ਇਨਸਾਫ਼ ਨਾ ਮਿਲਦਾ ਵੇਖ, ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਘੇਰ ਲਿਆ ਐਸਐਸਪੀ ਦਫ਼ਤਰ

Last Updated: Jun 02 2020 16:55
Reading time: 1 min, 9 secs

ਅੱਜ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਨਾਲ ਮੀਟਿੰਗ ਲਈ ਉਨ੍ਹਾਂ ਦੇ ਦਫ਼ਤਰ ਬਾਜੇਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵੱਡਾ ਵਫ਼ਦ ਪਹੁੰਚਿਆ। ਪਰ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਨਾ ਮਿਲਣ 'ਤੇ ਇਕੱਠੇ ਹੋਏ ਲੋਕਾਂ ਨੇ ਮੌਕੇ 'ਤੇ ਹੀ ਧਰਨਾ ਮਾਰ ਦਿੱਤਾ। ਇਸ ਮੌਕੇ ਬਾਜੇਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਖੇਡ ਮੰਤਰੀ ਪੰਜਾਬ ਦੇ ਵਿਰੁੱਧ ਜੰਮ ਕੇ ਪਿੱਟ ਸਿਆਪਾ ਕੀਤਾ।

ਧਰਨਾ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰੈਸ ਸਕੱਤਰ ਅਵਤਾਰ ਮਹਿਮਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ 31 ਮਈ ਨੂੰ ਹਾਕਮ ਚੰਦ ਬਾਜੇ ਕੇ ਦੀ ਮਾਲਕੀ ਜ਼ਮੀਨ ਉੱਪਰ ਕਥਿਤ ਤੌਰ 'ਤੇ ਕਸ਼ਮੀਰ ਲਾਲ ਬਾਜੇਕੇ ਵੱਲੋਂ ਕੀਤੀ ਜਾ ਰਹੀ ਨਜਾਇਜ਼ ਉਸਾਰੀ ਰੋਕਣ ਗਏ ਲੋਕਾਂ ਉੱਪਰ ਬੰਦੂਕਾਂ ਨਾਲ ਪੁਲਿਸ ਦੀ ਮੌਜੂਦਗੀ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਜਿਸ ਵਿੱਚ ਹਾਕਮ ਚੰਦ ਦੇ ਪੁੱਤਰ ਪ੍ਰਸ਼ੋਤਮ ਕੁਮਾਰ ਦੇ ਸਿਰ ਵਿੱਚ ਗੋਲੀ ਵੱਜੀ ਤੇ ਉਹ ਜ਼ਖਮੀ ਹੋ ਗਿਆ।

ਲੋਕਾਂ ਨੇ ਰੋਸ ਵਿੱਚ ਉੱਥੇ ਹੀ ਧਰਨਾ ਲਗਾ ਦਿੱਤਾ ਸੀ। ਐੱਸ ਪੀ ਹੈਡਕੁਆਰਟਰ ਅਤੇ ਡੀ ਐੱਸ ਪੀ ਗੁਰੂਹਰਸਹਾਏ ਦੇ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਸੀ। ਯੂਨੀਅਨ ਆਗੂਆਂ 'ਤੇ ਪਰਚੇ ਦਰਜ ਹੋਣ ਤੋਂ ਬਾਅਦ ਲੰਘੇ ਕੱਲ੍ਹ ਕਮੇਟੀ ਵੱਲੋਂ ਥਾਣਾ ਗੁਰੂਹਰਸਹਾਏ ਦੇ ਸਾਹਮਣੇ ਧਰਨਾ ਮਾਰ ਦਿੱਤਾ ਗਿਆ ਸੀ, ਜੋ ਦੇਰ ਸ਼ਾਮ ਐੱਸ ਐੱਸ ਪੀ ਫ਼ਿਰੋਜ਼ਪੁਰ ਨਾਲ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ ਸੀ। ਪਰ ਅੱਜ ਜਦੋਂ ਯੂਨੀਅਨ ਆਗੂ ਮੀਟਿੰਗ ਲਈ ਪਹੁੰਚੇ ਤਾਂ, ਅੰਦਰੋਂ ਕੋਈ ਵੀ ਜਵਾਬ ਨਾ ਮਿਲਦਾ ਦੇਖ ਲੋਕਾਂ ਨੇ ਧਰਨਾ ਮਾਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।