ਆਸ ਬਕਸਿਆਂ ਨੂੰ ਹਾਲੇ ਵੀ ਸ਼ਿਕਾਇਤਾਂ ਮਿਲਣ ਦੀ ਆਸ, ਪਹਿਲੇ ਮਹੀਨੇ 'ਚ ਸਿਰਫ 1 ਸ਼ਿਕਾਇਤ ਆਈ

Last Updated: Jan 06 2020 16:27
Reading time: 0 mins, 54 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਔਰਤਾਂ ਖਿਲਾਫ ਹੁੰਦੇ ਸ਼ੋਸ਼ਣ ਅਤੇ ਅਪਰਾਧਾਂ ਨੂੰ ਰੋਕਣ ਲਈ ਕੇਸਰੀ ਰੰਗ ਦੇ "ਆਸ" ਬਕਸੇ ਲਗਾਏ ਗਏ ਸਨ ਪਰ ਇਹਨਾਂ ਨੂੰ ਹਾਲੇ ਵੀ ਚੰਗੇ ਹੁੰਗਾਰੇ ਦੀ ਆਸ ਹੈ। ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਦੀ ਆਖਰੀ ਹਫਤੇ ਵਿੱਚ ਲੱਗੇ ਇਸ ਬਕਸੇ ਵਿੱਚ ਹਾਲੇ ਤੱਕ ਸਿਰਫ ਸ਼ਿਕਾਇਤ ਆਈ ਹੈ ਜੋ ਕਿ ਦਹੇਜ ਦੇ ਮਾਮਲੇ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜੱਦੋ ਇਸ ਬਕਸੇ ਨੂੰ ਜ਼ਿਲ੍ਹਾ ਪ੍ਰਬੰਧੀ ਕੰਪਲੈਕਸ ਵਿੱਚ ਲਗਾਇਆ ਗਿਆ ਸੀ ਤਾਂ ਕਿਹਾ ਗਿਆ ਸੀ ਕਿ ਇਹਨਾਂ ਬਕਸਿਆਂ ਨੂੰ ਹਰ 24 ਘੰਟੇ ਵਿੱਚ ਇੱਕ ਵਾਰ ਖੋਲ ਕੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ 24 ਘੰਟੇ ਵਿੱਚ ਹੀ ਕੀਤਾ ਜਾਇਆ ਕਰੇਗਾ। ਇਸਦੇ ਨਾਲ ਹੀ ਐਲਾਨ ਹੋਇਆ ਸੀ ਕਿ ਜ਼ਿਲ੍ਹੇ ਭਰ ਦੇ ਵਿੱਚ ਅਜਿਹੇ ਕੁੱਲ 10 ਬਕਸੇ ਕੁਝ ਦਿਨ ਅੰਦਰ ਲਗਾਏ ਜਾਣਗੇ ਪਰ ਹਾਲੇ ਤੱਕ ਇਹ ਬਾਕਸ 1 ਤੋਂ ਅੱਗੇ ਨਹੀਂ ਜਾ ਸਕਿਆ ਅਤੇ ਇਹਨਾਂ ਦੇ ਵਿੱਚ ਸ਼ਿਕਾਇਤਾਂ ਵੀ ਨਹੀਂ ਪੁੱਜ ਰਹੀਆਂ। ਇਸ ਮਾਮਲੇ ਵਿੱਚ ਵਿਭਾਗ ਵੱਲੋਂ ਹੁਣ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਇਹਨਾਂ ਬਕਸਿਆਂ ਬਾਰੇ ਦੱਸ ਇਹਨਾਂ ਦੀ ਜਾਣਕਾਰੀ ਆਮ ਲੋਕ ਤੱਕ ਪੁੱਜਦੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਗੱਲ ਹੋ ਰਹੀ ਹੈ।