ਜਦੋਂ ਆਂਧਰਾ ਪ੍ਰਦੇਸ਼ 'ਚ ਫਸੇ 14 ਕੰਬਾਈਨ ਮਜ਼ਦੂਰ ਟ੍ਰੇਨ ਰਾਹੀਂ ਪਹੁੰਚੇ ਖੰਨਾ ਰੇਲਵੇ ਸਟੇਸ਼ਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 02 2020 19:45
Reading time: 3 mins, 0 secs

ਦੇਸ਼ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਬਾਅਦ ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੇ ਲਗਾਮ ਲਗਾਉਣ ਦੇ ਉਦੇਸ਼ ਨਾਲ ਪੂਰੇ ਦੇਸ਼ ਅੰਦਰ ਲਾਕਡਾਊਨ ਕਰਕੇ ਵੱਖ-ਵੱਖ ਸੂਬਿਆਂ 'ਚ ਕਰਫਿਊ ਲਗਾਇਆ ਗਿਆ ਸੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰੀ ਰੇਲਵੇ ਮੰਤਰਾਲਾ ਵੱਲੋਂ ਪੂਰੇ ਦੇਸ਼ ਅੰਦਰ ਯਾਤਰੂ ਟ੍ਰੇਨਾਂ ਦੀ ਆਵਾਜਾਈ ਤੇ ਰੋਕ ਲਗਾ ਕੇ ਰੇਲਾਂ ਦੇ ਪਹੀਆਂ ਨੂੰ ਜਾਮ ਕਰ ਦਿੱਤਾ ਗਿਆ ਸੀ। ਹਾਲਾਂਕਿ, ਜ਼ਰੂਰੀ ਵਸਤਾਂ ਲਿਜਾਣ ਅਤੇ ਅਨਾਜ ਦੀ ਢੋਆ-ਢੁਆਈ ਦੇ ਮੱਦੇਨਜ਼ਰ ਮਾਲਗੱਡੀ ਦੀ ਆਵਾਜਾਈ ਜਾਰੀ ਰਹੀ ਸੀ। ਲਾਕਡਾਊਨ ਲੱਗਣ ਅਤੇ ਟ੍ਰੇਨਾਂ ਦੀ ਆਵਾਜਾਈ ਤੇ ਰੋਕ ਲਗਾਏ ਜਾਣ ਦੇ ਚੱਲਦੇ ਵੱਖ-ਵੱਖ ਸੂਬਿਆਂ 'ਚ ਲੋਕ ਫਸਕੇ ਰਹਿ ਗਏ ਸਨ।

ਕਰੀਬ ਦੋ ਮਹੀਨੇ ਦੇ ਅੰਤਰਾਲ ਬਾਅਦ ਇੰਡੀਅਨ ਰੇਲਵੇ ਵੱਲੋਂ ਦੇਸ਼ ਅੰਦਰ ਖ਼ਾਸ ਰੂਟਾਂ ਤੇ ਸਪੈਸ਼ਲ ਮੁਸਾਫਰ ਟ੍ਰੇਨਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਅੰਮ੍ਰਿਤਸਰ ਤੋਂ ਵਾਇਆ ਦਿੱਲੀ ਹੋ ਕੇ ਵੱਖ-ਵੱਖ ਪ੍ਰਦੇਸ਼ਾਂ 'ਚ ਜਾਣ ਲਈ ਰੇਲਵੇ ਵਿਭਾਗ ਵੱਲੋਂ ਕਈ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਤਿੰਨ ਸਪੈਸ਼ਲ ਟ੍ਰੇਨਾਂ ਦਾ ਅੱਪ ਅਤੇ ਡਾਊਨ ਰੂਟ ਤੇ 1 ਜੂਨ ਤੋਂ ਖੰਨਾ ਰੇਲਵੇ ਸਟੇਸ਼ਨ ਤੇ ਸਟਾਪੇਜ਼ ਸ਼ੁਰੂ ਕੀਤਾ ਗਿਆ ਹੈ।

