ਕੋਰੋਨਾ ਕਹਿਰ: ਬੇਰੁਜ਼ਗਾਰਾਂ ਲਈ ਕਈ ਮੁਸੀਬਤਾਂ !!!

Last Updated: Jun 02 2020 19:19
Reading time: 2 mins, 32 secs

ਦੇਸ਼ ਭਰ ਦੇ ਵਿੱਚ ਪਹਿਲੋਂ ਹੀ ਬੇਰੁਜ਼ਗਾਰੀ ਦਾ ਆਲਮ ਛਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਜਿਨ੍ਹਾਂ ਨੌਜਵਾਨਾਂ ਨੇ ਨੌਕਰੀ ਲਈ ਫਾਰਮ ਅਪਲਾਈ ਕੀਤੇ ਸਨ, ਉਨ੍ਹਾਂ ਨੂੰ ਹਾਲੇ ਹੋਰ ਸਮਾਂ ਨੌਕਰੀ ਲਈ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਵੱਡੀਆਂ ਕੰਪਨੀਆਂ ਤੋਂ ਇਲਾਵਾ ਸਰਕਾਰ ਦੇ ਵੱਲੋਂ ਫ਼ਿਲਹਾਲ ਭਰਤੀ 'ਤੇ ਰੋਕ ਹੀ ਲਗਾ ਦਿੱਤੀ ਗਈ ਹੈ। ਨਿਜੀ ਕੰਪਨੀਆਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ਦੇ ਕਾਰਨ ਕਈ ਤਾਂ ਮੁਲਾਜ਼ਮ ਨੌਕਰੀ ਛੱਡ ਗਏ ਹਨ ਅਤੇ ਕਈ ਸੰਘਰਸ਼ ਦੇ ਰਾਹ ਉੱਤੇ ਹਨ।

ਬੁੱਧੀਜੀਵੀਆਂ ਨੇ ਪਿਛਲੇ ਦਿਨੀਂ ਇੱਕ ਅਜਿਹਾ ਬਿਆਨ ਦਿੱਤਾ ਸੀ, ਜਿਸ ਨੇ ਬੇਰੁਜ਼ਗਾਰਾਂ ਵਿੱਚ ਹੌਸਲਾ ਤਾਂ ਭਰਿਆ ਸੀ, ਪਰ ਸਰਕਾਰ ਉੱਪਰ ਕਈ ਸਵਾਲ ਚੁੱਕੇ ਸਨ। ਬੁੱਧੀਜੀਵੀਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਕੋਰੋਨਾ ਵਾਇਰਸ ਦੇ ਦੌਰਾਨ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਹੀ ਦੇ ਦਿੰਦੀ ਤਾਂ ਬੇਹੱਦ ਚੰਗਾ ਹੁੰਦਾ, ਪਰ ਸਰਕਾਰ ਨੇ ਰੁਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਬੇਰੁਜ਼ਗਾਰੀ ਭੱਤਾ ਵੀ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ, ਜਿਸ ਕਾਰਨ ਬੇਰੁਜ਼ਗਾਰ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ।

ਨਰਿੰਦਰ ਮੋਦੀ ਨੇ 2014 ਦੌਰਾਨ ਨੌਜਵਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ, ਪ੍ਰਤੀ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਬੇਰੁਜ਼ਗਾਰਾਂ ਨੂੰ ਜਿੰਨੀ ਦੇਰ ਤੱਕ ਨੌਕਰੀ ਨਹੀਂ ਮਿਲਦੀ ਓਨੀ ਦੇਰ ਤੱਕ ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਵੇਖਿਆ ਜਾਵੇ ਤਾਂ ਕੇਂਦਰ ਵਿੱਚ ਦੂਜੀ ਵਾਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣ ਚੁੱਕੀ ਹੈ, ਪਰ ਹੁਣ ਤੱਕ ਇਹ ਸਾਬਤ ਨਹੀਂ ਹੋ ਸਕਿਆ ਕਿ 2 ਕਰੋੜ ਨੌਜਵਾਨਾਂ ਨੂੰ, 6 ਸਾਲਾਂ ਦੇ ਦੌਰਾਨ ਨੌਕਰੀਆਂ ਮਿਲੀਆਂ ਹਨ ਜਾਂ ਨਹੀਂ।

