ਆਖ਼ਿਰ, ਇੰਜ ਕਿੰਝ ਵੜ ਗਏ ਗੁੰਡਾ ਅਨਸਰ ਯੂਨੀਵਰਸਿਟੀ 'ਚ ?

Last Updated: Jan 06 2020 18:59
Reading time: 1 min, 30 secs

ਅੱਜ ਇਹ ਖ਼ਬਰ ਦੇਸ਼ ਦੇ ਬਹੁਤੇ ਅਖ਼ਬਾਰਾਂ ਦੀ ਸੁਰਖ਼ੀ ਬਣੀ ਹੈ ਕਿ, ਜੇਐਨਯੂ 'ਚ ਕੁਝ ਨਕਾਬਪੋਸ਼ ਗੁੰਡਾ ਅਨਸਰਾਂ ਨੇ ਨਾ ਕੇਵਲ ਓਥੋਂ ਦੇ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ ਬਲਕਿ, ਓਥੇ ਪੜ੍ਹਾਉਣ ਵਾਲੇ ਅਧਿਆਪਕਾ ਦਾ ਵੀ ਦੱਬ ਕੇ ਕੁਟਾਪਾ ਲਾਹਿਆ ਹੈ। ਦੋਸਤੋ, ਹਮਲਾਵਰ ਨਕਾਬਪੋਸ਼ ਕੌਣ ਸਨ? ਉਨ੍ਹਾਂ ਦੇ ਹਮਲੇ ਪਿੱਛੇ ਵਜ੍ਹਾ ਕੀ ਸੀ? ਹਮਲਾਵਰਾਂ ਦੀ ਪਿੱਠ ਕੌਣ ਠੋਕ ਰਿਹਾ ਸੀ? ਪੁਲਿਸ ਨੇ ਹਮਲਾਵਰਾਂ ਦੀ ਪਹਿਚਾਣ ਕਰਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੀ ਕੀਤਾ? ਦੋਸ਼ੀ ਫੜੇ ਜਾਣਗੇ ਜਾਂ ਨਹੀਂ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸ਼ਾਇਦ ਸਵਾਲ ਹੀ ਬਣੇ ਰਹਿ ਜਾਣਗੇ ਕਿਉਂਕਿ, ਕਿਸੇ ਨੇ ਪੁੱਛਣ ਦੀ ਹਮਾਕਤ ਨਹੀਂ ਕਰਨੀ, ਜਿਸ ਨੇ ਹਿੰਮਤ ਕੀਤੀ ਉਸ ਨੂੰ ਅਗਲਿਆਂ ਝੱਟ ਪਾਕਿਸਤਾਨ ਦਾ ਵੀਜ਼ਾ ਜੋ ਦੇ ਦੇਣਾ ਹੈ। ਆਲੋਚਕਾਂ ਅਨੁਸਾਰ ਜੇਕਰ ਜਨਤਾ ਖ਼ਾਮੋਸ਼ ਹੈ ਤਾਂ ਇਸ ਦਾ ਮਤਲਬ ਇਹ ਵੀ ਹਰਗਿਜ਼ ਨਹੀਂ ਸਮਝ ਲੈਣਾ ਚਾਹੀਦਾ ਕਿ, ਉਸ ਨੂੰ ਇਸ ਦਾ ਇਲਮ ਨਹੀਂ ਹੈ, ਪਰ ਉਹ ਫੇਰ ਵੀ ਖ਼ਾਮੋਸ਼ ਹੈ, ਕਿਉਂਕਿ ਖ਼ੌਫ਼ ਬੜੀ ਵੱਡੀ ਸ਼ਹਿ ਹੁੰਦੀ ਹੈ।

ਦੋਸਤੋ, ਸਵਾਲ ਹੋਰ ਵੀ ਬੜੇ ਹਨ ਪਰ, ਜਿਹੜਾ ਵੱਡਾ ਸਵਾਲ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਇਹ ਹੈ ਕਿ, ਜਦੋਂ ਕਦੇ ਵੀ ਉਕਤ ਯੂਨੀਵਰਸਿਟੀ 'ਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਸਾਡੇ ਦੇਸ਼ ਦੇ ਗ੍ਰਹਿ ਤੇ ਪ੍ਰਧਾਨ ਮੰਤਰੀ ਚੁੱਪੀ ਸਾਧ ਲੈਂਦੇ ਹਨ, ਇੱਕ ਨਾ ਟੁੱਟਣ ਵਾਲੀ ਚੁੱਪੀ। ਦੋਸਤੋ, ਚਰਚਾ ਤਾਂ ਇਸ ਗੱਲ ਦੀ ਵੀ ਪੂਰੀ ਹੈ ਕਿ, ਆਖ਼ਿਰ ਇਹੋ ਜਿਹੇ ਹਮਲੇ ਅਕਸਰ ਇਹਨਾਂ ਯੂਨੀਵਰਸਿਟੀਜ਼ 'ਚ ਹੀ ਕਿਉਂ ਹੁੰਦੇ ਹਨ, ਜਿਨ੍ਹਾਂ ਦੇ ਵਿਦਿਆਰਥੀ ਸਰਕਾਰ ਦੇ ਬਰਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ, ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਦੇ ਹਨ? ਦੋਸਤੋ ਆਲੋਚਕ ਹਮੇਸ਼ਾ ਪੰਗੇਬਾਜ਼ ਸਵਾਲ ਕਰਦੇ ਹਨ, ਅੱਜ ਫੇਰ ਕਰ ਰਹੇ ਹਨ ਕਿ, ਪੱਥਰਬਾਜ਼ੀ ਤੇ ਤੋੜਫੋੜ ਦੀਆਂ ਕਾਰਵਾਈਆਂ 'ਚ ਅਕਸਰ ਸੰਘੀ ਲੋਕਾਂ ਤੇ ਹੀ ਕਿਉਂ ਉਂਗਲਾਂ ਉੱਠਦੀਆਂ ਹਨ? ਦੋਸਤੋ ਸਮੇਂ ਦੀਆਂ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਬੜਾ ਵੱਡਾ ਪੋਲਖੋਲ ਹਥਿਆਰ ਸਾਬਤ ਹੋ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।