ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕੇਂਦਰੀ ਜੇਲ ਦਾ ਅਚਨਚੇਤ ਦੌਰਾ

Last Updated: Jan 06 2020 16:33
Reading time: 3 mins, 1 sec

ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਵੱਲੋਂ ਸਮੇਤ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਤੇ ਜਾਪਿੰਦਰ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਕੇਂਦਰੀ ਜੇਲ ਕਪੂਰਥਲਾ ਦਾ ਮਹੀਨਾਵਾਰ ਨਿਰੀਖਣ ਕੀਤਾ ਗਿਆ। ਜੇਲ ਪੁਹੰਚਣ ਉਪਰੰਤ ਸਭ ਤੋਂ ਪਹਿਲਾਂ ਪੇਸ਼ੀ ਤੇ ਜਾਣ ਵਾਲੇ ਹਵਾਲਾਤੀਆਂ ਨਾਲ ਜੱਜ ਸਾਹਿਬ ਵੱਲੋਂ ਡਿਉਡੀ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਜੇਲ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਸ ਉਪਰੰਤ ਜੱਜ ਸਾਹਿਬ ਵੱਲੋਂ ਵੱਖ-ਵੱਖ ਬੈਰਕਾਂ ਦਾ ਦੌਰਾ ਕੀਤਾ ਗਿਆ ਅਤੇ ਬੈਰਕਾਂ ਵਿੱਚ ਰਹਿ ਰਹੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਮਾਨਯੋਗ ਜੱਜ ਸਾਹਿਬ ਨੇ ਜੇਲ ਪ੍ਰਸਾਸ਼ਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਤੇ ਜਲੰਧਰ ਨੂੰ ਨਿਰਦਸ਼ੇ ਦਿੱਤੇ ਕਿ ਹਰੇਕ ਲੋੜਵੰਦ ਹਵਾਲਾਤੀ ਅਤੇ ਕੈਦੀ ਨੂੰ ਮੁਫਤ ਵਕੀਲ ਦੀਆਂ ਸੇਵਾਵਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ। 

ਉਨ੍ਹਾਂ ਕਿਹਾ ਕਿ ਸਜਾ ਭੁਗਤ ਰਹੇ ਕੈਦੀ ਮੁਫਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਕੇ ਉਪਰਲੀਆਂ ਅਦਾਲਤਾਂ ਵਿੱਚ ਅਪੀਲ ਦਾਇਰ ਕਰ ਸਕਦੇ ਹਨ। ਮਾਨਯੋਗ ਸੈਸ਼ਨ ਜੱਜ ਸਾਹਿਬ ਨੇ ਕਿਹਾ ਕਿ ਜਿਲ੍ਹਾ ਅਦਾਲਤਾਂ ਵਿੱਚ ਚੱਲ ਰਹੇ ਕਸੱਟਡੀ ਦੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਰੇ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਜੱਜ ਸਾਹਿਬ ਵੱਲੋਂ ਐਨ.ਡੀ.ਪੀ.ਐਸ.ਐਕਟ ਦੇ ਕੇਸਾਂ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਨਸ਼ੇ ਸੇਵਨ ਕਰਨ ਦੇ ਸਾਡੀ ਸਿਹਤ ਉਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ। ਉਸ ਉਪਰੰਤ ਮਾਨਯੋਗ ਜੱਜ ਸਾਹਿਬ ਵੱਲੋਂ ਸੈਂਟਰਲ ਜੇਲ ਵਿੱਚ ਬੰਦ ਸਮੂਹ ਐਚ.ਆਈ.ਵੀ. ਅਤੇ ਹੋਰ ਬਿਮਾਰੀਆਂ ਨਾਲ ਪੀੜਿਤ ਹਵਾਲਾਤੀਆਂ ਅਤੇ ਕੈਦੀਆਂ ਦਾ ਸੰਭਵ ਇਲਾਜ ਕਰਵਾਉਣ ਲਈ ਜੇਲ ਪ੍ਰਸਾਸ਼ਨ ਅਤੇ ਜੇਲ ਵਿੱਚ ਤੈਨਾਤ ਡਾਕਟਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਸ ਉਪਰੰਤ ਮਾਨਯੋਗ ਜੱਜ ਸਾਹਿਬ ਵੱਲੋਂ ਵੂਮੈਨ ਬੈਰਕ ਦਾ ਦੌਰਾ ਕੀਤਾ ਗਿਆ। ਵੂਮੈਨ ਬੈਰਕ ਵਿੱਚ ਬੰਦ ਔਰਤ ਹਵਾਲਾਤਣਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਮਾਨਯੋਗ ਜੱਜ ਸਾਹਬ ਵੱਲੋਂ ਜੇਲ ਪ੍ਰਸਾਸ਼ਨ ਨੂੰ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਿਯਮਾਂ ਅਨੁਸਾਰ ਮੁਲਾਕਾਤ ਵੀ ਕਰਵਾਉਣ ਅਤੇ ਹਵਾਲਾਤੀਆਂ ਨੂੰ ਸਮੇਂ ਸਿਰ ਅਦਾਲਤ ਵਿੱਚ ਪੇਸ਼ ਕਰਵਾਉਣ ਸੰਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।

