ਅੰਨਦਾਤੇ ਦੇ ਦੁਸ਼ਮਣਾਂ ਨੇ ਵੀ ਮਾਰ ਦਿੱਤੀ ਬੜ੍ਹਕ, ਟਿੱਡੀ ਦਲ ਖ਼ਤਰਨਾਕ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 02 2020 14:45
Reading time: 4 mins, 12 secs

ਟਿੱਡੀ ਦਲ ਦਾ ਨਾਮ ਸੁਣਦਿਆਂ ਹੀ ਕਿਸਾਨਾਂ ਦੇ ਹੁਣ ਸਾਹ ਸੁੱਕ ਜਾਂਦੇ ਹਨ। ਇਹ ਟਿੱਡੀ ਦਲ ਦਾ ਬੇਸ਼ੱਕ ਅਸਲ ਜਨਮ ਸਾਉਦੀ ਅਰਬ, ਅਫ਼ਗ਼ਾਨਿਸਤਾਨ ਵਰਗੇ ਰੇਤਲੇ ਤੇ ਪਾਣੀ ਰਹਿਤ ਖੇਤਰ ਵਿੱਚ ਹੋਇਆ, ਪਰ ਭਾਰਤ ਦੇ ਹਾਕਮਾਂ ਦੇ ਵੱਲੋਂ ਇਸ ਦਾ ਦੋਸ਼ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਦੇ ਉੱਪਰ ਮੜ੍ਹਿਆ ਜਾਂਦਾ ਰਿਹਾ ਹੈ, ਕਿ ਪਾਕਿਸਤਾਨ ਦੇ ਵੱਲੋਂ ਹੀ ਭਾਰਤ ਦੇ ਅੰਦਰ ਟਿੱਡੀ ਦਲ ਭੇਜਿਆ ਗਿਆ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਟਿੱਡੀ ਦਲ ਦਸਤਕ ਦੇ ਚੁੱਕਿਆ ਹੈ, ਜਿਸਦੇ ਕਾਰਨ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਦੱਸ ਦਈਏ ਕਿ ਕਿਸਾਨਾਂ ਦੇ ਨਾਲ ਹੁਣ ਉਹ ਲੋਕ ਵੀ ਹਮਦਰਦੀ ਪ੍ਰਗਟਾ ਰਹੇ ਹਨ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਕਿਸਾਨ ਵਿਰੋਧੀ ਫ਼ੈਸਲੇ ਸੁਣਾਏ। ਉਨ੍ਹਾਂ ਦੇ ਵਿੱਚ ਕੇਂਦਰ ਵਿੱਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਤਤਕਾਲੀ ਅਕਾਲੀ ਦਲ ਸਰਕਾਰ ਤੋਂ ਇਲਾਵਾ ਦਿੱਲੀ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਮੌਜੂਦਾ ਕਾਂਗਰਸ ਦੀ ਹਕੂਮਤ, ਇਨ੍ਹਾਂ ਦੇ ਵੱਲੋਂ ਟਿੱਡੀ ਦਲ ਨੂੰ ਲੈ ਕੇ ਕਾਫ਼ੀ ਜ਼ਿਆਦਾ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਵੇਖਿਆ ਜਾਵੇ ਤਾਂ ਵਿਦੇਸ਼ ਤੋਂ ਭਾਰਤ ਦੇ ਅੰਦਰ ਦਸਤਕ ਦਿੱਤੇ ਟਿੱਡੀ ਦਲ ਨੂੰ ਤਾਂ "ਸਾਡੇ ਆਲੇ" ਕਾਬੂ ਕਰ ਨਹੀਂ ਸਕੇ, ਹੋਰ ਇਹ ਕੀ ਕਾਬੂ ਕਰ ਪਾਉਣਗੇ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ।