ਹਕੂਮਤ ਦੇ ਦਾਅਵਿਆਂ ਅਤੇ ਵਾਅਦਿਆਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਬੇਰੁਜ਼ਗਾਰੀ ਭੱਤਾ ਦੇਣਾ ਤਾਂ ਦੂਰ ਦੀ ਗੱਲ ਹੈ, ਉਲਟਾ ਬੇਰੁਜ਼ਗਾਰਾਂ ਨੂੰ ਪਕੌੜੇ ਤਲਨ ਦੇ ਲਈ ਹਕੂਮਤ ਕਹਿ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੋ ਜਿਹਾ ਹੀ ਵਾਅਦਾ ਪੰਜਾਬ ਦੇ ਲੋਕਾਂ ਨਾਲ 2017 ਦੌਰਾਨ ਕੀਤਾ ਸੀ, ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ ਘਰ-ਘਰ ਨੌਕਰੀ ਦਿੱਤੀ ਜਾਵੇਗੀ ਅਤੇ ਨੌਕਰੀ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। 

ਪਰ ਹੁਣ ਤੱਕ ਨਾ ਤਾਂ ਨੌਕਰੀ ਮਿਲ ਸਕੀ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਮਿਲ ਸਕਿਆ। ਇੱਥੋਂ ਤੱਕ ਕਿ ਪ੍ਰਾਈਵੇਟ ਕੰਪਨੀਆਂ ਵਿੱਚ ਨੌਜਵਾਨਾਂ ਨੂੰ ਜੋ ਰੁਜ਼ਗਾਰ ਮਿਲ ਰਿਹਾ ਹੈ, ਉਸ ਨੂੰ ਕੈਪਟਨ ਸਰਕਾਰ ਆਪਣੇ ਨਾਲ ਜੋੜ ਕੇ ਨੂੰ ਪਰੂਫ਼ ਵਿਖਾ ਰਹੀ ਹੈ, ਜੋ ਕਿ ਬਿਲਕੁਲ ਗ਼ਲਤ ਹੈ। ਬੇਸ਼ੱਕ ਹੁਣ ਸਰਕਾਰ ਨੇ "ਘਰ-ਘਰ ਰੋਜ਼ਗਾਰ ਮਿਸ਼ਨ" ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।

ਪਰ ਅਸਲ ਸਚਾਈ ਇਹ ਹੈ ਕਿ ਇਨ੍ਹਾਂ ਰੁਜ਼ਗਾਰ ਦਫ਼ਤਰਾਂ ਦੇ ਵਿੱਚੋਂ ਵੀ ਸਿਰਫ਼ ਨੌਜਵਾਨਾਂ ਨੂੰ ਧੱਕੇ ਹੀ ਮਿਲਦੇ ਹਨ, ਇਸ ਤੋਂ ਇਲਾਵਾ ਕੁਝ ਵੀ ਨੌਜਵਾਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਸਰਕਾਰ ਦੇ ਦਾਅਵੇ ਮੁਤਾਬਿਕ ਕੋਵਿਡ-19 ਕਾਰਨ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕਈ ਨਵੀਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ ਅਤੇ ਹੁਣ ਬੇਰੁਜ਼ਗਾਰਾਂ ਲਈ ਹੈਲਪਲਾਈਨ ਨੰਬਰ ਅਤੇ ਈਮੇਲ ਆਈਡੀ ਵੀ ਜਾਰੀ ਕੀਤੀ ਗਈ ਹੈ, ਪਰ ਇਸਦੇ ਨਾਲ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਨਹੀਂ ਮਿਲਣ ਵਾਲਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਕੋਰੋਨਾ ਵਾਇਰਸ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਵਿਦਿਆਰਥੀਆਂ ਦੇ ਨਾਲ-ਨਾਲ ਬੇਰੁਜ਼ਗਾਰਾਂ ਉੱਪਰ ਵੀ ਭਾਰੀ ਪਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।