ਸ਼੍ਰੀ ਹਜ਼ੂਰ ਸਾਹਿਬ ਅਤੇ ਮੁੰਬਈ ਤੋਂ ਦੋ ਟ੍ਰੇਨਾਂ ਖੰਨਾ ਰੇਲਵੇ ਸਟੇਸ਼ਨ ਪਹੁੰਚੀਆਂ
02 ਜੂਨ ਮੰਗਲਵਾਰ ਦੇ ਦਿਨ ਸ਼੍ਰੀ ਹਜ਼ੂਰ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਅਤੇ ਮੁੰਬਈ ਦੇ ਬਾਂਦਰਾ ਟਰਮੀਨਲ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਪਸ਼ਚਿਮ ਐਕਸਪ੍ਰੈਸ ਸ਼ਾਮ ਨੂੰ ਖੰਨਾ ਰੇਲਵੇ ਸਟੇਸ਼ਨ ਤੇ ਪਹੁੰਚੀਆਂ। ਇਨ੍ਹਾਂ ਦੋਨਾਂ ਸਪੈਸ਼ਲ ਟ੍ਰੇਨਾਂ ਰਾਹੀਂ ਕਰੀਬ-ਕਰੀਬ 27 ਮੁਸਾਫਰ ਵੱਖ-ਵੱਖ ਥਾਵਾਂ ਤੇ ਜਾਣ ਸਬੰਧੀ ਖੰਨਾ ਰੇਲਵੇ ਸਟੇਸ਼ਨ ਤੇ ਉੱਤਰੇ, ਜਿਨ੍ਹਾਂ 'ਚ ਪੰਜ ਮਹਿਲਾ ਮੁਸਾਫਰ ਵੀ ਸ਼ਾਮਲ ਸਨ। ਜਦਕਿ ਅੰਮ੍ਰਿਤਸਰ ਤੋਂ ਬਿਹਾਰ ਦੇ ਗਯਾ ਰੇਲਵੇ ਸਟੇਸ਼ਨ ਜਾਣ ਵਾਲੀ ਸ਼ਹੀਦ ਐਕਸਪ੍ਰੈਸ ਟ੍ਰੇਨ 'ਚ ਖੰਨਾ ਤੋਂ ਪੰਜ ਪ੍ਰਵਾਸੀ ਮਜ਼ਦੂਰਾਂ ਨੇ ਸਵਾਰ ਹੋ ਕੇ ਆਪਣੇ ਘਰ ਪਹੁੰਚਣ ਲਈ ਸਫਰ ਸ਼ੁਰੂ ਕੀਤਾ। ਹਾਲਾਂਕਿ, ਸੱਚਖੰਡ ਐਕਸਪ੍ਰੈਸ ਅਤੇ ਪਸ਼ਚਿਮ ਐਕਸਪ੍ਰੈਸ 'ਚ ਖੰਨਾ ਸਟੇਸ਼ਨ ਤੋਂ ਕੋਈ ਵੀ ਮੁਸਾਫਰ ਸਵਾਰ ਨਹੀਂ ਹੋਇਆ ਹੈ।

ਸੱਚਖੰਡ ਅਤੇ ਪਸ਼ਚਿਮ ਐਕਸਪ੍ਰੈਸ ਰਾਹੀਂ 27 ਮੁਸਾਫਰ ਪਹੁੰਚੇ ਖੰਨਾ ਸਟੇਸ਼ਨ
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਖੰਨਾ ਸਟੇਸ਼ਨ ਪਹੁੰਚੀ ਸੱਚਖੰਡ ਐਕਸਪ੍ਰੈਸ ਟ੍ਰੇਨ 'ਚੋਂ 18 ਮੁਸਾਫਰ ਖੰਨਾ ਪਹੁੰਚੇ, ਜਿਨ੍ਹਾਂ ਵਿੱਚ 16 ਪੁਰਸ਼ ਅਤੇ 2 ਮਹਿਲਾ ਮੁਸਾਫਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ 14 ਮੁਸਾਫਰ ਉਹ ਸਨ, ਜੋ ਕਿ ਫਸਲਾਂ ਦੀ ਕਟਾਈ ਕਰਨ ਸਬੰਧੀ ਆਂਧਰਾ ਪ੍ਰਦੇਸ਼ ਗਏ ਅਤੇ ਕੰਬਾਈਨ ਮਜ਼ਦੂਰ ਲਾਕਡਾਊਨ ਲੱਗਣ ਕਾਰਨ ਉੱਥੇ ਫਸ ਗਏ ਸਨ। ਇਹ ਕੰਬਾਈਨ ਮਜ਼ਦੂਰ ਮਲੇਰਕੋਟਲਾ ਜਾਣ ਲਈ ਖੰਨਾ ਰੇਲਵੇ ਸਟੇਸ਼ਨ ਤੇ ਉੱਤਰੇ ਸਨ। ਜਦਕਿ 4 ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਚੱਲ ਕੇ ਮੰਡੀ ਗੋਬਿੰਦਗੜ੍ਹ ਜਾਣ ਲਈ ਆਏ ਹਨ। ਜਦਕਿ ਪਸ਼ਚਿਮ ਐਕਸਪ੍ਰੈਸ ਰਾਹੀਂ 9 ਮੁਸਾਫਰ ਖੰਨਾ ਸਟੇਸ਼ਨ ਤੇ ਪਹੁੰਚੇ, ਇਨ੍ਹਾਂ 'ਚ 6 ਪੁਰਸ਼ ਅਤੇ ਤਿੰਨ ਮਹਿਲਾ ਮੁਸਾਫਰ ਸ਼ਾਮਲ ਸਨ।

