ਕਿਤੇ ਦਿੱਲੀ 'ਚ ਵੀ ਹਰਿਆਣੇ ਵਾਲੀ ਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਨਾਲ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2020 17:25
Reading time: 1 min, 14 secs

ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਹੈ। ਇਹ ਚੋਣਾਂ 8 ਫਰਵਰੀ ਨੂੰ ਹੋਣਗੀਆਂ ਅਤੇ ਗਿਣਤੀ 11 ਫਰਵਰੀ ਨੂੰ ਹੋਵੇਗੀ। ਚੋਣਾਂ ਦੇ ਮਾਹੌਲ ਵਿੱਚ ਸਿਆਸਤ ਅਤੇ ਸਿਆਸਤਦਾਨ ਪੂਰੇ ਜਲੌਅ ਵਿੱਚ ਹੁੰਦੇ ਹਨ। ਸਿਆਸਤਦਾਨਾਂ ਲਈ ਇਹੀ ਮੌਕਾ ਹੁੰਦਾ ਹੈ ਜਿਸ ਵਿੱਚ ਉਹ ਵੱਧ ਤੋਂ ਵੱਧ ਫਾਇਦਾ ਖੱਟਣਾ ਚਾਹੁੰਦੇ ਹਨ। ਫਾਇਦੇ ਲਈ ਉਹ ਖਾਸੇ ਸਿਆਸੀ ਦਾਅ ਪੇਚ ਵਰਤਦੇ ਹਨ ਜਿਨ੍ਹਾਂ ਵਿੱਚ ਕਈ ਵਾਰ ਉਹ ਕਾਮਯਾਬ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਦਾਅ ਪੇਚ ਉਲਟੇ ਵੀ ਪੈਅ ਜਾਂਦੇ ਹਨ।

ਅਜਿਹਾ ਹੀ ਇੱਕ ਦਾਅ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਵੇਲੇ ਵੀ ਖੇਡਿਆ ਸੀ ਜਿਸ ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਹਰਿਆਣਾ ਵਿੱਚ ਸੀਟਾਂ ਦੀ ਮੰਗ ਕੀਤੀ ਸੀ ਜਿਸ ਨੂੰ ਭਾਰਤੀ ਜਨਤਾ ਪਾਰਟੀ ਨੇ ਸਿਰੇ ਤੋਂ ਨਕਾਰ ਦਿੱਤਾ ਸੀ ਸਗੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਵਿਧਾਇਕ ਵੀ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ ਸੀ। ਹਾਲਾਂਕਿ ਭਾਜਪਾ ਨੂੰ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਇੱਕ ਨਵੀਂ ਨਕੋਰ ਪਾਰਟੀ ਦਾ ਸਹਾਰਾ ਲੈਣਾ ਪਿਆ ਸੀ।

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਗੱਲ ਕਹੀ ਹੈ ਜਿਸ ਲਈ ਬਲਵਿੰਦਰ ਸਿੰਘ ਭੂੰਦੜ ਨਰੇਸ਼ ਗੁਜਰਾਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਭਾਰਤੀ ਜਨਤਾ ਪਾਰਟੀ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਗੱਲ ਕਰੇਗੀ। ਕਈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਜਪਾ ਅਕਾਲੀ ਦਲ ਨੂੰ ਅੱਖੋਂ ਪਰੋਖੇ ਨਹੀਂ ਕਰ ਪਾਵੇਗੀ ਅਤੇ ਕਈਆਂ ਦਾ ਕਹਿਣਾ ਹੈ ਕਿ ਹਰਿਆਣਾ ਵਾਲੀ ਹੋਵੇਗੀ।