ ਹੋਵੇ ਜਾਂ ਫਿਰ ਗੋਰਾ ਹੈ ਤਾਂ ਇਨਸਾਨ, ਪਰ ਏਨਾ ਨੂੰ ਕੌਣ ਸਮਝਾਵੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 03 2020 12:33
Reading time: 3 mins, 1 sec

ਕੁਦਰਤ ਨੇ ਮਨੁੱਖ ਨੂੰ ਦੋ ਹੀ ਰੰਗ ਦਿੱਤੇ ਹਨ, ਗੋਰਾ ਜਾਂ ਫਿਰ ਕਾਲਾ। ਕੁਝ ਕੁ ਲੋਕ ਅਜਿਹੇ ਹੁੰਦੇ ਹਨ, ਜੋ ਨਾ ਤਾਂ ਗੋਰੇ ਹੁੰਦੇ ਹਨ ਅਤੇ ਨਾਲ ਹੀ ਬਹੁਤੇ ਕਾਲੇ ਹੁੰਦੇ ਹਨ। ਇਨ੍ਹਾਂ ਕਾਲੇ ਅਤੇ ਗੋਰੇ ਰੰਗਾਂ ਦਾ ਵਿਤਕਰਾ ਜਿੱਥੇ ਪਹਿਲੋਂ ਭਾਰਤ ਦੇ ਵਿੱਚ ਕੀਤਾ ਜਾਂਦਾ ਸੀ, ਉੱਥੇ ਹੀ ਹੁਣ ਇਹ ਵਿਤਕਰਾ ਉਸ ਦੇਸ਼ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਅਸੀਂ ਬੜਾ ਹੀ ਮਹਾਨ ਅਤੇ ਅਮੀਰ ਦੇਸ਼ ਮੰਨਦੇ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ, ਅਮਰੀਕਾ ਦੇਸ਼ ਦੀ।

ਅਮਰੀਕਾ ਵਿੱਚ ਕੁਝ ਦਿਨ ਪਹਿਲੋਂ ਇੱਕ ਕਾਲੇ ਨੌਜਵਾਨ ਜਾਰਜ ਫਲੋਇਡ ਦਾ ਇੱਕ ਪੁਲਿਸ ਵਾਲੇ ਨੇ ਕਤਲ ਕਰ ਦਿੱਤਾ ਸੀ। ਸੂਰਤ ਦੱਸਦੇ ਹਨ ਕਿ ਕੋਰੋਨਾ ਮਹਾਂਮਾਰੀ ਫੈਲ ਜਾਣ ਦੇ ਕਾਰਨ ਸਾਰੇ ਰੁਜ਼ਗਾਰ ਦੇ ਕੰਮ ਠੱਪ ਹੋ ਗਏ ਸਨ, ਜਿਸਦੇ ਕਾਰਨ ਅਮਰੀਕਾ ਵਿੱਚ ਸਭ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ। ਬੇਰੁਜ਼ਗਾਰੀ ਦਾ ਆਲਮ ਇਸ ਕਦਰ ਛਾ ਗਿਆ ਕਿ ਲੋਕ ਪੇਟ ਭਰਨ ਦੇ ਲਈ ਕੁਝ ਵੀ ਉਲਟਾ ਸਿੱਧਾ ਕੰਮ ਲਈ ਮਜ਼ਬੂਰ ਹੋ ਗਏ। ਅਮਰੀਕਾ ਜਾਰਜ ਫਲੋਇਡ ਨੌਕਰੀ ਕਰਦਾ ਸੀ।

ਕੋਰੋਨਾ ਕਾਰਨ ਫਲੋਇਡ ਦੀ ਨੌਕਰੀ ਚਲੀ ਗਈ ਸੀ, ਜਿਸਦੇ ਕਾਰਨ ਉਹ ਪੇਟ ਭਰਨ ਦੇ ਲਈ ਇੱਧਰ ਉੱਧਰ ਭਟਕ ਰਿਹਾ ਸੀ। ਸੂਤਰਾਂ ਮੁਤਾਬਿਕ ਕਰੀਬ ਇੱਕ ਹਫ਼ਤਾ ਪਹਿਲੋਂ ਫਲੋਇਡ ਨੇ ਇੱਕ ਨਕਲੀ ਨੋਟ ਲਿਆ ਅਤੇ ਉਸ ਨਕਲੀ ਨੋਟ ਦਾ ਉਸ ਨੇ ਖਾਣ ਲਈ ਸਮਾਨ ਖ਼ਰੀਦਿਆ। ਨਕਲੀ ਨੋਟ ਦੀ ਸੂਚਨਾ ਦੁਕਾਨਦਾਰ ਨੇ ਪੁਲਿਸ ਨੂੰ ਦਿੱਤੀ। ਅਮਰੀਕਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫਲੋਇਡ ਨੂੰ ਕਾਬੂ ਕਰ ਲਿਆ, ਜਦੋਂ ਫਲੋਇਡ ਨੇ ਪੁਲਿਸ ਨੂੰ ਪੁੱਛਿਆ ਕਿ ਉਹ ਦਾ ਕਸੂਰ ਕੀ ਹੈ ਤਾਂ, ਪੁਲਿਸ ਨੇ ਕਿਹਾ ਕਿ ਉਸ ਨੇ ਨਕਲੀ ਨੋਟ ਚਲਾਇਆ ਹੈ।

