ਨਾਕਾ ਵੇਖ ਕੇ ਭੱਜੇ ਸ਼ਰਾਬ ਤਸਕਰ ਨੂੰ ਫੜਨ ਗਈ ਪੁਲਿਸ ਪਾਰਟੀ ਦਾ ਘਿਰਾਓ, ਸਿਪਾਹੀ ਜ਼ਖਮੀ

Last Updated: Jan 06 2020 16:29
Reading time: 1 min, 41 secs

ਪਿੰਡ ਨਵਾਂ ਪਿੰਡ ਭੱਠੇ ਦੇ ਮੁੱਖ ਰੋਡ ਤੇ ਨਾਕਾ ਵੇਖ ਕੇ ਇੱਕ ਸਕੂਟਰੀ ਸਵਾਰ ਵਿਅਕਤੀ ਪਿੰਡ ਵੱਲ ਨੂੰ ਭੱਜ ਗਿਆ। ਜਿਸ ਨੂੰ ਫੜਨ ਲਈ ਪਿੱਛੇ ਗਈ ਪੁਲਿਸ ਟੀਮ ਨੂੰ 20-25 ਲੋਕਾਂ ਨੇ ਘੇਰ ਲਿਆ। ਭੱਜੇ ਤਸਕਰ ਨੇ ਪੁਲਿਸ ਦੇ ਸਾਹਮਣੇ ਸ਼ਰੇਆਮ ਪਲਾਸਟਿਕ ਦੀ ਕੈਂਨੀ ਵਿੱਚ ਭਰੀ ਸ਼ਰਾਬ ਜ਼ਮੀਨ ਤੇ ਡੋਲ ਦਿੱਤੀ। ਜਦੋਂ ਪੁਲਿਸ ਨੇ ਰੋਕਿਆ ਤਾਂ ਲੋਕਾਂ ਨੇ ਪੁਲਿਸ ਟੀਮ ਨੂੰ ਘੇਰ ਕੇ ਗਾਲ੍ਹਾਂ ਕੱਢੀਆਂ। ਥਾਣਾ ਕੋਤਵਾਲੀ ਦੀ ਪੁਲਿਸ ਨੇ 12 ਲੋਕਾਂ ਦੇ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਕੇਸ ਦਰਜ ਕਰਕੇ 13 ਅਣਪਛਾਤੇ ਲੋਕਾਂ ਨੂੰ ਆਰੋਪੀ ਬਣਾਇਆ ਹੈ। ਸਿਪਾਹੀ ਕੁਲਦੀਪ ਸਿੰਘ ਨੇ ਦੱਸਿਆ ਕਿ 3 ਜਨਵਰੀ ਨੂੰ ਉਨ੍ਹਾਂ ਨੇ ਪੁਲਿਸ ਟੀਮ ਦੇ ਨਾਲ ਪਿੰਡ ਨਵਾਂ ਪਿੰਡ ਭੱਠੇ ਦੇ ਮੁੱਖ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਇੱਕ ਸਫ਼ੇਦ ਰੰਗ ਦੀ ਸਕੂਟਰੀ ਤੇ ਵਿਅਕਤੀ ਆਉਂਦਾ ਵਿਖਾਈ ਦਿੱਤਾ। ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਸਕੂਟਰੀ ਪਿੰਡ ਨਵਾਂ ਪਿੰਡ ਭੱਠੇ ਵੱਲ ਨੂੰ ਭਜਾ ਕੇ ਇੱਕ ਘਰ ਵਿੱਚ ਵੜ ਗਿਆ। ਜਦੋਂ ਪੁਲਿਸ ਪਾਰਟੀ ਉਸ ਨੂੰ ਫੜਨ ਲਈ ਗਈ ਤਾਂ ਉਨ੍ਹਾਂ ਨੂੰ ਕਰੀਬ 20-25 ਲੋਕਾਂ ਨੇ ਘੇਰ ਲਿਆ।

ਪੁਲਿਸ ਦੇ ਸਾਹਮਣੇ ਹੀ ਸਕੂਟਰੀ ਚਾਲਕ ਤਸਕਰ ਅਜੀਤ ਸਿੰਘ ਨਿਵਾਸੀ ਪਿੰਡ ਨਵਾਂ ਪਿੰਡ ਭੱਠੇ ਨੇ ਪਲਾਸਟਿਕ ਦੀ ਕੈਂਨੀ ਵਿੱਚ ਭਰੀ ਹੋਈ ਗ਼ੈਰਕਾਨੂੰਨੀ ਸ਼ਰਾਬ ਜ਼ਮੀਨ ਤੇ ਡੋਲ ਦਿੱਤੀ। ਜਦੋਂ ਪੁਲਿਸ ਟੀਮ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਲੋਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਕੇ ਜੰਮ ਕੇ ਗਾਲ੍ਹਾਂ ਕੱਢਦੇ ਹੋਏ ਸਰਕਾਰੀ ਕੰਮ ਵਿੱਚ ਵਿਘਨ ਪਾਇਆ। ਸਿਪਾਹੀ ਕੁਲਦੀਪ ਸਿੰਘ ਦੇ ਅਨੁਸਾਰ ਲੋਕਾਂ ਨੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ। ਇਸਦੇ ਬਾਅਦ ਕਿਸੇ ਤਰ੍ਹਾਂ ਟੀਮ ਜਾਨ ਬਚਾ ਕੇ ਨਿਕਲੀ ਅਤੇ ਵੱਡੇ ਅਫ਼ਸਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਸਿਪਾਹੀ ਕੁਲਦੀਪ ਸਿੰਘ ਦੇ ਬਿਆਨ ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ ਉਰਫ਼ ਬੋਲਾ, ਸੁਖਜਿੰਦਰ ਸਿੰਘ ਉਰਫ਼ ਸਾਬੀ, ਜਸਵਿੰਦਰ ਕੌਰ ਉਰਫ਼ ਰੱਜੀ, ਸਤਨਾਮ ਕੌਰ, ਸਾਬੀ, ਰਾਜਾ, ਬਲਵਿੰਦਰ ਕੌਰ, ਕਾਲੋ ਦੇ ਖ਼ਿਲਾਫ਼ ਕੇਸ ਦਰਜ ਕਰਨ ਦੇ ਨਾਲ ਕਈ ਅਣਪਛਾਤੇ ਲੋਕਾਂ ਨੂੰ ਵੀ ਆਰੋਪੀ ਬਣਾਇਆ ਹੈ। ਇਸ ਮਾਮਲੇ ਵਿੱਚ ਜ਼ਖਮੀ ਸਿਪਾਹੀ ਕੁਲਦੀਪ ਸਿੰਘ ਜੇਰੇ ਇਲਾਜ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਆਰੋਪੀ ਅਮਰਜੀਤ ਸਿੰਘ ਬੋਲਾ ਅਤੇ ਸੁਖਜਿੰਦਰ ਸਿੰਘ ਉਰਫ਼ ਸਾਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।