ਸਾਉਦੀ ਅਰਬ, ਅਫ਼ਗ਼ਾਨਿਸਤਾਨ ਵਿੱਚ ਪੈਦਾ ਹੋਏ ਟਿੱਡੀ ਦਲ ਨੇ ਜਿਵੇਂ ਹੀ ਪਾਕਿਸਤਾਨ ਦੇ ਵਿੱਚ ਦਸਤਕ ਦਿੱਤੀ, ਉਸ ਤੋਂ ਕੁਝ ਦਿਨਾਂ ਬਾਅਦ ਹੀ ਪਾਕਿਸਤਾਨ ਦੇ ਵਿੱਚੋਂ ਟਿੱਡੀ ਦਲ ਭਾਰਤੀ ਸਰਹੱਦ ਪਾਰ ਕਰ ਗਿਆ। ਸਭ ਤੋਂ ਪਹਿਲੋਂ ਟਿੱਡੀ ਦਲ ਨੇ ਰਾਜਸਥਾਨ ਦੇ ਵਿੱਚ ਆਪਣਾ ਘਰ ਬਣਾਇਆ ਅਤੇ ਉਸ ਤੋਂ ਮਗਰੋਂ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ, ਸਰਹੱਦੀ ਖੇਤਰ ਅਬੋਹਰ ਤੋਂ ਇਲਾਵਾ ਜਲਾਲਾਬਾਦ ਨੂੰ ਆਪਣੇ ਕਬਜ਼ੇ ਵਿੱਚ ਲਿਆ। ਸਰਹੱਦੀ ਖੇਤਰਾਂ ਦੇ ਵਿੱਚ ਟਿੱਡੀ ਦਲ ਬਹੁਤ ਜ਼ਿਆਦਾ ਹੈ। ਪਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਬੰਦੇ ਇਸ ਉੱਪਰ ਸਿਰਫ਼ ਤੇ ਸਿਰਫ਼ ਬਿਆਨਬਾਜ਼ੀ ਝਾੜ ਰਹੇ ਹਨ, ਜਦਕਿ ਟਿੱਡੀ ਦਲ ਨੂੰ ਪੰਜਾਬ ਅਤੇ ਭਾਰਤ ਵਿੱਚੋਂ ਕਿਵੇਂ ਖ਼ਤਮ ਕੀਤਾ ਜਾਵੇ, ਇਸ ਦੇ ਬਾਰੇ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।

ਪੰਜਾਬ ਵਿੱਚਲੀ ਕੈਪਟਨ ਹਕੂਮਤ ਹੁਣ ਤੱਕ ਕਿਸਾਨਾਂ ਦੇ ਕਰਜ਼ ਮੁਆਫ਼ ਤਾਂ ਕਰ ਨਹੀਂ ਸਕੀ, ਹੁਣ ਟਿੱਡੀ ਦਲ ਵੇਲੇ ਕਿਹੜਾ ਪਹਾੜ ਤੋੜੇਗੀ, ਫ਼ਿਲਹਾਲ ਕੋਈ ਪਤਾ ਨਹੀਂ। ਪਰ, ਅਸੀਂ ਸਿਆਸੀ ਮਾਹਿਰਾਂ ਦੇ ਅਨੁਸਾਰ ਦਿੱਤੇ ਗਏ ਬਿਆਨਾਂ ਨੂੰ ਮੁੱਖ ਰੱਖ ਦੇ ਕਹਿ ਸਕਦੇ ਹਾਂ ਕਿ ਸੱਤਾ ਵਿੱਚ ਬਿਰਾਜਮਾਨ ਲੀਡਰ, ਕਿਸੇ ਟਿੱਡੀ ਦਲ ਤੋਂ ਘੱਟ ਨਹੀਂ ਹਨ। ਸੱਤਾ ਵਿੱਚ ਬਿਰਾਜਮਾਨ ਲੀਡਰ ਜੋ ਸਾਡੀ ਪਿਛਲੇ ਲੰਮੇ ਸਮੇਂ ਤੋਂ ਲੁੱਟ ਕਰ ਰਹੇ ਹਨ, ਉਸ ਤੋਂ ਸਭ ਭਲੀ ਭਾਂਤ ਜਾਣੀ ਹੀ ਹਾਂ, ਹੁਣ ਵੇਲਾ ਇਹ ਹੈ ਕਿ ਟਿੱਡੀ ਦਲ ਦੇ ਨਾਲ ਇਕੱਠੇ ਹੋ ਕੇ ਲੜਿਆ ਜਾਵੇ, ਨਾ ਕਿ ਇਸ ਉੱਪਰ ਵੀ ਸਿਆਸਤ ਘੋਲੀ ਜਾਵੇ। ਸੂਚਨਾ ਮਿਲੀ ਹੈ ਕਿ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਛਿੜਕਾਅ ਦੇ ਲਈ ਦਵਾਈਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪਾਣੀ ਦੀਆਂ ਟੈਂਕੀਆਂ, ਸਰਚ ਲਾਈਟਾਂ ਸਮੇਤ ਸਾਰਾ ਸਾਜ਼ੋ-ਸਾਮਾਨ ਤਿਆਰ ਰੱਖਣ ਦਾ ਨਿਰਦੇਸ਼ ਦਿੱਤਾ ਹੈ।