ਫਲੋਇਡ ਨੂੰ ਹੱਥਕੜੀ ਲਗਾਉਣ ਦੇ ਲਈ ਅਮਰੀਕਾ ਪੁਲਿਸ ਕਰਮਚਾਰੀ ਅੱਗੇ ਆਇਆ ਅਤੇ ਹੱਥਕੜੀ ਲਗਾਉਣ ਦੇ ਲਈ ਪੁਲਿਸ ਵਾਲੇ ਨੇ ਫਲੋਇਡ ਨੂੰ ਥੱਲੇ ਸੁੱਟ ਲਿਆ ਅਤੇ ਕਈ ਘੰਟੇ ਉਸ ਦਾ ਸਿਰ ਨੱਪੀ ਰੱਖਿਆ। ਫਲੋਇਡ ਮਿਨਤਾ ਤਰਲੇ ਕਰਦਾ ਰਿਹਾ, ਪਰ ਪੁਲਿਸ ਵਾਲੇ ਨੇ ਉਸ ਦੀ ਇੱਕ ਨਾ ਸੁਣੀ। ਕੁਝ ਮਿੰਟਾਂ ਬਾਅਦ ਫਲੋਇਡ ਦੀ ਮੌਤ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਗਈ। ਵਾਇਰਲ ਵੀਡੀਓ ਦੇ ਆਧਾਰ 'ਤੇ ਬੇਸ਼ੱਕ ਪੁਲਿਸ ਵਾਲੇ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।

ਪਰ ਅਮਰੀਕਾ ਵਿੱਚ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕਾ ਦੇ ਵਿੱਚ ਵੀ ਕਾਲੇ ਅਤੇ ਗੋਰੇ ਰੰਗਾਂ ਦੇ ਬੰਦਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੁਲਿਸ 'ਤੇ ਦੋਸ਼ ਲੱਗ ਰਹੇ ਹਨ ਕਿ ਪੁਲਿਸ ਨੇ ਕਾਲਾ ਨੌਜਵਾਨ ਹੋਣ ਦੇ ਕਾਰਨ ਹੀ ਫਲੋਇਡ ਨੂੰ ਮੌਤ ਦੇ ਘਾਟ ਉਤਾਰਿਆ, ਜਦਕਿ ਪੁਲਿਸ ਅਤੇ ਰਾਸ਼ਟਰਪਤੀ ਟਰੰਪ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ ਅਤੇ ਟਰੰਪ ਹੁਣ ਭੜਕਾਓ ਬਿਆਨ ਦੇ ਰਹੇ ਹਨ।

ਅਮਰੀਕਾ ਵਿੱਚ ਰਹਿੰਦੇ ਕਾਲੇ ਅਤੇ ਗੋਰੇ ਰੰਗ ਦੇ ਲੋਕਾਂ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿੱਚ ਵੀ ਵਾਈਟ ਹਾਊਸ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਦੱਸ ਦਈਏ ਕਿ ਟਰੰਪ ਦੇ ਬਿਆਨ ਤੋਂ ਬਾਅਦ 15 ਸੂਬਿਆਂ ਵਿੱਚ 5 ਹਜ਼ਾਰ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ, ਜਦਕਿ 2 ਹਜ਼ਾਰ ਹੋਰ ਨੈਸ਼ਨਲ ਗਾਰਡਾਂ ਨੂੰ ਤਿਆਰ ਰੱਖਿਆ ਗਿਆ ਹੈ ਤਾਂ, ਜੋ ਮਾਰੇ ਗਏ ਜਾਰਜ ਫਲੋਇਡ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਏ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਵਾਇਆ ਜਾ ਸਕੇ।

ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਅਸੀਂ ਪਿਛਲੇ ਸਮੇਂ ਦੌਰਾਨ ਇਹ ਸੋਚਦੇ ਰਹਿੰਦੇ ਸੀ ਕਿ ਅਮਰੀਕਾ ਵਰਗੇ ਦੇਸ਼ ਵਿੱਚ ਲੋਕਾਂ ਨੂੰ ਬੜੀ ਛੇਤੀ ਇਨਸਾਫ਼ ਮਿਲਦਾ ਹੈ ਅਤੇ ਉੱਥੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ, ਉੱਥੇ ਹੀ ਦੂਜੇ ਪਾਸੇ ਜੋ ਹਾਲ ਹੁਣ ਅਮਰੀਕਾ ਦਾ ਹੋ ਚੁੱਕਿਆ ਹੈ, ਉਸ ਤੋਂ ਸਾਫ਼ ਹੋ ਚੁੱਕਿਆ ਹੈ ਕਿ ਅਮਰੀਕਾ ਵਿੱਚ ਵੀ ਭਾਰਤ ਵਾਲਾ ਹੀ ਹਾਲ ਹੈ, ਛੇਤੀ ਇਨਸਾਫ਼ ਮਿਲਣਾ ਤਾਂ ਦੂਰ ਦੀ ਗੱਲ। ਜਿਵੇਂ ਭਾਰਤ ਵਿੱਚ ਦਲਿਤਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਅਮਰੀਕਾ ਵਿੱਚ ਵੀ ਕਾਲੇ ਅਤੇ ਗੋਰੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਜਦਕਿ ਰੰਗ ਦਾ ਕਾਲਾ ਹੋਵੇ ਜਾਂ ਫਿਰ ਗੋਰਾ ਹੈ ਤਾਂ ਇਨਸਾਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।