ਪਰਾਲੀ ਸਾੜਨ ਤੇ 1700 ਤੋਂ ਵੱਧ ਕੇਸ ਦਰਜ, 6 ਕਰੋੜ ਤੋਂ ਵੱਧ ਜੁਰਮਾਨਾ ਪਰ ਵਸੂਲ ਹੋਇਆ ਸਿਰਫ 1 ਲੱਖ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2020 16:27
Reading time: 1 min, 0 secs

ਪੰਜਾਬ ਦੇ ਵਿੱਚ ਝੋਨੇ ਦੇ 2019 ਦੇ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕਰੀਬ 1700 ਤੋਂ ਵੱਧ ਪੁਲਿਸ ਮਾਮਲੇ ਦਰਜ ਹੋਏ ਅਤੇ 6 ਕਰੋੜ ਤੋਂ ਵੱਧ ਜੁਰਮਾਨਾ ਕੀਤਾ ਗਿਆ ਪਰ ਇਸ ਵਿੱਚੋਂ ਸਿਰਫ 1 ਲੱਖ ਦੀ ਵਸੂਲੀ ਹੋਈ ਹੈ। ਜਾਣਕਾਰੀ ਅਨੁਸਾਰ ਪਰਾਲੀ ਸਾੜਨ ਦੇ ਸਾਹਮਣੇ ਆਏ ਕਰੀਬ 52 ਹਜ਼ਾਰ ਮਾਮਲਿਆਂ ਵਿੱਚ ਸੁਪਰੀਮ ਕੋਰਟ ਦੀ ਸਖਤੀ ਦੇ ਬਾਅਦ ਪੰਜਾਬ ਦੇ ਵਿੱਚ ਕਰੀਬ 23 ਹਜ਼ਾਰ ਕਿਸਾਨਾਂ ਨੂੰ ਜੁਰਮਾਨੇ ਲਗਾਏ ਗਏ ਅਤੇ ਇਸਦੇ ਵਿੱਚੋਂ 1737 ਮਾਮਲਿਆਂ ਵਿੱਚ ਐੱਫ.ਆਈ.ਆਰ. ਵੀ ਦਰਜ ਕੀਤੀਆਂ ਗਈਆਂ। ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਜੁਰਮਾਨੇ ਦੀ ਰਕਮ 6 ਕਰੋੜ 10 ਲੱਖ ਹੈ ਅਤੇ ਇਸਦੇ ਵਿੱਚੋਂ ਹੁਣ ਤੱਕ ਜੁਰਮਾਨੇ ਦੇ ਰੂਪ ਵਿੱਚ ਮਹਿਜ਼ 1 ਲੱਖ ਦੀ ਵਸੂਲੀ ਹੋਈ ਦੱਸੀ ਜਾਂਦੀ ਹੈ। 

ਜਾਣਕਾਰੀ ਅਨੁਸਾਰ ਕਿਸਾਨਾਂ ਦੇ ਧਰਨਿਆਂ ਅਤੇ ਵਿਰੋਧ ਦੇ ਬਾਅਦ ਜ਼ਿਆਦਾਤਰ ਵਿਭਾਗ ਸਿਰਫ ਮਾਮਲੇ ਦਰਜ ਕਰਨ ਤੱਕ ਸੀਮਤ ਰਹਿ ਗਏ ਹਨ ਅਤੇ ਇਹਨਾਂ ਵੱਲੋਂ ਜੁਰਮਾਨੇ ਵਸੂਲਣ ਦੇ ਲਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਹਵਾ ਪ੍ਰਦੂਸ਼ਣ ਵਧਣ ਨਾਲ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਝਾੜ ਝੰਬ ਕੀਤੀ ਸੀ। ਇਸਦੇ ਬਾਅਦ ਕਿਸਾਨਾਂ ਤੇ ਦਰਜ ਹੋਏ ਮਾਮਲਿਆਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਜੈਤੋ (ਫਰੀਦਕੋਟ) ਵਿੱਚ ਕਈ ਦਿਨ ਸੂਬਾ ਪੱਧਰੀ ਧਰਨਾ ਵੀ ਲਗਾਇਆ ਸੀ ਜਿਸ ਵਿੱਚ ਕਿ ਇੱਕ ਕਿਸਾਨ ਨੇ ਖ਼ੁਦਕੁਸ਼ੀ ਵੀ ਕਰ ਲਈ ਸੀ।