ਪਰ ਡਿਪਟੀ ਕਮਿਸ਼ਨਰਾਂ ਦੇ ਇਨ੍ਹਾਂ ਨਿਰਦੇਸ਼ਾਂ ਦੀ ਹਵਾ ਉੱਥੇ ਜਾ ਕੇ ਨਿਕਲ ਜਾਂਦੀ ਹੈ, ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖ਼ਰਾਬ ਖੜੀਆਂ ਹਨ, ਪਾਣੀ ਦੀਆਂ ਟੈਂਕੀਆਂ ਦੀ ਹਾਲਤ ਠੀਕ ਨਹੀਂ ਹੈ। ਪੰਜਾਬ ਦੇ ਬਹੁਤ ਸਾਰੇ ਸ਼ਹਿਰ, ਕਸਬੇ ਅਤੇ ਇਲਾਕੇ ਇਹੋ ਜਿਹੇ ਹਨ, ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਠੀਕ ਨਹੀਂ ਹੈ। ਜਿਸ ਕਾਰਨ ਟਿੱਡੀ ਦਲ ਤੋਂ ਕਿਸਾਨਾਂ ਦੀ ਫ਼ਸਲ ਨੂੰ ਬਚਾਉਣਾ ਮੁਸ਼ਕਲ ਹੀ ਨਹੀਂ, ਬਲਕਿ ਨਾ ਮੁਮਕਿਨ ਹੈ। ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਲੰਘੇ ਦਿਨੀਂ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਰਾਜਸਥਾਨ ਵਿੱਚ ਟਿੱਡੀ ਦਲ ਵੱਲੋਂ ਫ਼ਸਲਾਂ 'ਤੇ ਹਮਲਾ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੇ ਹਮਲੇ ਦੀ ਆਸ਼ੰਕਾ ਵਿਅਕਤ ਕੀਤੀ ਜਾ ਰਹੀ ਹੈ।

ਇਸ ਲਈ ਸਾਨੂੰ ਖ਼ਾਸ ਤੌਰ 'ਤੇ ਰਾਜਸਥਾਨ ਬਾਰਡਰ ਦੇ ਨਜ਼ਦੀਕ ਇਲਾਕਿਆਂ ਨੂੰ ਮੁਸਤੈਦ ਰਹਿਣ ਅਤੇ 24 ਘੰਟੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਡੀਸੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਇਸ ਮੁਹਿੰਮ ਵਿੱਚ ਬਤੌਰ ਨੋਡਲ ਅਫ਼ਸਰ ਵਜੋਂ ਕੰਮ ਕਰਨਗੇ ਅਤੇ ਦੂਜੇ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਗੇ, ਉਹ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦਾ ਇੱਕ ਵਟਸਐੱਪ ਗਰੁੱਪ ਬਣਾਉਣਗੇ, ਜਿਸ ਵਿੱਚ ਟਿੱਡੀ ਦਲ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਸਾਂਝਾ ਕੀਤਾ ਜਾਵੇਗਾ, ਤਾਂ ਜੋ ਸਾਡੀ ਤਿਆਰੀ ਹੋਰ ਮਜ਼ਬੂਤ ਹੋ ਸਕੇ।