ਜਿਲ੍ਹਾ ਅਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਅਨੁਸਾਰ ਜੇਲ ਪ੍ਰਸਾਸ਼ਨ ਵੱਲੋਂ ਵੂਮੈਨ ਬੈਰਕ ਵਿੱਚ ਰੱਖੇ ਗਏ ਸੈਮੀਨਾਰ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜੀ ਦਿੱਨ ਪ੍ਰਤੀ ਦਿੱਨ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਕੁੱਝ ਨਸ਼ੇ ਦੇ ਵਪਾਰੀ ਨੌਜਵਾਨ ਵਰਗ ਨੂੰ ਰਾਤੋਂ-ਰਾਤ ਅਮੀਰ ਹੋਣ ਦੇ ਸਪਨੇ ਦਿਖਾ ਕੇ ਨਸ਼ੇ ਦੇ ਵਪਾਰ ਵਿੱਚ ਫਸਾ ਕੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਲਗਾਕੇ ਨਸ਼ੇ ਦਾ ਸ਼ਿਕਾਰ ਬਣਾਉਂਦੇ ਹਨ। ਕੁੱਝ ਔਰਤਾਂ ਵੀ ਇਸ ਨਸ਼ੇ ਦੀਆਂ ਸ਼ਿਕਾਰ ਹੋਣ ਕਾਰਨ ਇਸ ਧੰਦੇ ਵਿੱਚ ਪਈਆਂ ਹੋਈਆਂ ਹਨ। ਅਜਿਹੀਆਂ ਨਸ਼ੇ ਦੀਆਂ ਸ਼ਿਕਾਰ ਔਰਤਾਂ ਨੂੰ ਏਡਸ ਅਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਪੂਨਰਵਾਸ ਲਈ ਸਾਡੇ ਸਮਾਜ ਨੂੰ ਪਹਿਲ ਕਰਨ ਦੀ ਲੋੜ ਹੈ। ਡਾ.ਸੰਦੀਪ ਭੋਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਮੁਕਤੀ ਦੀ ਮੁਹਿੰਮ ਵਿੱਚ ਵੱਧ ਚੜ ਕੇ ਭਾਗ ਲਿਆ ਜਾ ਰਿਹਾ ਹੈ ਅਤੇ ਡਾਕਟਰ ਸੰਦੀਪ ਭੋਲਾ ਵੱਲੋਂ ਨਸ਼ੇ ਵਿੱਚ ਗ੍ਰਸਤ ਹੋਣ ਦੇ ਕਾਰਨਾ ਅਤੇ ਇਲਾਜ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਜੱਜ ਸਾਹਿਬਾਨ ਵੱਲੋਂ ਜੇਲ ਵਿੱਚ ਸਥਿਤ ਫੈਕਟਰੀ ਦਾ ਦੋਰਾ ਕੀਤਾ ਗਿਆ। ਦੌਰੇ ਦੌਰਾਨ ਫੈਕਟਰੀ ਵਿੱਚ ਚਲ ਰਹੇ ਬਿਜਲੀ ਦੇ ਬਲਬ ਤਿਆਰ ਕਰਨ, ਲੋਹੇ ਦੇ ਝੂਲੇ ਬਣਾਉਣ ਅਤੇ ਖਾਦੀ ਦੇ ਕਪੜੇ ਤਿਆਰ ਕਰਨ ਆਦਿ ਦਾ ਨਿਰੀਖਣ ਵੀ ਕੀਤਾ ਗਿਆ। ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਚੈਕਿੰਗ ਕੀਤੀ ਗਈ ਅਤੇ ਜੇਲ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਗਈ ਕਿ ਖਾਣਾ ਪਕਾਉਣ ਵਾਲੀ ਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਖਾਣਾ ਢੱਕ ਕੇ ਰੱਖਿਆ ਜਾਵੇ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਬਾਅਦ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਨੇ ਜੇਲ ਪਰਿਸਰ ਵਿੱਚ ਸਫਾਈ ਦਾ ਖਾਸ ਧਿਆਨ ਰੱਖਣ ਦੇ ਨਿਰਦੇਸ਼ ਸੁਪਰਡੈਂਟ ਸੈਂਟਰਲ ਜੇਲ ਨੂੰ ਜਾਰੀ ਕੀਤੇ ਗਏ ਅਤੇ ਕਿਹਾ ਕਿ ਮੱਖੀ-ਮੱਛਰ ਤੋਂ ਬਚਾਓ ਕਰਨ ਲਈ ਫੌਗਿੰਗ ਕਰਵਾਈ ਜਾਵੇ। ਇਸ ਮੌਕੇ ਸੁਰਿੰਦਰਪਾਲ ਖੰਨਾ ਸੁਪਰਡੈਂਟ ਕੇਂਦਰੀ ਜੇਲ, ਸੁਸ਼ੀਲ ਕੁਮਾਰ ਵਾਰੰਟ ਅਫਸਰ, ਸ਼ਾਮ ਸੁੰਦਰ ਸੁਪਰਡੈਂਟ ਸੈਸ਼ਨ ਕੋਰਟ ਤੋਂ ਇਲਾਵਾ ਜਿਲ੍ਹਾ ਅਥਾਰਟੀ ਦਾ ਸਟਾਫ, ਪੈਰਾ ਲੀਗਲ ਵਲੰਟੀਅਰਸ ਅਤੇ ਜੇਲ ਕਰਮਚਾਰੀ ਵੀ ਹਾਜਰ ਸਨ।