ਸਿਹਤ ਵਿਭਾਗ ਦੀ ਟੀਮ ਨੇ ਮੁਸਾਫਰਾਂ ਦੀ ਕੀਤੀ ਸਕਰੀਨਿੰਗ
ਇਨ੍ਹਾਂ ਦੋਨਾਂ ਟ੍ਰੇਨਾਂ ਰਾਹੀਂ ਖੰਨਾ ਆਉਣ ਵਾਲੇ ਮੁਸਾਫਰਾਂ ਦੀ ਸਟੇਸ਼ਨ ਪਹੁੰਚਣ ਬਾਅਦ ਸਿਵਲ ਹਸਪਤਾਲ ਦੀ ਡਾਕਟਰੀ ਟੀਮ ਵੱਲੋਂ ਸਿਹਤ ਜਾਂਚ ਕਰਦੇ ਹੋਏ ਸਕਰੀਨਿੰਗ ਕੀਤੀ ਗਈ। ਇਸਦੇ ਨਾਲ ਹੀ ਮੁਸਾਫਰਾਂ ਦੇ ਸਰੀਰਕ ਤਾਪਮਾਨ ਦੀ ਵੀ ਜਾਂਚ ਕੀਤੀ ਗਈ। ਸਿਹਤ ਮੁਲਾਜ਼ਮਾਂ ਵੱਲੋਂ ਮੁਸਾਫਰਾਂ ਦੇ ਪੂਰੇ ਨਾਮ ਅਤੇ ਪਤੇ ਨੋਟ ਕਰਕੇ ਉਨਾਂ ਨੂੰ ਇੱਕ ਹਫਤੇ ਲਈ ਆਪੋ ਆਪਣੇ ਘਰਾਂ ਅੰਦਰ ਇਕਾਂਤਵਾਸ ਰਹਿਣ ਸਬੰਧੀ ਹਦਾਇਤ ਕੀਤੀ ਗਈ।

ਟ੍ਰੇਨ ਮੁਸਾਫਰਾਂ ਦੀ ਸੁਰੱਖਿਆ ਲਈ ਤਾਇਨਾਤ ਸਨ ਜੀਆਰਪੀ ਅਤੇ ਆਰਪੀਐਫ ਮੁਲਾਜ਼ਮ
ਖੰਨਾ ਰੇਲਵੇ ਸਟੇਸ਼ਨ ਤੇ ਅੱਪ ਅਤੇ ਡਾਊਨ ਰੂਟ ਦੀਆਂ ਰੁਕਣ ਵਾਲੀਆਂ ਤਿੰਨ ਟ੍ਰੇਨਾਂ 'ਚ ਸਵਾਰ ਹੋਣ ਅਤੇ ਉਤਰਨ ਵਾਲੇ ਮੁਸਾਫਰਾਂ ਦੀ ਸੁਰੱਖਿਆ ਸਬੰਧੀ ਗੌਰਮਿੰਟ ਰੇਲਵੇ ਪੁਲਿਸ (ਜੀਆਰਪੀ) ਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਤੋਂ ਇਲਾਵਾ ਪੁਲਿਸ ਜ਼ਿਲ੍ਹਾ ਖੰਨਾ ਤੋਂ ਵੀ ਮਹਿਲਾ ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੇ ਗਏ ਸਨ। ਰੇਲਵੇ ਪੁਲਿਸ ਚੌਂਕੀ ਖੰਨਾ 'ਚ ਤਾਇਨਾਤ ਏਐਸਆਈ ਕੁਲਦੀਪ ਸਿੰਘ ਅਤੇ ਆਰਪੀਐਫ ਪੋਸਟ ਖੰਨਾ ਦੇ ਏਐਸਆਈ ਬਲਵਿੰਦਰ ਸਿੰਘ ਅਤੇ ਰੇਲਵੇ ਵਿਭਾਗ ਦੇ ਟਿਕਟ ਇੰਸਪੈਕਟਰ ਇੰਦਰਜੀਤ ਸਿੰਘ ਦੀ ਨਿਗਰਾਨੀ 'ਚ ਆਉਣ ਅਤੇ ਜਾਣ ਵਾਲੇ ਮੁਸਾਫਰਾਂ ਦੀ ਸਕਰੀਨਿੰਗ ਕੀਤੀ ਗਈ।

ਇਸ ਮੌਕੇ ਜੀਆਰਪੀ ਦੀ ਮਹਿਲਾ ਏਐਸਆਈ ਅਮਨਦੀਪ ਕੌਰ, ਹੈਡ ਕਾਂਸਟੇਬਲ ਤੇਜਿੰਦਰ ਸਿੰਘ ਬਗਲੀ, ਰਛਪਾਲ ਸਿੰਘ, ਮਹਿਲਾ ਹੋਮਗਾਰਡ ਜਸਬੀਰ ਕੌਰ, ਗਗਨਦੀਪ ਕੌਰ, ਆਰਪੀਐਫ ਹੌਲਦਾਰ ਜੋਗਿੰਦਰ ਸਿੰਘ, ਲਖਵੀਰ ਸਿੰਘ ਲੱਕੀ, ਪਵਿੱਤਰ ਸਿੰਘ, ਅਸ਼ੋਕ ਕੁਮਾਰ ਆਦਿ ਤੋਂ ਇਲਾਵਾ ਖੰਨਾ ਪੁਲਿਸ ਦੇ ਮੁਲਾਜ਼ਮ ਤਾਇਨਾਤ ਸਨ।