ਤੰਬਾਕੂ ਦੀ ਆਦਤ ਛੱਡਣ ਲਈ ਸਿਵਲ ਹਸਪਤਾਲ ਬਟਾਲਾ ਪਹੁੰਚ ਕੀਤੀ ਜਾਵੇ: ਡਾ. ਭੱਲਾ

Last Updated: Jan 06 2020 16:50
Reading time: 1 min, 37 secs

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਲੋਕਾਂ ਨੂੰ ਤੰਬਾਕੂ ਸੇਵਨ ਨਾ ਕਰਨ ਦੀ ਸਲਾਹ ਦਿੰਦਿਆਂ ਦੱਸਿਆ ਹੈ ਕਿ ਤੰਬਾਕੂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਜੜ੍ਹ ਹੈ ਅਤੇ ਇਸ ਆਦਤ ਤੋਂ ਹਰ ਕਿਸੇ ਨੂੰ ਬਚਣਾ ਚਾਹੀਦਾ ਹੈ। ਡਾ. ਭੱਲਾ ਨੇ ਕਿਹਾ ਕਿ ਸਰਕਾਰੀ ਤੌਰ ਤੇ ਜਨਤਕ ਥਾਵਾਂ 'ਤੇ ਤੰਬਾਕੂ ਪੀਣ ਦੀ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਵਿੱਦਿਅਕ ਸੰਸਥਾਵਾਂ ਦੇ 100ਮੀ. ਦੇ ਘੇਰੇ ਵਿੱਚ ਤੰਬਾਕੂ ਵੇਚਣਾ ਅਤੇ ਸੇਵਨ ਕਰਨਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਵੇਚਣ ਵਾਲੇ ਨੂੰ 7 ਸਾਲ ਦੀ ਕੈਦ ਅਤੇ ਇੱਕ ਲੱਖ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁਟਕਾ, ਪਾਨ ਮਸਾਲਾ, ਸੁਆਦ ਵਾਲਾ ਤੰਬਾਕੂ ਜਾਂ ਕੋਈ ਵੀ ਖਾਣ ਵਾਲਾ ਪਦਾਰਥ ਜਿਸ ਵਿੱਚ ਨਿਕੋਟੀਨ ਹੋਵੇ ਦੇ ਵੇਚਣ ਉੱਪਰ ਪੂਰਨ ਪਾਬੰਦੀ ਹੈ।

ਡਾ. ਸੰਜੀਵ ਭੱਲਾ ਨੇ ਕਿਹਾ ਤੰਬਾਕੂ ਪੀਣ ਨਾਲ ਜਿੱਥੇ ਪੈਸੇ ਦੀ ਬਰਬਾਦੀ ਹੁੰਦੀ ਹੈ ਉੱਥੇ ਇਹ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ ਅਤੇ ਇਸ ਨਾਲ ਕੈਂਸਰ ਵਰਗੀਆਂ ਭੈੜੀਆਂ ਬਿਮਾਰੀਆਂ ਲਗਦੀਆਂ ਹਨ। ਤੰਬਾਕੂ ਨਾਲ ਹੋਈ ਬਿਮਾਰੀਆਂ ਦੇ ਇਲਾਜ ਉੱਪਰ ਪੈਸਾ ਵੱਖਰਾ ਖਰਚ ਹੁੰਦਾ ਹੈ। ਡਾ. ਭੱਲਾ ਨੇ ਦੱਸਿਆ ਕਿ ਇਲਾਜ ਨਾਲ ਤੰਬਾਕੂ ਪੀਣ ਦੀ ਆਦਤ ਨੂੰ ਛੱਡਿਆ ਜਾ ਸਕਦਾ ਹੈ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਇਸਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਪੀਣ ਵਾਲੇ ਵਿਅਕਤੀਆਂ ਨੂੰ ਇਸ ਆਦਤ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਉਹ ਇਸਦੇ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚ ਕਰ ਸਕਦੇ ਹਨ।

ਡਾ. ਭੱਲਾ ਨੇ ਦੱਸਿਆ ਕਿ ਤੰਬਾਕੂ ਵਿੱਚ ਪੰਜਾਹ ਤੋਂ ਵੱਧ ਹਾਨੀਕਾਰਕ ਰਸਾਇਣ ਹੁੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਦਾ ਕੈਂਸਰ, ਬੁੱਲਾਂ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਮੁਸਾਨੇ ਦਾ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਜੋ ਜਾਂਦੀਆਂ ਹਨ। ਡਾ. ਭੱਲਾ ਨੇ ਦੱਸਿਆ ਕਿ ਤੰਬਾਕੂ ਅਤੇ ਬੀੜੀਆਂ ਨਾਲ ਜੋ ਧੂੰਆਂ ਫੈਲਦਾ ਹੈ, ਉਹ ਮਰੀਜ਼ ਨੂੰ ਬਿਮਾਰੀਆਂ ਦਿੰਦਾ ਹੈ, ਉਸਦੇ ਨੇੜੇ ਬੈਠੇ ਬੰਦੇ ਨੂੰ ਉਪਰ ਵੀ ਅਸਰ ਕਰਦਾ ਹੈ। ਜੇਕਰ ਗਰਭਵਤੀ ਔਰਤਾਂ ਇਸਦਾ ਸੇਵਨ ਕਰਦੀਆਂ ਹਨ ਤਾਂ ਬੱਚੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਜਾਨਲੇਵਾ ਹੈ ਇਸ ਤੋਂ ਬਚਣਾ ਚਾਹੀਦਾ ਹੈ।