ਡੀਸੀ ਨੇ ਨਿਰਦੇਸ਼ਾਂ ਵਿੱਚ ਇਹ ਵੀ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਟਿੱਡੀ ਦਲ ਦਾ ਹਮਲਾ ਫ਼ਸਲਾਂ 'ਤੇ ਹੋਣ ਦੀ ਸੂਰਤ ਵਿੱਚ ਖੇਤਾਂ ਵਿੱਚ ਛਿੜਕਣ ਵਾਲੀ ਦਵਾਈ ਦਾ ਭਰਪੂਰ ਸਟਾਕ ਤਿਆਰ ਰੱਖਿਆ ਜਾਵੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਮਾਰਕੀਟ ਕਮੇਟੀ ਦੀਆਂ ਗੱਡੀਆਂ, ਸਪਰੇਅ ਪੰਪ, ਰਾਤ ਨੂੰ ਅਪਰੇਸ਼ਨ ਚਲਾਉਣ ਦੇ ਲਈ ਸਰਚ ਲਾਈਟਾਂ ਦੀਆਂ ਸੂਚੀਆਂ ਤਿਆਰ ਰੱਖੀਆਂ ਜਾਣ ਇਹ ਸਾਰੀ ਲਿਸਟ ਖੇਤੀਬਾੜੀ ਵਿਭਾਗ ਵੱਲੋਂ ਸਬੰਧਿਤ ਵਿਭਾਗਾਂ ਤੋਂ ਇਕੱਤਰਿਤ ਕਰਕੇ ਤਿਆਰ ਕੀਤੀਆਂ ਜਾਣਗੀਆਂ, ਨਾਲ ਹੀ ਖੇਤੀਬਾੜੀ ਵਿਭਾਗ, ਗ੍ਰਾਮੀਣ ਵਿਕਾਸ ਵਿਭਾਗ, ਬਿਜਲੀ ਵਿਭਾਗ, ਸਿਹਤ ਵਿਭਾਗ, ਪੰਚਾਇਤਾਂ ਦੇ ਵਿੱਚ ਆਪਸੀ ਤਾਲਮੇਲ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ।

ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਝਾੜੇ ਗਏ ਬਿਆਨ ਤੋਂ ਸਾਫ਼ ਅਤੇ ਸਪਸ਼ਟ ਹੋ ਜਾਂਦਾ ਹੈ ਕਿ ਰੱਟਿਆ ਰਟਾਇਆ ਸਰਕਾਰ ਵੱਲੋਂ ਜੋ ਵੀ ਦੱਸਿਆ ਗਿਆ ਹੈ, ਉਸ ਨੂੰ ਹੀ ਅੱਗੇ ਕਿਸਾਨਾਂ ਕੋਲ ਬਿਆਨ ਤੋਰਿਆ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਦਾ ਜਿੱਥੇ ਨੁਕਸਾਨ ਹੋਵੇਗਾ, ਉੱਥੇ ਹੀ ਕਿਸਾਨਾਂ ਦੀ ਫ਼ਸਲ ਆਉਣ ਵਾਲੇ ਕੁਝ ਸਮੇਂ ਤੱਕ ਤਿਆਰ ਹੀ ਨਹੀਂ ਹੋ ਸਕੇਗੀ। ਕਿਸਾਨਾਂ ਆਰਥਿਕ ਪੱਧਰ 'ਤੇ ਹੋਰ ਕਮਜ਼ੋਰ ਹੋ ਜਾਣਗੇ। ਹੁਣ ਚਾਹੀਦਾ ਹੈ ਕਿ ਸਰਕਾਰ ਸਖ਼ਤ ਕਦਮ ਚੁੱਕੇ ਅਤੇ ਇਮਾਨਦਾਰੀ ਦੇ ਨਾਲ ਕਿਸਾਨਾਂ ਦੀ ਮਦਦ ਕਰੇ ਅਤੇ ਟਿੱਡੀ ਦਲ ਨੂੰ ਸੂਬੇ ਦੇ ਵਿੱਚੋਂ ਭਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਸੰਘਰਸ਼ ਕਰਨ ਦੇ ਲਈ ਮਜ਼ਬੂਰ ਹੋ ਜਾਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।